ਅੰਮ੍ਰਿਤਸਰ, 22 ਸਤੰਬਰ, 2026 (ਛਤਰਪਾਲ ਸਿੰਘ) : ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਵਾਹਨਾਂ ਦੀਆਂ ਨੰਬਰ ਪਲੇਟਾਂ ਨੂੰ ਲੈ ਕੇ ਇੱਕ ਬਹੁਤ ਹੀ ਸਖ਼ਤ ਆਦੇਸ਼ ਜਾਰੀ ਕੀਤਾ ਹੈ। ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS), 2023 ਦੀ ਧਾਰਾ 163 ਅਧੀਨ ਜਾਰੀ ਹੁਕਮਾਂ ਅਨੁਸਾਰ, ਜਿਨ੍ਹਾਂ ਵਾਹਨਾਂ ‘ਤੇ ਵੈਧ ਅਤੇ ਸਪੱਸ਼ਟ ਦਿਸਣ ਵਾਲੀਆਂ ਹਾਈ-ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ (HSRP) ਨਹੀਂ ਲੱਗੀਆਂ ਹੋਣਗੀਆਂ, ਉਨ੍ਹਾਂ ਨੂੰ ਪੈਟਰੋਲ, ਡੀਜ਼ਲ ਜਾਂ ਸੀ.ਐੱਨ.ਜੀ. (CNG) ਨਹੀਂ ਦਿੱਤੀ ਜਾਵੇਗੀ। ਇਹ ਹੁਕਮ ਅੰਮ੍ਰਿਤਸਰ ਕਮਿਸ਼ਨਰੇਟ ਦੀ ਹੱਦ ਅੰਦਰ ਆਉਂਦੇ ਸਾਰੇ ਪੈਟਰੋਲ ਪੰਪਾਂ, ਡੀਜ਼ਲ ਸਟੇਸ਼ਨਾਂ ਅਤੇ ਸੀ.ਐੱਨ.ਜੀ. ਪੰਪਾਂ ‘ਤੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਇਸ ਤੋਂ ਇਲਾਵਾ, ਜਿਨ੍ਹਾਂ ਵਾਹਨਾਂ ਦੇ ਅੱਗੇ ਜਾਂ ਪਿੱਛੇ ਨੰਬਰ ਪਲੇਟ ਨਹੀਂ ਹੋਵੇਗੀ, ਜਾਂ ਨੰਬਰ ਪਲੇਟ ਟੁੱਟੀ, ਮੁੜੀ, ਢੱਕੀ ਹੋਈ ਜਾਂ ਛੇੜਛਾੜ ਕੀਤੀ ਗਈ ਹੋਵੇਗੀ, ਉਨ੍ਹਾਂ ਨੂੰ ਵੀ ਈਂਧਨ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਜਾਵੇਗਾ।
ਅਪਰਾਧਿਕ ਗਤੀਵਿਧੀਆਂ ‘ਤੇ ਠੱਲ੍ਹ ਪਾਉਣ ਲਈ ਫੈਸਲਾ : ਪੁਲਿਸ ਪ੍ਰਸ਼ਾਸਨ ਮੁਤਾਬਕ, ਬਿਨਾਂ ਨੰਬਰ ਪਲੇਟ ਜਾਂ ਧੁੰਦਲੀਆਂ ਨੰਬਰ ਪਲੇਟਾਂ ਵਾਲੇ ਵਾਹਨਾਂ ਦੀ ਵਰਤੋਂ ਅਕਸਰ ਹਿੱਟ-ਐਂਡ-ਰਨ, ਲੁੱਟ-ਖੋਹ, ਸਨੈਚਿੰਗ ਅਤੇ ਚੋਰੀ ਵਰਗੀਆਂ ਅਪਰਾਧਿਕ ਘਟਨਾਵਾਂ ਵਿੱਚ ਕੀਤੀ ਜਾਂਦੀ ਹੈ। ਅਜਿਹੇ ਵਾਹਨਾਂ ਦੀ ਸੀ.ਸੀ.ਟੀ.ਵੀ. (CCTV) ਅਤੇ ਏ.ਐੱਨ.ਪੀ.ਆਰ. (ANPR) ਕੈਮਰਿਆਂ ਰਾਹੀਂ ਪਛਾਣ ਕਰਨ ਵਿੱਚ ਵੀ ਭਾਰੀ ਦਿੱਕਤ ਆਉਂਦੀ ਹੈ।
ਪੈਟਰੋਲ ਪੰਪਾਂ ਲਈ ਜਾਰੀ ਦਿਸ਼ਾ-ਨਿਰਦੇਸ਼
- ਸਾਰੇ ਪੈਟਰੋਲ ਪੰਪਾਂ ਅਤੇ ਸੀ.ਐੱਨ.ਜੀ. ਸਟੇਸ਼ਨਾਂ ‘ਤੇ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਘੱਟੋ-ਘੱਟ 3×3 ਫੁੱਟ ਦੇ ਸੂਚਨਾ ਬੋਰਡ ਲਗਾਉਣੇ ਲਾਜ਼ਮੀ ਹੋਣਗੇ।
- ਈਂਧਨ ਸਟੇਸ਼ਨਾਂ ‘ਤੇ ਲੱਗੇ ਸੀ.ਸੀ.ਟੀ.ਵੀ. ਅਤੇ ਏ.ਐੱਨ.ਪੀ.ਆਰ. ਕੈਮਰੇ ਹਰ ਵੇਲੇ ਚਾਲੂ ਰੱਖਣੇ ਹੋਣਗੇ ਅਤੇ ਵਾਹਨਾਂ ਦੀ ਰਿਕਾਰਡਿੰਗ ਘੱਟੋ-ਘੱਟ 30 ਦਿਨਾਂ ਲਈ ਸੁਰੱਖਿਅਤ ਰੱਖਣੀ ਪਵੇਗੀ।
ਇਨ੍ਹਾਂ ਨੂੰ ਮਿਲੇਗੀ ਛੋਟ : ਨਵੇਂ ਵਾਹਨ ਜਿਨ੍ਹਾਂ ਕੋਲ ਵੈਧ ਰਜਿਸਟ੍ਰੇਸ਼ਨ ਜਾਂ ਅਸਥਾਈ (ਟੈਂਪਰੇਰੀ) ਰਜਿਸਟ੍ਰੇਸ਼ਨ ਨੰਬਰ ਹੈ, ਉਨ੍ਹਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਹੋਰ ਐਮਰਜੈਂਸੀ ਸੇਵਾਵਾਂ ਵਾਲੇ ਵਾਹਨਾਂ ‘ਤੇ ਵੀ ਇਹ ਹੁਕਮ ਲਾਗੂ ਨਹੀਂ ਹੋਵੇਗਾ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ BNSS ਦੀ ਧਾਰਾ 223 ਅਤੇ ਮੋਟਰ ਵਾਹਨ ਐਕਟ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।






