Home Lifestyle ਸਿਲਸਿਲਾ-ਏ-ਜੱਦੋਜਹਿਦ ਤਰਕ ਨਾ ਕਰ। ਮੰਜ਼ਿਲ-ਏ-ਮਕਸੂਦ ਮੁਰਾਦਬਰ.

ਸਿਲਸਿਲਾ-ਏ-ਜੱਦੋਜਹਿਦ ਤਰਕ ਨਾ ਕਰ। ਮੰਜ਼ਿਲ-ਏ-ਮਕਸੂਦ ਮੁਰਾਦਬਰ.

Stay committed to the journey of struggle and perseverance—the cherished destination will eventually be achieved.

0

ਕਾਮਯਾਬੀ ਦੀ ਚਮਕ ਹਰ ਕਿਸੇ ਨੂੰ ਦਿਖਾਈ ਦਿੰਦੀ ਹੈ, ਪਰ ਉਸ ਚਮਕ ਦੇ ਪਿੱਛੇ ਲੁਕੀਆਂ ਠੋਕਰਾਂ, ਟੁੱਟੀਆਂ ਉਮੀਦਾਂ ਅਤੇ ਅਣਗਿਣਤ ਕੋਸ਼ਿਸ਼ਾਂ ਬਹੁਤ ਘੱਟ ਲੋਕ ਦੇਖਦੇ ਹਨ। ਦੁਨੀਆ ਦੇ ਕਈ ਸਫਲ ਕਾਰੋਬਾਰੀਆਂ ਅਤੇ ਅਰਬਪਤੀਆਂ ਦੀਆਂ ਜੀਵਨ-ਯਾਤਰਾਵਾਂ ਦਾ ਨਿਚੋੜ ਇਹ ਦਰਸਾਉਂਦਾ ਹੈ ਕਿ ਵੱਡੀ ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾਂ ਨਾਕਾਮੀਆਂ ਦਾ ਸਾਹਮਣਾ ਕਰਨਾ ਸਿੱਧਪੱਧਰਾ ਰਾਹ ਨਹੀਂ। ਕਾਮਯਾਬ ਲੋਕਾਂ ਨੇ ਔਸਤਨ ਕਈ ਵਾਰ ਕਈ ਪ੍ਰੇਰਕ ਪੜਚੋਲਾਂ ਵਿੱਚ ਅਨੇਕਾਂ ਵਾਰ ਨਾਕਾਮੀ ਦਾ ਸਾਹਮਣਾ ਕੀਤਾ। ਹਾਲਾਂਕਿ ਇਹ ਸਰਵਉੱਚ ਵਿਗਿਆਨਕ ਨਿਯਮ ਨਹੀਂ, ਪਰ ਇਸ ਦੇ ਪਿੱਛੇ ਛੁਪਿਆ ਜੀਵਨ-ਸੱਚ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਨਾਕਾਮੀ ਅੰਤ ਨਹੀਂ ਹੁੰਦੀ।

ਇਨਸਾਨ ਦੀ ਜ਼ਿੰਦਗੀ ਨੂੰ ਜੇ ਇੱਕ ਯਾਤਰਾ ਮੰਨ ਲਈਏ ਤਾਂ ਨਾਕਾਮੀ ਉਸ ਰਸਤੇ ਦੀ ਉਹ ਢਲਾਣ ਹੈ, ਜਿੱਥੇ ਪੈਰ ਫਿਸਲ ਸਕਦਾ ਹੈ, ਜਦਕਿ ਕਾਮਯਾਬੀ ਉਸ ਚੜ੍ਹਾਈ ਵਰਗੀ ਹੈ, ਜਿਸ ਲਈ ਲਗਾਤਾਰ ਤਾਕਤ ਲਗਾਉਣੀ ਪੈਂਦੀ ਹੈ। ਭੌਤਿਕ ਵਿਗਿਆਨ ਦੀ ਭਾਸ਼ਾ ਵਿੱਚ ਗੁਰੂਤਾਕਰਸ਼ਣ ਕਿਸੇ ਵਸਤੂ ਨੂੰ ਹੇਠਾਂ ਵੱਲ ਖਿੱਚਦਾ ਹੈ, ਜਦਕਿ ਉੱਪਰ ਚੜ੍ਹਨ ਲਈ ਬਾਹਰੀ ਤਾਕਤ ਲਗਾਉਣੀ ਪੈਂਦੀ ਹੈ। ਮਨੁੱਖੀ ਜੀਵਨ ਵਿੱਚ ਵੀ ਡਰ, ਨਿਰਾਸ਼ਾ, ਆਲੋਚਨਾ ਅਤੇ ਪਿਛਲੀਆਂ ਨਾਕਾਮੀਆਂ ਉਸ ਨੂੰ ਪਿੱਛੇ ਖਿੱਚਦੀਆਂ ਹਨ। ਇਸ ਖਿੱਚ ਦੇ ਵਿਰੁੱਧ ਖੜਾ ਹੁੰਦਾ ਹੈ ਇਨਸਾਨੀ ਪੱਕਾ ਇਰਾਦਾ, ਵਿਸ਼ਵਾਸ, ਅਨੁਸ਼ਾਸਨ ਅਤੇ ਲਗਾਤਾਰ ਕੋਸ਼ਿਸ਼।

ਪਰ ਸਿਰਫ਼ ਕੋਸ਼ਿਸ਼ ਕਰਦੇ ਰਹਿਣਾ ਹੀ ਕਾਫ਼ੀ ਨਹੀਂ। ਇੱਕੋ ਗਲਤੀ ਨੂੰ ਵਾਰ-ਵਾਰ ਦੁਹਰਾਉਣਾ ਸੰਘਰਸ਼ ਤਾਂ ਹੋ ਸਕਦਾ ਹੈ, ਪਰ ਤਰੱਕੀ ਨਹੀਂ। ਅਸਲ ਕੋਸ਼ਿਸ਼ ਉਹ ਹੈ ਜੋ ਹਰ ਨਾਕਾਮੀ ਤੋਂ ਬਾਅਦ ਆਪਣੇ ਆਪ ਨੂੰ ਪੁੱਛਦੀ ਹੈ, ਅਵਲੋਕਨ ਕਰਦੀ ਹੈ ਪੜਤਾਲ ਕਰਦੀ , ਗਲਤੀ ਕਿੱਥੇ ਹੋਈ? ਯੋਜਨਾ ਵਿੱਚ ਕਮੀ ਸੀ ਜਾਂ ਤਰੀਕੇ ਵਿੱਚ? ਕੀ ਬਦਲਣਾ ਚਾਹੀਦਾ ਹੈ? ਜਦੋਂ ਨਾਕਾਮੀ ਤੋਂ ਸਬਕ ਕੱਢਿਆ ਜਾਂਦਾ ਹੈ, ਤਾਂ ਉਹ ਨੁਕਸਾਨ ਨਹੀਂ ਰਹਿੰਦੀ, ਉਹ ਅਗਲੀ ਕੋਸ਼ਿਸ਼ ਲਈ ਗਿਆਨ ਬਣ ਜਾਂਦੀ ਹੈ।

ਮੰਜ਼ਿਲ ਵੱਲ ਵਧਣ ਲਈ ਸਭ ਤੋਂ ਪਹਿਲਾਂ ਮਨ ਦੀ ਦਿਸ਼ਾ ਤੈਅ ਕਰਨੀ ਪੈਂਦੀ ਹੈ। ਜਿਸ ਮਨੁੱਖ ਦਾ ਧਿਆਨ ਹਰ ਪਲ ਆਪਣੀ ਨਾਕਾਮੀ ਉੱਤੇ ਟਿਕਿਆ ਰਹੇ, ਉਸ ਦੀ ਊਰਜਾ ਡਰ ਵਿੱਚ ਖਰਚ ਹੁੰਦੀ ਰਹਿੰਦੀ ਹੈ। ਇਸ ਦੇ ਉਲਟ, ਜੋ ਮਨੁੱਖ ਆਪਣਾ ਧਿਆਨ ਮੰਜ਼ਿਲ, ਯੋਜਨਾ ਅਤੇ ਅਗਲੇ ਕਦਮ ਉੱਤੇ ਧਿਆਨ ਕਰਦਾ ਹੈ, ਉਹ ਆਪਣੀ ਊਰਜਾ ਨੂੰ ਲੋੜੀਂਦੀ ਦਿਸ਼ਾ ਦਿੰਦਾ ਹੈ। ਵਿਸ਼ਵਾਸ ਅੰਨ੍ਹਾ ਭਰੋਸਾ ਨਹੀਂ, ਆਪਣੀ ਸਮਰੱਥਾ, ਆਪਣੀ ਮਿਹਨਤ ਅਤੇ ਆਪਣੀ ਦਿਸ਼ਾ ਉੱਤੇ ਸੋਚਿਆ-ਸਮਝਿਆ ਭਰੋਸਾ ਹੈ। ਕਾਮਯਾਬੀ ਅਕਸਰ ਇੱਕ ਵੱਡੀ ਛਾਲ ਨਾਲ ਨਹੀਂ ਆਉਂਦੀ। ਉਹ ਛੋਟੀਆਂ-ਛੋਟੀਆਂ ਜਿੱਤਾਂ ਦਾ ਜੋੜ ਹੁੰਦੀ ਹੈ। ਅੱਜ ਦੀ ਇੱਕ ਕੋਸ਼ਿਸ਼, ਕੱਲ੍ਹ ਦੀ ਇੱਕ ਸੁਧਾਰ, ਅਗਲੇ ਦਿਨ ਦੀ ਇੱਕ ਨਵੀਂ ਯੋਜਨਾ। ਇਨ੍ਹਾਂ ਛੋਟੇ ਕਦਮਾਂ ਨਾਲ ਹੀ ਮਨੁੱਖ ਇੱਕ ਦਿਨ ਉਸ ਥਾਂ ਪਹੁੰਚ ਜਾਂਦਾ ਹੈ, ਜਿੱਥੇ ਕਦੇ ਪਹੁੰਚਣਾ ਅਸੰਭਵ ਲੱਗਦਾ ਸੀ।

ਇਸ ਲਈ ਨਾਕਾਮੀ ਆਵੇ ਤਾਂ ਆਪਣੇ ਆਪ ਨੂੰ ਹਾਰਿਆ ਹੋਇਆ ਨਾ ਸਮਝੋ। ਉਸ ਨੂੰ ਆਪਣਾ ਕੋਚ ਬਣਾਓ। ਡਿੱਗੋ ਤਾਂ ਉੱਠੋ, ਗਲਤੀ ਹੋਵੇ ਤਾਂ ਸੁਧਾਰੋ, ਰਸਤਾ ਬੰਦ ਹੋਵੇ ਤਾਂ ਨਵਾਂ ਰਸਤਾ ਲੱਭੋ। ਕਿਉਂਕਿ ਕਾਮਯਾਬੀ ਸਿਰਫ਼ ਉਸ ਮਨੁੱਖ ਨੂੰ ਨਹੀਂ ਮਿਲਦੀ ਜੋ ਕਦੇ ਡਿੱਗਿਆ ਨਹੀਂ। ਹਮੇਸ਼ਾ ਉਹ ਉਸ ਮਨੁੱਖ ਦੀ ਹੁੰਦੀ ਹੈ ਜਿਸ ਨੇ ਹਰ ਵਾਰ ਡਿੱਗ ਕੇ ਆਪਣੇ ਆਪ ਨੂੰ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਬਣਾਇਆ ਅਤੇ ਸਮਾਜ ਵਿੱਚ ਆਪਣਾ ਮੁਕਾਮ ਹਾਂਸਿਲ ਕੀਤਾ ਹੈ। ਨਾਕਾਮੀ ਪੌੜੀ ਹੈ, ਕੰਧ ਨਹੀਂ। ਮੰਜ਼ਿਲ ਦੂਰ ਹੋ ਸਕਦੀ ਹੈ, ਪਰ ਜੇ ਇਰਾਦਾ ਪੱਕਾ, ਦਿਸ਼ਾ ਸਹੀ ਅਤੇ ਕੋਸ਼ਿਸ਼ ਜਾਰੀ ਹੈ, ਤਾਂ ਯਾਦ ਰਹੇ ਹਰ ਕਦਮ ਤੁਹਾਨੂੰ ਮੰਜ਼ਿਲ ਦੇ ਨੇੜੇ ਲੈ ਜਾ ਰਿਹਾ ਹੈ।

ਛੱਤਰਪਾਲ ਸਿੰਘ

Exit mobile version