ਕਾਠਮੰਡੂ, 3 ਨਵੰਬਰ, 2026 (ਗੁਰਮੀਤ ਸਿੰਘ ਤੁੰਗ): ਨੇਪਾਲ ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਵਾਈ ਹਾਦਸਾ ਵਾਪਰਿਆ, ਜਦੋਂ ਸੋਲੁਖੁੰਬੂ ਦੇ ਹੈਲੀਪੈਡ ’ਤੇ ਲੈਂਡਿੰਗ ਦੌਰਾਨ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਨੇਪਾਲ ਪੁਲਿਸ ਦੀ ਮੁੱਢਲੀ ਰਿਪੋਰਟ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 8:11 ਵਜੇ ਵਾਪਰਿਆ। ਉਸ ਸਮੇਂ ਫਿਸ਼ਟੇਲ ਏਅਰ ਅਤੇ ਡਾਇਨੇਸਟੀ ਏਅਰ ਦੇ ਹੈਲੀਕਾਪਟਰ ਲੈਂਡਿੰਗ ਕਰ ਰਹੇ ਸਨ ਕਿ ਦੋਵੇਂ ਆਪਸ ਵਿੱਚ ਟਕਰਾ ਗਏ। ਪੁਲਿਸ ਮੁਤਾਬਕ ਜ਼ਖ਼ਮੀ ਵਿਅਕਤੀ ਨੂੰ ਪ੍ਰਭੂ ਹੈਲੀਕਾਪਟਰ ਰਾਹੀਂ ਇਲਾਜ ਲਈ ਲੁਕਲਾ ਲਿਜਾਇਆ ਗਿਆ। ਪੁਲਿਸ ਇੰਸਪੈਕਟਰ ਮੌਸਮ ਤਮਾਂਗ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵਸੰਤ ਕੁਮਾਰ ਬਾਲਾਰਾਮਰਾਮਾਡੂ ਵਜੋਂ ਹੋਈ ਹੈ। ਉਹ ਭਾਰਤੀ ਨਾਗਰਿਕ ਸਨ ਅਤੇ ਫਿਸ਼ਟੇਲ ਏਅਰ ਦੇ ਹੈਲੀਕਾਪਟਰ ਵਿੱਚ ਸਵਾਰ ਸਨ। ਹਾਦਸੇ ਦੇ ਕਾਰਨਾਂ ਬਾਰੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
