ਜਕਾਰਤਾ, 14 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਇੰਡੋਨੇਸ਼ੀਆ ਦੇ ਜਾਵਾ ਸਾਗਰ ਵਿੱਚ ਤੂਫ਼ਾਨ ਦੌਰਾਨ ਇੱਕ ਯਾਤਰੀ ਫੈਰੀ ਦੇ ਪਲਟਣ ਤੋਂ ਬਾਅਦ ਵੱਡਾ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦਕਿ 129 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਲੋਕਾਂ ਦੀ ਭਾਲ ਲਈ ਸੋਮਵਾਰ ਨੂੰ ਰਾਹਤ ਅਤੇ ਬਚਾਅ ਮੁਹਿੰਮ ਹੋਰ ਵਿਆਪਕ ਕਰ ਦਿੱਤੀ ਗਈ। ਹਾਦਸੇ ਦਾ ਸ਼ਿਕਾਰ ਹੋਈ ਵਿਰਗੋ ਟਰਾਂਸਪੋਰਟ 8 ਫੈਰੀ ਵਿੱਚ 243 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 213 ਯਾਤਰੀ ਅਤੇ 30 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਜਹਾਜ਼ ਵਿੱਚ 89 ਵਾਹਨ ਵੀ ਲਿਜਾਏ ਜਾ ਰਹੇ ਸਨ। ਹਾਲਾਂਕਿ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇੰਡੋਨੇਸ਼ੀਆ ਵਿੱਚ ਕਈ ਵਾਰ ਜਹਾਜ਼ਾਂ ਦੇ ਅਸਲ ਯਾਤਰੀਆਂ ਦੀ ਗਿਣਤੀ ਸਰਕਾਰੀ ਰਿਕਾਰਡ ਨਾਲ ਵੱਖਰੀ ਹੋ ਸਕਦੀ ਹੈ। ਇਹ ਫੈਰੀ ਪੂਰਬੀ ਜਾਵਾ ਦੇ ਸੁਰਾਬਾਇਆ ਤੋਂ ਦੱਖਣੀ ਕਾਲੀਮੰਤਾਨ ਦੇ ਬਾਂਜਰਮਾਸਿਨ ਵੱਲ ਜਾ ਰਹੀ ਸੀ। ਯਾਤਰਾ ਦੌਰਾਨ ਸਮੁੰਦਰ ਵਿੱਚ ਤੇਜ਼ ਤੂਫ਼ਾਨ ਆ ਗਿਆ ਅਤੇ ਲਗਭਗ ਤਿੰਨ ਮੀਟਰ ਉੱਚੀਆਂ ਲਹਿਰਾਂ ਕਾਰਨ ਜਹਾਜ਼ ਖਤਰਨਾਕ ਢੰਗ ਨਾਲ ਇੱਕ ਪਾਸੇ ਝੁਕਣ ਲੱਗਾ। ਕਪਤਾਨ ਵੱਲੋਂ ਮੁਸ਼ਕਲ ਦੀ ਸੂਚਨਾ ਦੇਣ ਤੋਂ ਬਾਅਦ ਜਹਾਜ਼ ਨਾਲ ਸੰਪਰਕ ਟੁੱਟ ਗਿਆ। ਅਧਿਕਾਰੀਆਂ ਮੁਤਾਬਕ ਐਤਵਾਰ ਸਵੇਰੇ ਕਰੀਬ 2 ਵਜੇ ਫੈਰੀ ਵੱਲੋਂ ਸੰਚਾਰ ਬੰਦ ਹੋ ਗਿਆ ਸੀ। ਇਸ ਤੋਂ ਲਗਭਗ ਦੋ ਘੰਟਿਆਂ ਬਾਅਦ ਪਤਾ ਲੱਗਾ ਕਿ ਇਹ ਜਾਵਾ ਸਾਗਰ ਦੇ ਮਸਾਲੇਮਬੋ ਖੇਤਰ ਵਿੱਚ ਪਲਟ ਚੁੱਕੀ ਹੈ। ਇਹ ਸਥਾਨ ਬਾਂਜਰਮਾਸਿਨ ਤੋਂ ਲਗਭਗ 148 ਕਿਲੋਮੀਟਰ ਦੂਰ ਹੈ।
ਹਾਦਸੇ ਤੋਂ ਬਾਅਦ ਬਚਾਅ ਕਰਮਚਾਰੀਆਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ 108 ਲੋਕਾਂ ਨੂੰ ਜ਼ਿੰਦਾ ਪਾਣੀ ਵਿੱਚੋਂ ਬਾਹਰ ਕੱਢ ਲਿਆ, ਜਦਕਿ 6 ਮ੍ਰਿਤਕ ਦੇਹਾਂ ਵੀ ਬਰਾਮਦ ਕੀਤੀਆਂ ਗਈਆਂ। ਸੋਮਵਾਰ ਤੱਕ ਲਾਪਤਾ ਲੋਕਾਂ ਦੀ ਭਾਲ ਲਈ 17 ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਸਮੇਤ ਲਗਭਗ 622 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਡੋਨੇਸ਼ੀਆ ਦੀ ਨੈਸ਼ਨਲ ਸਰਚ ਐਂਡ ਰੈਸਕਿਊ ਏਜੰਸੀ ਦੇ ਮੁਖੀ ਮੁਹੰਮਦ ਸਿਆਫੀ ਨੇ ਦੱਸਿਆ ਕਿ ਜਲ ਸੈਨਾ ਦੇ ਅੰਡਰਵਾਟਰ ਡਰੋਨ ਅਤੇ ਵਿਸ਼ੇਸ਼ ਤਰ੍ਹਾਂ ਦੀਆਂ ਡਾਈਵਿੰਗ ਟੀਮਾਂ ਵੀ ਮੁਹਿੰਮ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੂੰ ਅਜੇ ਵੀ ਉਮੀਦ ਹੈ ਕਿ ਸਮੁੰਦਰ ਵਿੱਚ ਫਸੇ ਕੁਝ ਹੋਰ ਲੋਕਾਂ ਨੂੰ ਜ਼ਿੰਦਾ ਲੱਭਿਆ ਜਾ ਸਕਦਾ ਹੈ। ਇਸ ਹਾਦਸੇ ਤੋਂ ਬਾਅਦ ਲਾਪਤਾ ਲੋਕਾਂ ਦੇ ਪਰਿਵਾਰਕ ਮੈਂਬਰ ਬੇਚੈਨੀ ਨਾਲ ਆਪਣੇ ਰਿਸ਼ਤੇਦਾਰਾਂ ਦੀ ਖ਼ਬਰ ਦੀ ਉਡੀਕ ਕਰ ਰਹੇ ਹਨ। ਬਾਂਜਰਮਾਸਿਨ ਦੇ ਤ੍ਰਿਸਕਤੀ ਬੰਦਰਗਾਹ ਅਤੇ ਸੁਰਾਬਾਇਆ ਵਿੱਚ ਬਣਾਏ ਗਏ ਕਮਾਂਡ ਪੋਸਟਾਂ ’ਤੇ ਪਰਿਵਾਰਕ ਮੈਂਬਰ ਇਕੱਠੇ ਹੋਏ ਹਨ। ਜਾਣਕਾਰੀ ਮੁਤਾਬਕ ਵਿਰਗੋ ਟਰਾਂਸਪੋਰਟ 8 ਦਾ ਨਿਰਮਾਣ ਜਪਾਨ ਵਿੱਚ 1987 ਵਿੱਚ ਹੋਇਆ ਸੀ। ਲਗਭਗ 119 ਮੀਟਰ ਲੰਬਾ ਇਹ ਜਹਾਜ਼ ਪਿਛਲੇ ਸਾਲ ਇੰਡੋਨੇਸ਼ੀਆ ਨੂੰ ਵੇਚੇ ਜਾਣ ਤੋਂ ਪਹਿਲਾਂ ਜਪਾਨ ਵਿੱਚ ਚਲਾਇਆ ਜਾਂਦਾ ਸੀ। ਇੰਡੋਨੇਸ਼ੀਆ 17 ਹਜ਼ਾਰ ਤੋਂ ਵੱਧ ਟਾਪੂਆਂ ਵਾਲਾ ਦੇਸ਼ ਹੈ ਅਤੇ ਇੱਥੇ ਲੋਕਾਂ ਅਤੇ ਸਾਮਾਨ ਦੀ ਆਵਾਜਾਈ ਲਈ ਫੈਰੀ ਸੇਵਾ ’ਤੇ ਵੱਡੀ ਨਿਰਭਰਤਾ ਹੈ। ਹਾਲਾਂਕਿ ਦੇਸ਼ ਵਿੱਚ ਸਮੁੰਦਰੀ ਹਾਦਸੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਸੁਰੱਖਿਆ ਨਿਯਮਾਂ ਦੀ ਕਮਜ਼ੋਰ ਪਾਲਣਾ ਅਤੇ ਨਿਗਰਾਨੀ ਨੂੰ ਅਜਿਹੇ ਹਾਦਸਿਆਂ ਦੇ ਮੁੱਖ ਕਾਰਨਾਂ ਵਿੱਚ ਗਿਣਿਆ ਜਾਂਦਾ ਹੈ।
