ਕਰੀਬ 400 ਪੌਂਡ ਤੋਂ ਘਟਾਇਆ ਭਾਰ, ਪਰ ਸਰੀਰਕ ਤਬਦੀਲੀਆਂ ਕਾਰਨ ਠੰਢ ਲੱਗਣ ਅਤੇ ਸਿਹਤ ਸਬੰਧੀ ਮੁਸ਼ਕਲਾਂ ਦਾ ਕਰ ਰਹੇ ਹਨ ਸਾਹਮਣਾ
ਵਾਸ਼ਿੰਗਟਨ, 3 ਨਵੰਬਰ, 2026 (ਛਤਰਪਾਲ ਸਿੰਘ ) : ਹਾਲੀਵੁੱਡ ਅਦਾਕਾਰ ਜੌਨ ਗੁੱਡਮੈਨ ਨੇ ਆਪਣੇ ਜੀਵਨ ਵਿੱਚ ਆਏ ਵੱਡੇ ਸਰੀਰਕ ਬਦਲਾਅ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਕਰੀਬ 200 ਪੌਂਡ ਭਾਰ ਘਟਾਉਣ ਤੋਂ ਬਾਅਦ ਵੀ 74 ਸਾਲਾ ਅਦਾਕਾਰ ਆਪਣੀ ਨਵੀਂ ਦਿੱਖ ਨਾਲ ਪੂਰੀ ਤਰ੍ਹਾਂ ਤਾਲਮੇਲ ਨਹੀਂ ਬਿਠਾ ਸਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰ ਘਟਾਉਣ ਨਾਲ ਸਰੀਰ ਵਿੱਚ ਕਈ ਅਜਿਹੀਆਂ ਤਬਦੀਲੀਆਂ ਆਈਆਂ ਹਨ, ਜਿਨ੍ਹਾਂ ਨਾਲ ਅਜੇ ਵੀ ਅਨੁਕੂਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ‘ਰੋਜ਼ੈਨ’ ਅਤੇ ‘ਦ ਰਾਈਟਿਅਸ ਜੈਮਸਟੋਨਜ਼’ ਵਰਗੇ ਸ਼ੋਅਜ਼ ਨਾਲ ਪਛਾਣ ਬਣਾਉਣ ਵਾਲੇ ਗੁੱਡਮੈਨ ਨੇ ‘ਹੈਪੀ ਸੈਡ ਕਨਫਿਊਜ਼ਡ’ ਪੌਡਕਾਸਟ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਬਦਲੀ ਹੋਈ ਦਿੱਖ ਨੂੰ ਸਵੀਕਾਰ ਕਰਨ ਵਿੱਚ ਸਮਾਂ ਲੱਗ ਰਿਹਾ ਹੈ। ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਸਰੀਰਕ ਦਿੱਖ ਨੂੰ ਲੈ ਕੇ ਅਸਹਿਜ ਮਹਿਸੂਸ ਕਰਨ ਕਾਰਨ ਉਨ੍ਹਾਂ ਨੇ ਇੱਕ ਟੀਵੀ ਸੀਰੀਜ਼ ਵਿੱਚ ਨਿਊਡ ਦ੍ਰਿਸ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਹਾਲਾਂਕਿ ਬਾਅਦ ਵਿੱਚ ਇਸ ਦ੍ਰਿਸ਼ ਨੂੰ ਫਿਲਮਾਉਣ ਦਾ ਹੋਰ ਤਰੀਕਾ ਕੱਢ ਲਿਆ ਗਿਆ।
ਅਦਾਕਾਰ ਮੁਤਾਬਕ, 2007 ਵਿੱਚ ਸ਼ਰਾਬ ਛੱਡਣ ਤੋਂ ਬਾਅਦ ਵੀ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਠੀਕ ਨਹੀਂ ਹੋਈਆਂ ਸਨ। ਇੱਕ ਸਮੇਂ ਉਨ੍ਹਾਂ ਦਾ ਭਾਰ ਲਗਭਗ 400 ਪੌਂਡ ਤੱਕ ਪਹੁੰਚ ਗਿਆ ਸੀ। ਉਹ ਕਈ ਵਾਰ ਗਰਮੀਆਂ ਦੌਰਾਨ 60 ਤੋਂ 80 ਪੌਂਡ ਤੱਕ ਭਾਰ ਘਟਾਉਂਦੇ, ਪਰ ਕੁਝ ਸਮੇਂ ਬਾਅਦ ਮੁੜ ਵਧ ਜਾਂਦਾ ਸੀ। ਇਸ ਲਗਾਤਾਰ ਉਤਾਰ-ਚੜ੍ਹਾਅ ਤੋਂ ਉਹ ਕਾਫ਼ੀ ਪਰੇਸ਼ਾਨ ਹੋ ਗਏ ਸਨ। ਗੁੱਡਮੈਨ ਨੇ ਦੱਸਿਆ ਕਿ ਪੇਟ ਦੀ ਸਰਜਰੀ ਤੋਂ ਬਾਅਦ ਉਨ੍ਹਾਂ ਨੇ ਲਗਭਗ 200 ਪੌਂਡ ਭਾਰ ਘਟਾਇਆ। ਹਾਲਾਂਕਿ, ਇਸ ਤਬਦੀਲੀ ਨਾਲ ਕੁਝ ਸਰੀਰਕ ਸਮੱਸਿਆਵਾਂ ਵੀ ਸਾਹਮਣੇ ਆਈਆਂ। ਉਨ੍ਹਾਂ ਨੂੰ ਅਨੀਮੀਆ ਹੋ ਗਿਆ ਅਤੇ ਚਮੜੀ ਹੇਠਲੀ ਚਰਬੀ ਦੀ ਪਰਤ ਘਟਣ ਕਾਰਨ ਹੁਣ ਉਨ੍ਹਾਂ ਨੂੰ ਲਗਾਤਾਰ ਠੰਢ ਮਹਿਸੂਸ ਹੁੰਦੀ ਹੈ। ਅਦਾਕਾਰ ਨੇ ਇਹ ਵੀ ਦੱਸਿਆ ਕਿ ਉਹ ਹੁਣ ਸਰੀਰ ਦੀ ਤਾਕਤ, ਸੰਤੁਲਨ ਅਤੇ ਫਿਟਨੈੱਸ ਵਧਾਉਣ ਲਈ ਕਸਰਤ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਡਿੱਗਣ ਕਾਰਨ ਉਨ੍ਹਾਂ ਦੇ ਕੂਲੇ ਦੀ ਹੱਡੀ ਵੀ ਟੁੱਟ ਗਈ ਸੀ। ਹੁਣ ਉਹ ਆਪਣੀ ਸਿਹਤ ਅਤੇ ਸਰੀਰਕ ਸਮਰੱਥਾ ਨੂੰ ਬਿਹਤਰ ਬਣਾਉਣ ’ਤੇ ਧਿਆਨ ਦੇ ਰਹੇ ਹਨ। ਗੁੱਡਮੈਨ ਦੀ ਇਹ ਕਹਾਣੀ ਦਰਸਾਉਂਦੀ ਹੈ ਕਿ ਵੱਡੇ ਪੱਧਰ ’ਤੇ ਭਾਰ ਘਟਾਉਣ ਤੋਂ ਬਾਅਦ ਸਰੀਰਕ ਅਤੇ ਮਾਨਸਿਕ ਤਬਦੀਲੀਆਂ ਨਾਲ ਤਾਲਮੇਲ ਬਿਠਾਉਣਾ ਵੀ ਇੱਕ ਲੰਬੀ ਪ੍ਰਕਿਰਿਆ ਹੋ ਸਕਦੀ ਹੈ।
