Homeਦੇਸ਼ਲਾਲ ਕਿਲ੍ਹੇ ਨੇੜੇ ਭਿਆਨਕ ਧਮਾਕਾ: ਦਿੱਲੀ ਕੰਬੀ

ਲਾਲ ਕਿਲ੍ਹੇ ਨੇੜੇ ਭਿਆਨਕ ਧਮਾਕਾ: ਦਿੱਲੀ ਕੰਬੀ

9 ਮੌਤਾਂ, ਕਈ ਜ਼ਖਮੀ — ਦੇਸ਼ ’ਚ ਹਾਈ ਅਲਰਟ ਜਾਰੀ


 

ਨਵੀਂ ਦਿੱਲੀ, 11 ਨਵੰਬਰ (ਰਾਜੇਸ਼ ਕੁਮਾਰ) : ਰਾਸ਼ਟਰੀ ਰਾਜਧਾਨੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ ਸੋਮਵਾਰ ਸ਼ਾਮ ਨੂੰ ਇੱਕ ਚੱਲਦੀ ਕਾਰ ਵਿੱਚ ਹੋਏ ਤਿੱਖੇ ਧਮਾਕੇ ਨਾਲ ਸਾਰਾ ਇਲਾਕਾ ਦਹਿਲ ਗਿਆ। ਧਮਾਕੇ ਵਿੱਚ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਹੋ ਗਈ ਜਦਕਿ ਕਰੀਬ 20 ਜ਼ਖਮੀ ਹੋਏ ਹਨ। ਧਮਾਕਾ ਸ਼ਾਮ 6:52 ਵਜੇ ਦੇ ਕਰੀਬ ਇੱਕ ਹੁੰਡਈ ਆਈ20 ਕਾਰ ਵਿੱਚ ਹੋਇਆ ਜਿਸ ਵਿੱਚ ਤਿੰਨ ਸਵਾਰ ਸਨ।

ਧਮਾਕੇ ਦੀ ਤੀਬਰਤਾ ਇੰਨੀ ਸੀ ਕਿ ਨੇੜੇ ਖੜ੍ਹੀਆਂ ਕਈਆਂ ਕਾਰਾਂ ਦੀਆਂ ਖਿੜਕੀਆਂ ਚਕਨਾ-ਚੂਰ ਹੋ ਗਈਆਂ ਅਤੇ ਦੂਰ ਤਕ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ। ਚਸ਼ਮਦੀਦਾਂ ਦੇ ਅਨੁਸਾਰ, “ਆਵਾਜ਼ ਇੰਨੀ ਤੀਖੀ ਸੀ ਕਿ ਕੁਝ ਮਿੰਟਾਂ ਤੱਕ ਕੰਨਾਂ ਵਿੱਚ ਗੂੰਜ ਰਹੀ।”

ਦਿੱਲੀ ਪੁਲਿਸ, ਐਨਆਈਏ, ਐਨਐਸਜੀ ਅਤੇ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ। ਦਿੱਲੀ ਪੁਲਿਸ ਕਮਿਸ਼ਨਰ ਸਤੀਸ਼ ਗੋਲਚਾ ਨੇ ਕਿਹਾ ਕਿ ਸਾਰੀਆਂ ਏਜੰਸੀਆਂ ਹਰ ਸੰਭਵ ਕੋਣ ਤੋਂ ਜਾਂਚ ਕਰ ਰਹੀਆਂ ਹਨ — “ਇਹ ਸਪਸ਼ਟ ਨਹੀਂ ਕਿ ਧਮਾਕਾ ਆਤਮਘਾਤੀ ਹਮਲਾ ਸੀ ਜਾਂ ਨਹੀਂ।”

ਅਧਿਕਾਰੀਆਂ ਅਨੁਸਾਰ, ਧਮਾਕੇ ਵਾਲੀ ਕਾਰ ਦੀ ਮਾਲਕੀ ਕਈ ਹੱਥਾਂ ਤੋਂ ਗੁਜ਼ਰੀ ਸੀ — ਪਹਿਲਾਂ ਓਖਲਾ ਦੇ ਰਹਿਣ ਵਾਲੇ ਮੁਹੰਮਦ ਸਲਮਾਨ ਤੋਂ ਦੇਵੇਂਦਰ ਨੂੰ, ਫਿਰ ਅੰਬਾਲਾ ਰਾਹੀਂ ਪੁਲਵਾਮਾ ਦੇ ਤਾਰਿਕ ਨੂੰ ਵੇਚੀ ਗਈ। ਤਿੰਨੇ ਹੀ ਇਸ ਵੇਲੇ ਪੁਲਿਸ ਦੀ ਭਾਲ ਹੇਠ ਹਨ।

ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਘਟਨਾ ਸਥਾਨ ’ਤੇ ਭੇਜੀਆਂ ਗਈਆਂ ਅਤੇ ਸ਼ਾਮ 7:29 ਵਜੇ ਤੱਕ ਅੱਗ ਤੇ ਕਾਬੂ ਪਾ ਲਿਆ ਗਿਆ। ਧਮਾਕੇ ਕਾਰਨ ਛੇ ਕਾਰਾਂ, ਦੋ ਈ-ਰਿਕਸ਼ਾ ਅਤੇ ਇੱਕ ਆਟੋਰਿਕਸ਼ਾ ਪੂਰੀ ਤਰ੍ਹਾਂ ਤਬਾਹ ਹੋ ਗਏ।

ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਚਾਂਦਨੀ ਚੌਕ ਵਪਾਰੀ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਬਾਜ਼ਾਰ ਮੰਗਲਵਾਰ ਨੂੰ ਸੁਰੱਖਿਆ ਦੇ ਮੱਦੇਨਜ਼ਰ ਬੰਦ ਰਹੇਗਾ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਪੁਲਿਸ ਮੁਖੀ, ਐਨਆਈਏ ਅਤੇ ਐਨਐਸਜੀ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਸਥਿਤੀ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਧਮਾਕੇ ਵਿੱਚ ਮਾਰੇ ਗਏ ਲੋਕਾਂ ਲਈ ਦੁੱਖ ਪ੍ਰਗਟ ਕੀਤਾ ਹੈ।

ਇਹ ਘਟਨਾ ਉਸੇ ਦਿਨ ਹੋਈ ਜਦੋਂ ਫਰੀਦਾਬਾਦ ਦੇ ਧੌਜ ਖੇਤਰ ਤੋਂ ਇੱਕ ਕਸ਼ਮੀਰੀ ਡਾਕਟਰ ਦੇ ਘਰ ਤੋਂ 360 ਕਿਲੋਗ੍ਰਾਮ ਸ਼ੱਕੀ ਅਮੋਨੀਅਮ ਨਾਈਟ੍ਰੇਟ ਅਤੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਸੀ। ਹਰਿਆਣਾ ਪੁਲਿਸ ਨੇ ਡਾਕਟਰ ਮੁਜ਼ਮਿਲ ਗਨਈ ਨੂੰ ਗ੍ਰਿਫਤਾਰ ਕਰ ਲਿਆ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments