ਕੋਲਕਾਤਾ:5 ਜੂਨ (ਛਤਰਪਾਲ ਸਿੰਘ):ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਇੱਕ ਬਹੁਤ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਪਾਰਟੀ (ਟੀਐਮਸੀ) ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਇਤਿਹਾਸਕ ਟੁੱਟ-ਭੱਜ ਹੋਈ ਹੈ। ਪਾਰਟੀ ਦੇ 78 ਵਿਧਾਇਕਾਂ ਵਿੱਚੋਂ 58 ਵਿਧਾਇਕਾਂ ਨੇ ਬੁੱਧਵਾਰ ਨੂੰ ਇੱਕ ਵੱਖਰਾ ਧੜਾ ਬਣਾ ਕੇ ਖ਼ੁਦ ਨੂੰ ‘ਅਸਲੀ ਟੀ.ਐਮ.ਸੀ.’ ਘੋਸ਼ਿਤ ਕਰ ਦਿੱਤਾ ਹੈ। ਬਾਗੀ ਗੁੱਟ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਦੇ ਸਪੀਕਰ ਰਥਿੰਦ੍ਰ ਬੋਸ ਪਾਸੋਂ ਵੱਖਰੇ ਗੁੱਟ ਵਜੋਂ ਮਾਨਤਾ ਵੀ ਹਾਸਲ ਹੋ ਗਈ ਹੈ।
ਰੀਤਾਬ੍ਰਤ ਬੈਨਰਜੀ ਬਣੇ ਵਿਰੋਧੀ ਧਿਰ ਦੇ ਨੇਤਾ, ਮਮਤਾ ਨੂੰ ਵੱਡੀ ਚੁਣੌਤੀ
ਬਾਗੀ ਹੋਏ 58 ਵਿਧਾਇਕਾਂ ਨੇ ਪਾਰਟੀ ਦੇ ਤੇਜ਼-ਤਰਾਰ ਆਗੂ ਰੀਤਾਬ੍ਰਤ ਬੈਨਰਜੀ ਨੂੰ ਅਪਣਾ ਨਵਾਂ ਨੇਤਾ ਚੁਣਿਆ ਹੈ। ਇਸ ਦੇ ਨਾਲ ਹੀ ਸਪੀਕਰ ਰਥਿੰਦ੍ਰ ਬੋਸ ਨੂੰ ਬੇਨਤੀ ਕੀਤੀ ਗਈ ਹੈ ਕਿ ਰੀਤਾਬ੍ਰਤ ਨੂੰ ਹੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਮਾਨਤਾ ਦਿੱਤੀ ਜਾਵੇ, ਜਿਸ ਨੂੰ ਸਪੀਕਰ ਨੇ ਪ੍ਰਵਾਨ ਕਰ ਲਿਆ ਹੈ। ਟੀਐਮਸੀ ਦੇ 28 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਮਮਤਾ ਬੈਨਰਜੀ ਦੀ ਲੀਡਰਸ਼ਿਪ ਨੂੰ ਇੰਨੀ ਸਿੱਧੀ ਅਤੇ ਵੱਡੀ ਚੁਣੌਤੀ ਮਿਲੀ ਹੈ।
ਸੂਤਰਾਂ ਮੁਤਾਬਕ, ਬਿਲਕੁਲ ਇਸੇ ਤਰਜ਼ ‘ਤੇ ਦਿੱਲੀ ਵਿੱਚ ਵੀ ਇੱਕ ਗੁਪਤ ‘ਆਪ੍ਰੇਸ਼ਨ’ ਚੱਲ ਰਿਹਾ ਹੈ, ਜਿੱਥੇ ਟੀਐਮਸੀ ਦੇ ਲੋਕ ਸਭਾ ਮੈਂਬਰਾਂ (ਸਾਂਸਦਾਂ) ਦਾ ਇੱਕ ਵੱਡਾ ਗੁੱਟ ਵੱਖਰੇ ਧੜੇ ਵਜੋਂ ਮਾਨਤਾ ਹਾਸਲ ਕਰਨ ਦੀਆਂ ਤਿਆਰੀਆਂ ਵਿੱਚ ਹੈ।
ਭਤੀਜੇ ਅਭਿਸ਼ੇਕ ਬੈਨਰਜੀ ਦੀ ‘ਹੈਂਕੜ’ ਬਣੀ ਬਗਾਵਤ ਦਾ ਕਾਰਨ?
ਨਵੇਂ ਚੁਣੇ ਗਏ ਆਗੂ ਰੀਤਾਬ੍ਰਤ ਬੈਨਰਜੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧੜੇ ਦਾ ਭਾਜਪਾ (BJP) ਵਿੱਚ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਲੜਾਈ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਵੱਲੋਂ ਪਾਰਟੀ ਵਿੱਚ ਪੈਦਾ ਕੀਤੀਆਂ ਕੁਰੀਤੀਆਂ, ਜ਼ਿਆਦਤੀਆਂ ਅਤੇ ਉਨ੍ਹਾਂ ਦੇ ਅੜੀਅਲ ਵਤੀਰੇ ਖ਼ਿਲਾਫ਼ ਹੈ, ਜਿਸ ਤੋਂ ਪਾਰਟੀ ਕਾਡਰ ਲੰਮੇ ਸਮੇਂ ਤੋਂ ਖ਼ਫ਼ਾ ਸੀ।
ਰਾਜਨੀਤਿਕ ਮਾਹਿਰਾਂ ਅਨੁਸਾਰ, ਕੋਲਕਾਤਾ ਦੇ ਮੇਅਰ ਸਮੇਤ 28 ਮਿਉਂਸਿਪਲ ਬਾਡੀਜ਼ ਦੇ ਮੁਖੀਆਂ ਅਤੇ ਦਰਜਨਾਂ ਕੌਂਸਲਰਾਂ ਵੱਲੋਂ 15 ਦਿਨ ਪਹਿਲਾਂ ਦਿੱਤੇ ਅਸਤੀਫ਼ੇ ਇਸੇ ਵੱਡੀ ਭੜਾਸ ਦਾ ਹਿੱਸਾ ਸਨ, ਜਿਸ ਨੂੰ ਸਮਝਣ ਵਿੱਚ ਮਮਤਾ ਬੈਨਰਜੀ ਅਸਫਲ ਰਹੇ।
ਮਮਤਾ ਨੇ ਭਾਜਪਾ ਸਿਰ ਮੜ੍ਹਿਆ ਦੋਸ਼; ‘ਇੰਡੀਆ’ ਬਲਾਕ ਨੇ ਵੱਟੀ ਚੁੱਪ
ਦੂਜੇ ਪਾਸੇ, ਮਮਤਾ ਬੈਨਰਜੀ ਨੇ ਪਾਰਟੀ ਦੇ ਦੋਫਾੜ ਹੋਣ ਦਾ ਪੂਰਾ ਦੋਸ਼ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਸਿਰ ਮੜ੍ਹਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਭਾਜਪਾ ਨੇ ਜਿਸ ਤਰ੍ਹਾਂ ਮਹਾਰਾਸ਼ਟਰ ਵਿੱਚ ਪਹਿਲਾਂ ਸ਼ਿਵ ਸੈਨਾ ਅਤੇ ਫਿਰ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਨੂੰ ਤੋੜਿਆ ਸੀ, ਬਿਲਕੁਲ ਉਹੀ ਫਾਰਮੂਲਾ ਬੰਗਾਲ ਵਿੱਚ ਵਰਤਿਆ ਜਾ ਰਿਹਾ ਹੈ।
ਹਾਲਾਂਕਿ, ਇਸ ਸਿਆਸੀ ਸੰਕਟ ਦੇ ਬਾਵਜੂਦ ਮਮਤਾ ਬੈਨਰਜੀ ਨੂੰ 20 ਵਿਰੋਧੀ ਪਾਰਟੀਆਂ ਦੇ ਸਾਂਝੇ ਮੁਹਾਜ਼ (‘ਇੰਡੀਆ’ ਬਲਾਕ) ਤੋਂ ਅਜੇ ਤੱਕ ਕੋਈ ਸਪੱਸ਼ਟ ਹਮਾਇਤ ਪ੍ਰਾਪਤ ਨਹੀਂ ਹੋਈ ਹੈ। ਵਿਰੋਧੀ ਪਾਰਟੀਆਂ ਫਿਲਹਾਲ ਇਹ ਦੇਖ ਰਹੀਆਂ ਹਨ ਕਿ ਟੀਐਮਸੀ ਦਾ ਕਿਹੜਾ ਧੜਾ ਵਧੇਰੇ ਸ਼ਕਤੀਸ਼ਾਲੀ ਸਾਬਤ ਹੁੰਦਾ ਹੈ।
ਕੌਣ ਹਨ ਰੀਤਾਬ੍ਰਤ ਬੈਨਰਜੀ, ਜੋ ਮਮਤਾ ਲਈ ਬਣੇ ਸਿਰਦਰਦੀ?
ਸਿਆਸੀ ਸਫ਼ਰ: ਰੀਤਾਬ੍ਰਤ ਬੈਨਰਜੀ ਸਾਬਕਾ ਵਿਦਿਆਰਥੀ ਆਗੂ ਹਨ, ਜੋ ਪਹਿਲਾਂ ਸੀਪੀਐਮ (CPM) ਨਾਲ ਸਬੰਧਿਤ ਸਨ।
ਰਾਜ ਸਭਾ ਮੈਂਬਰ: ਸਾਲ 2014 ਵਿੱਚ ਸੀਪੀਐਮ ਨੇ ਮਹਿਜ਼ 34 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਸੀ।
TMC ‘ਚ ਐਂਟਰੀ: 2017 ਵਿੱਚ “ਕਮਿਊਨਿਸਟ ਆਦਰਸ਼ਾਂ ਨਾਲ ਮੇਲ ਨਾ ਖਾਂਦੀ ਜੀਵਨ ਸ਼ੈਲੀ” ਦੇ ਆਧਾਰ ‘ਤੇ ਸੀਪੀਐਮ ਵਿੱਚੋਂ ਕੱਢੇ ਜਾਣ ਤੋਂ ਬਾਅਦ, ਉਹ 2018 ਵਿੱਚ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ ਤੇਜ਼ੀ ਨਾਲ ਪਾਰਟੀ ਅੰਦਰ ਆਪਣਾ ਕੱਦ ਵੱਡਾ ਕਰ ਲਿਆ।
ਬੰਗਾਲ ਵਿੱਚ ਮੌਜੂਦਾ ਸਥਿਤੀ
ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਅਤੇ ਭਾਜਪਾ ‘ਤੇ ‘ਵੋਟ-ਚੋਰੀ’ ਦਾ ਦੋਸ਼ ਲਗਾਉਂਦੇ ਹੋਏ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਸਮੇਂ ਸੂਬੇ ਵਿੱਚ ਸੁਵੇਂਦੂ ਅਧਿਕਾਰੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਕਾਬਜ਼ ਹੈ। ਮਮਤਾ ਬੈਨਰਜੀ ਭਾਵੇਂ ਆਪਣੇ ਜੁਝਾਰੂ ਜਜ਼ਬੇ ਲਈ ਜਾਣੇ ਜਾਂਦੇ ਹਨ, ਪਰ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਲੋੜੋਂ ਵੱਧ ਦਿੱਤੇ ਗਏ ਰਾਜਸੀ-ਪ੍ਰਸ਼ਾਸਨਿਕ ਅਖ਼ਤਿਆਰ ਹੁਣ ਉਨ੍ਹਾਂ ਦੀ ਸਿਆਸੀ ਹੋਣੀ ਲਈ ਸਭ ਤੋਂ ਮਹਿੰਗੇ ਸਾਬਤ ਹੋ ਰਹੇ ਹਨ।









