HomeLifestyleਵਿਲੱਖਣ ਵਿਚਾਰ, ਸਿਰਜਣ ਇਨਸਾਨੀ ਕਿਰਦਾਰ.

ਵਿਲੱਖਣ ਵਿਚਾਰ, ਸਿਰਜਣ ਇਨਸਾਨੀ ਕਿਰਦਾਰ.

Creative and unique ideas influence personality, values and the way individuals understand and respond to the world.

ਅਸਲ ਅਮੀਰੀ ਕੰਧਾਂ ਦੀ ਉਚਾਈ ਵਿੱਚ ਨਹੀਂ, ਵਿਚਾਰਾਂ ਦੀ ਗਹਿਰਾਈ ਵਿੱਚ ਵੱਸਦੀ ਹੈ।

ਇੱਕ ਮਹਿੰਗੇ ਅਤੇ ਇੱਕ ਸਸਤੇ ਮਕਾਨ ਵਿੱਚ ਕੀ ਫ਼ਰਕ ਹੁੰਦਾ ਹੈ? ਸਸਤੇ ਮਕਾਨ ਵਿੱਚ ਵੀ ਉਹ ਸਾਰੀਆਂ ਬੁਨਿਆਦੀ ਚੀਜ਼ਾਂ ਹੁੰਦੀਆਂ ਹਨ, ਜਿਹੜੀਆਂ ਇੱਕ ਘਰ ਨੂੰ ਰਹਿਣ ਯੋਗ ਬਣਾਉਂਦੀਆਂ ਹਨ। ਛੱਤ ਹੁੰਦੀ ਹੈ, ਕੰਧਾਂ ਹੁੰਦੀਆਂ ਹਨ, ਦਰਵਾਜ਼ੇ ਹੁੰਦੇ ਹਨ ਅਤੇ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਸਾਮਾਨ ਹੁੰਦਾ ਹੈ। ਪਰ ਇੱਕ ਮਹਿੰਗੇ ਮਕਾਨ ਦੀ ਖ਼ੂਬਸੂਰਤੀ ਸਿਰਫ਼ ਉਸ ਦੀਆਂ ਕੰਧਾਂ ਜਾਂ ਛੱਤ ਵਿੱਚ ਨਹੀਂ ਹੁੰਦੀ। ਉੱਥੇ ਇੱਕ ਤੋਂ ਇੱਕ ਵੰਨ-ਸੁਵੰਨੀਆਂ, ਮਹਿੰਗੀਆਂ ਅਤੇ ਨਾਇਬ ਚੀਜ਼ਾਂ ਹੁੰਦੀਆਂ ਹਨ। ਕੀਮਤੀ ਕਾਰਪੇਟ, ਸੁੰਦਰ ਲਿਖਤਾਂ, ਕਲਾਤਮਕ ਚਿੱਤਰ, ਸ਼ਾਨਦਾਰ ਸਜਾਵਟੀ ਸਮਾਨ ਅਤੇ ਸੁੰਦਰਤਾ ਦੇ ਅਨੇਕਾਂ ਡੈਕੋਰੇਸ਼ਨ ਪੀਸ ਉਸ ਮਕਾਨ ਨੂੰ ਵਿਲੱਖਣ ਬਣਾਉਂਦੇ ਹਨ।

ਇਹੀ ਫ਼ਰਕ ਮਨੁੱਖ ਦੀ ਸੋਚ ਵਿੱਚ ਵੀ ਹੁੰਦਾ ਹੈ। ਹਰ ਇਨਸਾਨ ਕਿਸੇ ਨਾ ਕਿਸੇ ਭਾਸ਼ਾ ਵਿੱਚ ਸੋਚਦਾ ਹੈ। ਅਕਸਰ ਮਨੁੱਖ ਦੀ ਸੋਚ ਦੀ ਪਹਿਲੀ ਭਾਸ਼ਾ ਉਸ ਦੀ ਮਾਂ ਬੋਲੀ ਹੁੰਦੀ ਹੈ। ਉਹ ਆਪਣੇ ਦੁੱਖ, ਸੁੱਖ, ਸੁਪਨੇ, ਡਰ, ਪਿਆਰ ਅਤੇ ਆਸਾਂ ਨੂੰ ਸ਼ਬਦਾਂ ਰਾਹੀਂ ਹੀ ਸਮਝਦਾ ਹੈ। ਸ਼ਬਦ ਸਿਰਫ਼ ਬੋਲਣ ਦਾ ਸਾਧਨ ਨਹੀਂ, ਸਗੋਂ ਸੋਚ ਦੇ ਉਹ ਸੰਦ ਹਨ, ਜਿਨ੍ਹਾਂ ਨਾਲ ਮਨੁੱਖ ਆਪਣੇ ਅੰਦਰਲੀ ਦੁਨੀਆ ਦਾ ਨਿਰਮਾਣ ਕਰਦਾ ਹੈ।

ਜੇਕਰ ਤੁਹਾਡੀ ਸੋਚ ਸਸਤੀ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਕੋਲ ਪੈਸੇ ਘੱਟ ਹਨ। ਸਸਤੀ ਸੋਚ ਦਾ ਅਰਥ ਹੈ—ਵਿਚਾਰਾਂ ਦੀ ਗਰੀਬੀ, ਨਜ਼ਰੀਏ ਦੀ ਤੰਗੀ ਅਤੇ ਸ਼ਬਦਾਂ ਦੀ ਸੀਮਿਤ ਦੁਨੀਆ। ਜਿਸ ਮਨੁੱਖ ਕੋਲ ਉਹੀ ਕੁਝ ਗਿਣੇ-ਚੁਣੇ ਸ਼ਬਦ ਹਨ, ਜਿਹੜੇ ਹਰ ਕੋਈ ਵਰਤਦਾ ਹੈ, ਉਹ ਅਕਸਰ ਉਸੇ ਸੀਮਿਤ ਦਾਇਰੇ ਵਿੱਚ ਸੋਚਦਾ ਹੈ। ਉਸ ਦੀ ਗੱਲਬਾਤ ਵਿੱਚ ਡੂੰਘਾਈ ਘੱਟ ਹੁੰਦੀ ਹੈ, ਉਸ ਦੇ ਵਿਚਾਰਾਂ ਵਿੱਚ ਵਿਸ਼ਾਲਤਾ ਘੱਟ ਹੁੰਦੀ ਹੈ ਅਤੇ ਉਸ ਦੀ ਸਮਝ ਅਕਸਰ ਦਿਖਾਈ ਦੇਣ ਵਾਲੀਆਂ ਚੀਜ਼ਾਂ ਤੱਕ ਹੀ ਸੀਮਿਤ ਰਹਿ ਜਾਂਦੀ ਹੈ।

ਇਸ ਦੇ ਉਲਟ, ਮਹਿੰਗੀ ਸੋਚ ਵਾਲਾ ਮਨੁੱਖ ਆਪਣੇ ਵਿਚਾਰਾਂ ਨੂੰ ਬਿਹਤਰੀਨ ਸ਼ਬਦਾਂ, ਵਿਸ਼ਾਲ ਗਿਆਨ ਅਤੇ ਉੱਚੇ ਨਜ਼ਰੀਏ ਨਾਲ ਸਜਾਉਂਦਾ ਹੈ। ਜਿਵੇਂ ਇੱਕ ਮਹਿੰਗੇ ਮਕਾਨ ਦੀ ਸੁੰਦਰਤਾ ਉਸ ਦੇ ਨਾਇਬ ਸਾਮਾਨ ਨਾਲ ਵਧਦੀ ਹੈ, ਉਸੇ ਤਰ੍ਹਾਂ ਮਨੁੱਖ ਦੀ ਸੋਚ ਦੀ ਕੀਮਤ ਉਸ ਦੇ ਸ਼ਬਦਾਂ, ਵਿਚਾਰਾਂ ਅਤੇ ਸਮਝ ਨਾਲ ਵਧਦੀ ਹੈ। ਇੱਥੇ ਮਹਿੰਗੇ ਸ਼ਬਦਾਂ ਦਾ ਮਤਲਬ ਔਖੇ ਜਾਂ ਵਿਦੇਸ਼ੀ ਸ਼ਬਦ ਨਹੀਂ, ਸਗੋਂ ਉਹ ਲਫ਼ਜ਼ ਹਨ ਜਿਨ੍ਹਾਂ ਵਿੱਚ ਅਰਥ, ਸੰਵੇਦਨਾ, ਸੱਚਾਈ ਅਤੇ ਸਿਆਣਪ ਵੱਸਦੀ ਹੋਵੇ।

ਇੱਕ ਮਨੁੱਖ ਜਿਹੜੇ ਸ਼ਬਦ ਸਿੱਖਦਾ ਹੈ, ਉਹ ਉਸ ਦੀ ਸੋਚ ਦੇ ਦਰਵਾਜ਼ੇ ਖੋਲ੍ਹਦੇ ਹਨ। ਜੇਕਰ ਉਸ ਦੀ ਸ਼ਬਦਾਵਲੀ ਵਿੱਚ ਪਿਆਰ ਹੈ, ਤਾਂ ਉਹ ਰਿਸ਼ਤਿਆਂ ਨੂੰ ਸਮਝੇਗਾ। ਜੇਕਰ ਉਸ ਦੇ ਸ਼ਬਦਾਂ ਵਿੱਚ ਨਿਆਂ ਹੈ, ਤਾਂ ਉਹ ਦੂਜਿਆਂ ਦੇ ਹੱਕਾਂ ਬਾਰੇ ਸੋਚੇਗਾ। ਜੇਕਰ ਉਸ ਦੀ ਭਾਸ਼ਾ ਵਿੱਚ ਸਹਿਣਸ਼ੀਲਤਾ ਹੈ, ਤਾਂ ਉਹ ਵੱਖਰੇ ਵਿਚਾਰਾਂ ਨੂੰ ਵੀ ਸਤਿਕਾਰ ਦੇਵੇਗਾ। ਪਰ ਜੇਕਰ ਉਸ ਦੀ ਜ਼ੁਬਾਨ ਵਿੱਚ ਸਿਰਫ਼ ਨਫ਼ਰਤ, ਤੌਹੀਨ, ਈਰਖਾ ਅਤੇ ਅਪਮਾਨ ਦੇ ਸ਼ਬਦ ਹਨ, ਤਾਂ ਉਸ ਦੀ ਸੋਚ ਵੀ ਹੌਲੀ-ਹੌਲੀ ਉਸੇ ਰੰਗ ਵਿੱਚ ਰੰਗੀ ਜਾਂਦੀ ਹੈ।

ਇਸ ਲਈ ਮਾਂ ਬੋਲੀ ਦੀ ਅਮੀਰੀ ਸਿਰਫ਼ ਉਸ ਨੂੰ ਬੋਲਣ ਵਿੱਚ ਨਹੀਂ, ਸਗੋਂ ਉਸ ਦੇ ਸ਼ਬਦ-ਭੰਡਾਰ ਨੂੰ ਵਿਸ਼ਾਲ ਬਣਾਉਣ ਵਿੱਚ ਹੈ। ਪੰਜਾਬੀ ਦੀ ਅਸਲ ਤਾਕਤ ਉਸ ਦੀ ਮਿੱਠਾਸ ਦੇ ਨਾਲ-ਨਾਲ ਉਸ ਦੀ ਵਿਚਾਰਕ ਡੂੰਘਾਈ ਵਿੱਚ ਹੈ। ਗੁਰਬਾਣੀ, ਪੰਜਾਬੀ ਸਾਹਿਤ, ਸੂਫ਼ੀ ਕਾਵਿ ਅਤੇ ਲੋਕ-ਵਿਰਸੇ ਨੇ ਸਾਡੀ ਭਾਸ਼ਾ ਨੂੰ ਅਜਿਹੇ ਅਣਮੁੱਲੇ ਸ਼ਬਦ ਦਿੱਤੇ ਹਨ, ਜਿਨ੍ਹਾਂ ਵਿੱਚ ਸਦੀਆਂ ਦਾ ਗਿਆਨ ਅਤੇ ਮਨੁੱਖੀ ਤਜਰਬਾ ਸਮਾਇਆ ਹੋਇਆ ਹੈ। ਜਿਹੜਾ ਮਨੁੱਖ ਆਪਣੀ ਭਾਸ਼ਾ ਨੂੰ ਪੜ੍ਹਦਾ, ਸਮਝਦਾ ਅਤੇ ਨਿਖਾਰਦਾ ਹੈ, ਉਹ ਆਪਣੀ ਸੋਚ ਨੂੰ ਵੀ ਨਿਖਾਰਦਾ ਹੈ।

ਪਰ ਸਿਰਫ਼ ਬਹੁਤ ਸਾਰੇ ਸ਼ਬਦ ਜਾਣ ਲੈਣਾ ਹੀ ਮਹਿੰਗੀ ਸੋਚ ਦੀ ਨਿਸ਼ਾਨੀ ਨਹੀਂ। ਅਸਲ ਕੀਮਤ ਇਸ ਗੱਲ ਦੀ ਹੈ ਕਿ ਤੁਸੀਂ ਉਨ੍ਹਾਂ ਸ਼ਬਦਾਂ ਨੂੰ ਕਿਵੇਂ ਵਰਤਦੇ ਹੋ। ਕੋਈ ਮਨੁੱਖ ਵੱਡੇ-ਵੱਡੇ ਸ਼ਬਦ ਬੋਲ ਸਕਦਾ ਹੈ, ਪਰ ਜੇਕਰ ਉਸ ਦੇ ਕੰਮਾਂ ਵਿੱਚ ਇਮਾਨਦਾਰੀ ਨਹੀਂ, ਤਾਂ ਉਸ ਦੀ ਸੋਚ ਖੋਖਲੀ ਹੈ। ਦੂਜੇ ਪਾਸੇ, ਕੋਈ ਸਧਾਰਨ ਭਾਸ਼ਾ ਵਿੱਚ ਗੱਲ ਕਰਦਾ ਹੋਇਆ ਵੀ ਆਪਣੇ ਚੰਗੇ ਆਚਰਨ, ਸੱਚਾਈ ਅਤੇ ਮਨੁੱਖਤਾ ਨਾਲ ਬਹੁਤ ਉੱਚਾ ਹੋ ਸਕਦਾ ਹੈ।

ਚੰਗੀ ਸੋਚ ਤੋਂ ਹੀ ਚੰਗਾ ਕਿਰਦਾਰ ਬਣਦਾ ਹੈ। ਮਨੁੱਖ ਦੇ ਵਿਚਾਰ ਉਸ ਦੇ ਫ਼ੈਸਲਿਆਂ ਨੂੰ ਜਨਮ ਦਿੰਦੇ ਹਨ, ਫ਼ੈਸਲੇ ਉਸ ਦੇ ਕੰਮਾਂ ਨੂੰ ਅਤੇ ਕੰਮ ਉਸ ਦੇ ਕਿਰਦਾਰ ਨੂੰ। ਜਿਹੜਾ ਮਨੁੱਖ ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਦਾ ਹੈ, ਜਿਹੜਾ ਕਮਜ਼ੋਰ ਦਾ ਹੱਕ ਨਹੀਂ ਮਾਰਦਾ, ਜਿਹੜਾ ਸੱਚ ਦੇ ਨਾਲ ਖੜ੍ਹਦਾ ਹੈ ਅਤੇ ਜਿਹੜਾ ਆਪਣੀ ਕਾਮਯਾਬੀ ਵਿੱਚ ਵੀ ਨਿਮਰ ਰਹਿੰਦਾ ਹੈ, ਉਹ ਅਸਲ ਵਿੱਚ ਮਹਿੰਗਾ ਮਨੁੱਖ ਹੈ। ਅਜਿਹੇ ਮਨੁੱਖ ਦੀ ਕੀਮਤ ਪੈਸਿਆਂ ਨਾਲ ਨਹੀਂ ਲਗਾਈ ਜਾ ਸਕਦੀ। ਉਸ ਦਾ ਸਤਿਕਾਰ ਉਸ ਦੀ ਦੌਲਤ ਨਾਲ ਨਹੀਂ, ਉਸ ਦੀ ਨੀਅਤ ਨਾਲ ਹੁੰਦਾ ਹੈ। ਉਸ ਦੀ ਪਛਾਣ ਉਸ ਦੇ ਕੱਪੜਿਆਂ, ਮਕਾਨ ਜਾਂ ਗੱਡੀ ਨਾਲ ਨਹੀਂ, ਸਗੋਂ ਉਸ ਦੇ ਵਿਹਾਰ, ਬੋਲਾਂ ਅਤੇ ਕਿਰਦਾਰ ਨਾਲ ਹੁੰਦੀ ਹੈ।

ਅੱਜ ਲੋੜ ਹੈ ਕਿ ਅਸੀਂ ਆਪਣੇ ਘਰਾਂ ਨੂੰ ਸਜਾਉਣ ਦੇ ਨਾਲ-ਨਾਲ ਆਪਣੀ ਸੋਚ ਨੂੰ ਵੀ ਸਜਾਈਏ। ਮਹਿੰਗੇ ਪਰਦੇ, ਕਾਰਪੇਟ ਅਤੇ ਡੈਕੋਰੇਸ਼ਨ ਪੀਸ ਘਰ ਨੂੰ ਸੋਹਣਾ ਬਣਾ ਸਕਦੇ ਹਨ, ਪਰ ਚੰਗੇ ਵਿਚਾਰ, ਸੁੰਦਰ ਸ਼ਬਦ ਅਤੇ ਉੱਚਾ ਕਿਰਦਾਰ ਮਨੁੱਖ ਨੂੰ ਅਣਮੁੱਲਾ ਬਣਾਉਂਦੇ ਹਨ। ਯਾਦ ਰੱਖੋ, ਮਹਿੰਗਾ ਮਕਾਨ ਤੁਹਾਡੀ ਦੌਲਤ ਦੱਸਦਾ ਹੈ, ਪਰ ਮਹਿੰਗੀ ਸੋਚ ਤੁਹਾਡੀ ਅਸਲ ਔਕਾਤ ਦੱਸਦੀ ਹੈ। ਮਨੁੱਖ ਦੀ ਸਭ ਤੋਂ ਵੱਡੀ ਪੂੰਜੀ ਉਸ ਦੀ ਸੋਚ ਹੈ ਅਤੇ ਸਭ ਤੋਂ ਕੀਮਤੀ ਪਛਾਣ ਉਸ ਦਾ ਕਿਰਦਾਰ।

ਛੱਤਰਪਾਲ ਸਿੰਘ ਚੌਧਰੀ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments