ਕਾਠਮੰਡੂ, 14 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਨੇਪਾਲੀ ਸਿਨੇਮਾ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਨਿਰਦੇਸ਼ਕ ਅਬਿਨਾਸ਼ ਬਿਕਰਮ ਸ਼ਾਹ ਦੀ ਫ਼ਿਲਮ ‘Elephants in the Fog’ (Tiniharu) ਨੂੰ 99ਵੇਂ ਅਕੈਡਮੀ ਐਵਾਰਡਜ਼ ਲਈ ਨੇਪਾਲ ਦੀ ਅਧਿਕਾਰਤ ਐਂਟਰੀ ਵਜੋਂ ਚੁਣਿਆ ਗਿਆ ਹੈ। ਇਹ ਫ਼ਿਲਮ 2027 ਵਿੱਚ ਹੋਣ ਵਾਲੇ ਆਸਕਰ ਸਮਾਰੋਹ ਵਿੱਚ Best International Feature Film ਸ਼੍ਰੇਣੀ ਲਈ ਨੇਪਾਲ ਦੀ ਨੁਮਾਇੰਦਗੀ ਕਰੇਗੀ। ਨੇਪਾਲ ਦੀ ਇੰਟਰਨੈਸ਼ਨਲ ਫੀਚਰ ਫ਼ਿਲਮ ਸਿਲੈਕਸ਼ਨ ਕਮੇਟੀ ਨੇ ਇਸ ਚੋਣ ਲਈ ਦੋ ਫ਼ਿਲਮਾਂ ’ਤੇ ਵਿਚਾਰ ਕੀਤਾ ਸੀ, ਜਿਨ੍ਹਾਂ ਵਿੱਚ ‘Gauthali’ ਵੀ ਸ਼ਾਮਲ ਸੀ। ਕਮੇਟੀ ਨੇ ਦੋਵਾਂ ਫ਼ਿਲਮਾਂ ਦਾ ਤਕਨੀਕੀ ਪੱਧਰ, ਕਹਾਣੀ ਦੀ ਪੇਸ਼ਕਾਰੀ, ਕਿਰਦਾਰਾਂ ਦੀ ਭਾਵਨਾਤਮਕ ਗਹਿਰਾਈ, ਕਲਾਤਮਕ ਰਚਨਾ ਅਤੇ ਸਮੁੱਚੀ ਗੁਣਵੱਤਾ ਦੇ ਆਧਾਰ ’ਤੇ ਮੁਲਾਂਕਣ ਕੀਤਾ। ਇਸ ਪ੍ਰਕਿਰਿਆ ਤੋਂ ਬਾਅਦ ‘Elephants in the Fog’ ਨੂੰ ਚੁਣਿਆ ਗਿਆ। ਅਬਿਨਾਸ਼ ਬਿਕਰਮ ਸ਼ਾਹ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਨੇ ਪਹਿਲਾਂ ਹੀ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਮਜ਼ਬੂਤ ਪਛਾਣ ਬਣਾਈ ਹੋਈ ਹੈ। ਇਹ Cannes Film Festival ਦੇ Un Certain Regard ਸੈਕਸ਼ਨ ਵਿੱਚ ਚੁਣੀ ਜਾਣ ਵਾਲੀ ਪਹਿਲੀ ਨੇਪਾਲੀ ਫੀਚਰ ਫ਼ਿਲਮ ਬਣੀ ਸੀ। ਕਾਨ ਫ਼ਿਲਮ ਫੈਸਟੀਵਲ ਵਿੱਚ ਇਸ ਨੂੰ Un Certain Regard Jury Prize ਨਾਲ ਵੀ ਸਨਮਾਨਿਤ ਕੀਤਾ ਗਿਆ।
ਇਸ ਵੇਲੇ ਫ਼ਿਲਮ ਨੇਪਾਲ ਦੇ ਸਿਨੇਮਾਘਰਾਂ ਵਿੱਚ ਦੂਜੇ ਹਫ਼ਤੇ ਦੀ ਪ੍ਰਦਰਸ਼ਨੀ ਵਿੱਚ ਹੈ। ਕਾਨ ਵਿੱਚ ਮਿਲੀ ਕਾਮਯਾਬੀ ਤੋਂ ਬਾਅਦ ਆਸਕਰ ਲਈ ਇਸ ਦੀ ਚੋਣ ਨੇ ਫ਼ਿਲਮ ਦੀ ਅੰਤਰਰਾਸ਼ਟਰੀ ਪਛਾਣ ਨੂੰ ਹੋਰ ਮਜ਼ਬੂਤ ਕੀਤਾ ਹੈ। ਆਸਕਰ ਐਂਟਰੀ ਬਣਨ ’ਤੇ ਨਿਰਦੇਸ਼ਕ ਅਬਿਨਾਸ਼ ਸ਼ਾਹ ਨੇ ਇਸ ਨੂੰ ਆਪਣੇ ਲਈ “ਸ਼ਾਂਤ ਅਤੇ ਨਿਮਰਤਾ ਭਰਿਆ ਸਨਮਾਨ” ਦੱਸਿਆ। ਉਨ੍ਹਾਂ ਕਿਹਾ ਕਿ ਫ਼ਿਲਮ ਦੀ ਕਹਾਣੀ ਉਨ੍ਹਾਂ ਦੀ ਨਿੱਜੀ ਮਲਕੀਅਤ ਨਹੀਂ, ਸਗੋਂ ਉਨ੍ਹਾਂ ਲੋਕਾਂ ਦੀ ਹੈ ਜੋ ਸਮਾਜ ਵਿੱਚ ਅਕਸਰ ਅਣਦੇਖੇ ਅਤੇ ਅਣਸੁਣੇ ਰਹਿ ਜਾਂਦੇ ਹਨ। ਉਨ੍ਹਾਂ ਮੁਤਾਬਕ ਫ਼ਿਲਮ ਰਾਹੀਂ ਇਨ੍ਹਾਂ ਲੋਕਾਂ ਦੀ ਮੌਜੂਦਗੀ ਹੁਣ ਰੌਸ਼ਨੀ ਵਿੱਚ ਆ ਰਹੀ ਹੈ ਅਤੇ ਇਹੀ ਸਭ ਤੋਂ ਵੱਡੀ ਜਿੱਤ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਵੀ ਫ਼ਿਲਮ ਦੀ ਟੀਮ ਨੂੰ ਆਸਕਰ ਲਈ ਚੁਣੇ ਜਾਣ ’ਤੇ ਵਧਾਈ ਦਿੱਤੀ। ਉਨ੍ਹਾਂ ਨੇ ਅਬਿਨਾਸ਼ ਬਿਕਰਮ ਸ਼ਾਹ ਦੇ ਨਿਰਦੇਸ਼ਨ ਹੇਠ ਬਣੀ ‘Elephants in the Fog (Tiniharu)’ ਨੂੰ 99ਵੇਂ ਅਕੈਡਮੀ ਐਵਾਰਡਜ਼ ਲਈ ਨੇਪਾਲ ਦੀ ਅਧਿਕਾਰਤ ਐਂਟਰੀ ਬਣਨ ’ਤੇ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅਗਲੇ ਸਫ਼ਰ ਲਈ ਸਫ਼ਲਤਾ ਦੀ ਕਾਮਨਾ ਕੀਤੀ। ਇਸ ਚੋਣ ਨਾਲ ਨੇਪਾਲੀ ਫ਼ਿਲਮ ਉਦਯੋਗ ਦੀ ਵਿਸ਼ਵ ਪੱਧਰੀ ਮੌਜੂਦਗੀ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਹੁਣ ‘Elephants in the Fog’ ਦੀ ਨਜ਼ਰ ਆਸਕਰ ਦੀ ਅਗਲੀ ਚੋਣ ਪ੍ਰਕਿਰਿਆ ’ਤੇ ਹੋਵੇਗੀ, ਜਿੱਥੇ ਦੁਨੀਆ ਭਰ ਤੋਂ ਆਉਣ ਵਾਲੀਆਂ ਅੰਤਰਰਾਸ਼ਟਰੀ ਫ਼ਿਲਮਾਂ ਨਾਲ ਇਸ ਦਾ ਮੁਕਾਬਲਾ ਹੋਵੇਗਾ।
