HomeLifestyleਸਲਾਹ ਨਹੀਂ, ਸੁਣਨਾ ਸਹੀ

ਸਲਾਹ ਨਹੀਂ, ਸੁਣਨਾ ਸਹੀ

Sometimes, Listening Matters More Than Giving Advice

ਜ਼ਿੰਦਗੀ ਵਿੱਚ ਅਕਸਰ ਅਜਿਹਾ ਹੁੰਦਾ ਹੈ ਕਿ ਸਾਡਾ ਕੋਈ ਭੈਣ-ਭਰਾ, ਦੋਸਤ, ਰਿਸ਼ਤੇਦਾਰ ਜਾਂ ਜਾਣਕਾਰ ਆਪਣੇ ਮਨ ਦੀਆਂ ਪਰੇਸ਼ਾਨੀਆਂ, ਦੁੱਖਾਂ ਅਤੇ ਤਕਲੀਫ਼ਾਂ ਸਾਂਝੀਆਂ ਕਰਨ ਸਾਡੇ ਕੋਲ ਆਉਂਦਾ ਹੈ। ਉਹ ਅੰਦਰੋਂ ਟੁੱਟਿਆ ਹੁੰਦਾ ਹੈ, ਹੌਸਲਾ ਗੁਆ ਬੈਠਦਾ ਹੈ, ਨਿਰਾਸ਼ਾ ਨਾਲ ਘਿਰਿਆ ਹੁੰਦਾ ਹੈ ਅਤੇ ਕਈ ਵਾਰ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਵੀ ਉਸ ਲਈ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਸਮੇਂ ਸਾਡਾ ਸੁਭਾਵਿਕ ਪ੍ਰਤੀਕਰਮ ਹੁੰਦਾ ਹੈ ਕਿ ਅਸੀਂ ਉਸ ਨੂੰ ਹੌਸਲਾ ਦੇਈਏ, ਸਮਝਾਈਏ ਅਤੇ ਕਹੀਏ ਕਿ ਤਕੜਾ ਬਣ, ਹਿੰਮਤ ਰੱਖ, ਹਾਲਾਤਾਂ ਦਾ ਸਾਹਮਣਾ ਕਰ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰ।

ਸਾਡੀ ਨੀਅਤ ਬਿਲਕੁਲ ਸਾਫ਼ ਹੁੰਦੀ ਹੈ। ਅਸੀਂ ਉਸ ਦਾ ਭਲਾ ਚਾਹੁੰਦੇ ਹਾਂ ਅਤੇ ਉਸ ਨੂੰ ਮੁੜ ਮਜ਼ਬੂਤ ਦੇਖਣਾ ਚਾਹੁੰਦੇ ਹਾਂ। ਪਰ ਇਸ ਸਾਰੀ ਚੰਗੀ ਭਾਵਨਾ ਦੇ ਬਾਵਜੂਦ ਕਈ ਵਾਰ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਸਮਝਣ ਤੋਂ ਖੁੰਝ ਜਾਂਦੇ ਹਾਂ। ਉਹ ਇਹ ਕਿ ਹਰ ਦੁਖੀ ਇਨਸਾਨ ਸਾਡੇ ਕੋਲ ਆਪਣੀ ਸਮੱਸਿਆ ਦਾ ਹੱਲ ਲੱਭਣ ਨਹੀਂ ਆਉਂਦਾ। ਕਈ ਵਾਰ ਉਹ ਸਿਰਫ਼ ਆਪਣੇ ਮਨ ਦਾ ਬੋਝ ਹਲਕਾ ਕਰਨ, ਕੁਝ ਪਲਾਂ ਲਈ ਕਮਜ਼ੋਰ ਹੋਣ ਅਤੇ ਆਪਣੇ ਅੰਦਰ ਦੱਬੀਆਂ ਭਾਵਨਾਵਾਂ ਨੂੰ ਬਾਹਰ ਕੱਢਣ ਆਉਂਦਾ ਹੈ। ਜ਼ਰਾ ਸੋਚੋ, ਜਿਹੜਾ ਵਿਅਕਤੀ ਕਈ ਦਿਨਾਂ, ਮਹੀਨਿਆਂ ਜਾਂ ਸਾਲਾਂ ਤੋਂ ਆਪਣੀਆਂ ਮੁਸ਼ਕਲਾਂ ਨਾਲ ਇਕੱਲਾ ਜੂਝ ਰਿਹਾ ਹੈ, ਹਰ ਰੋਜ਼ ਆਪਣੇ ਆਪ ਨੂੰ ਸਮਝਾ ਰਿਹਾ ਹੈ, ਹਾਲਾਤਾਂ ਨਾਲ ਲੜ ਰਿਹਾ ਹੈ ਅਤੇ ਦੁਨੀਆ ਸਾਹਮਣੇ ਮਜ਼ਬੂਤ ਬਣ ਕੇ ਵਿਚਰ ਰਿਹਾ ਹੈ, ਉਹ ਜਦੋਂ ਤੁਹਾਡੇ ਕੋਲ ਆਉਂਦਾ ਹੈ ਤਾਂ ਸ਼ਾਇਦ ਉਸ ਨੂੰ ਕੁਝ ਪਲਾਂ ਲਈ ਆਪਣੀ ਮਜ਼ਬੂਤੀ ਦਾ ਨਕਾਬ ਉਤਾਰਨ ਦੀ ਲੋੜ ਹੁੰਦੀ ਹੈ। ਉਹ ਚਾਹੁੰਦਾ ਹੈ ਕਿ ਕੋਈ ਅਜਿਹਾ ਹੋਵੇ ਜਿਸ ਦੇ ਸਾਹਮਣੇ ਉਹ ਬਿਨਾਂ ਕਿਸੇ ਝਿਜਕ ਦੇ ਰੋ ਸਕੇ, ਆਪਣੀ ਬੇਵਸੀ ਬਿਆਨ ਕਰ ਸਕੇ ਅਤੇ ਇਹ ਮਹਿਸੂਸ ਕਰ ਸਕੇ ਕਿ ਉਸ ਨੂੰ ਹਰ ਵੇਲੇ ਤਕੜੇ ਬਣੇ ਰਹਿਣ ਦੀ ਲੋੜ ਨਹੀਂ।

ਪਰ ਅਸੀਂ ਅਕਸਰ ਉਸ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਸਲਾਹਾਂ ਦੇਣੀਆਂ ਸ਼ੁਰੂ ਕਰ ਦਿੰਦੇ ਹਾਂ। ਕੋਈ ਕਹਿੰਦਾ ਹੈ, ਇਹ ਸਭ ਨਾਲ ਹੁੰਦਾ ਹੈ। ਕੋਈ ਸਮਝਾਉਂਦਾ ਹੈ ਕਿ ਦੁਨੀਆ ਵਿੱਚ ਤੇਰੇ ਨਾਲੋਂ ਵੱਧ ਦੁਖੀ ਲੋਕ ਵੀ ਹਨ। ਕੋਈ ਉਸ ਦੀਆਂ ਗ਼ਲਤੀਆਂ ਗਿਣਾਉਣ ਲੱਗ ਪੈਂਦਾ ਹੈ ਅਤੇ ਕੋਈ ਉਸ ਨੂੰ ਆਪਣੀ ਸੋਚ ਬਦਲਣ ਦੀ ਨਸੀਹਤ ਦੇਣ ਲੱਗਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਜਿਹੜਾ ਵਿਅਕਤੀ ਆਪਣੇ ਮਨ ਦੀ ਗੱਲ ਕਹਿਣ ਆਇਆ ਸੀ, ਉਹ ਹੋਰ ਵੀ ਚੁੱਪ ਹੋ ਜਾਂਦਾ ਹੈ। ਉਸ ਨੂੰ ਲੱਗਦਾ ਹੈ ਕਿ ਸ਼ਾਇਦ ਇੱਥੇ ਵੀ ਉਸ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਬਜਾਏ ਉਸ ਨੂੰ ਪਰਖਿਆ ਜਾ ਰਿਹਾ ਹੈ। ਇੱਥੇ ਸਾਨੂੰ ਮਨੁੱਖੀ ਮਨ ਦੀ ਇੱਕ ਬਹੁਤ ਬੁਨਿਆਦੀ ਲੋੜ ਸਮਝਣ ਦੀ ਜ਼ਰੂਰਤ ਹੈ। ਮਨੁੱਖ ਨੂੰ ਸਿਰਫ਼ ਸਲਾਹ, ਹੱਲ ਅਤੇ ਮਾਰਗਦਰਸ਼ਨ ਹੀ ਨਹੀਂ ਚਾਹੀਦਾ ਹੁੰਦਾ, ਉਸ ਨੂੰ ਭਾਵਨਾਤਮਕ ਸਹਾਰਾ ਵੀ ਚਾਹੀਦਾ ਹੈ। ਮਨੋਵਿਗਿਆਨ ਵਿੱਚ ਇਸ ਨੂੰ ਸਰਗਰਮ ਸੁਣਨਾ (Active Listening) ਕਿਹਾ ਜਾਂਦਾ ਹੈ। ਇਸ ਦਾ ਅਰਥ ਹੈ ਕਿ ਕਿਸੇ ਦੀ ਗੱਲ ਸਿਰਫ਼ ਸੁਣਨੀ ਹੀ ਨਹੀਂ, ਸਗੋਂ ਬਿਨਾਂ ਟੋਕੇ, ਬਿਨਾਂ ਨਿਰਣਾ ਕੀਤੇ ਅਤੇ ਬਿਨਾਂ ਆਪਣੀ ਸੋਚ ਥੋਪੇ ਉਸ ਦੇ ਅਹਿਸਾਸਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ।

ਕਈ ਵਾਰ ਕਿਸੇ ਨੂੰ ਗਲੇ ਲਗਾ ਕੇ ਚੁੱਪਚਾਪ ਬੈਠਣਾ, ਉਸ ਦੇ ਮੋਢੇ ’ਤੇ ਹੱਥ ਰੱਖਣਾ ਜਾਂ ਸਿਰਫ਼ ਇਹ ਕਹਿਣਾ ਕਿ ‘ਮੈਂ ਤੇਰੇ ਨਾਲ ਹਾਂ, ਤੂੰ ਬੇਝਿਜਕ ਆਪਣੀ ਗੱਲ ਕਹਿ ਸਕਦਾ ਹੈਂ’, ਵੱਡੀਆਂ-ਵੱਡੀਆਂ ਸਲਾਹਾਂ ਨਾਲੋਂ ਕਿਤੇ ਵੱਧ ਅਸਰਦਾਰ ਹੁੰਦਾ ਹੈ। ਰੋਣਾ ਕਮਜ਼ੋਰੀ ਦੀ ਨਿਸ਼ਾਨੀ ਨਹੀਂ, ਸਗੋਂ ਮਨ ਵਿੱਚ ਇਕੱਠੇ ਹੋਏ ਭਾਵਨਾਤਮਕ ਦਬਾਅ ਨੂੰ ਪ੍ਰਗਟ ਕਰਨ ਦਾ ਇੱਕ ਕੁਦਰਤੀ ਤਰੀਕਾ ਹੈ। ਕਿਸੇ ਨੂੰ ਰੋਣ ਤੋਂ ਰੋਕਣ ਜਾਂ ਤੁਰੰਤ ਚੁੱਪ ਕਰਵਾਉਣ ਦੀ ਬਜਾਏ ਉਸ ਨੂੰ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਲਈ ਸੁਰੱਖਿਅਤ ਮਾਹੌਲ ਦੇਣਾ ਚਾਹੀਦਾ ਹੈ। ਇਸ ਦਾ ਮਤਲਬ ਇਹ ਵੀ ਨਹੀਂ ਕਿ ਸਲਾਹ ਜਾਂ ਮਦਦ ਦੀ ਕੋਈ ਮਹੱਤਤਾ ਨਹੀਂ। ਜਦੋਂ ਕੋਈ ਵਿਅਕਤੀ ਹੱਲ ਚਾਹੁੰਦਾ ਹੋਵੇ, ਉਸ ਨੂੰ ਸਹੀ ਮਾਰਗਦਰਸ਼ਨ ਦੇਣਾ ਸਾਡੀ ਜ਼ਿੰਮੇਵਾਰੀ ਹੈ। ਪਰ ਇਸ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਸਾਹਮਣੇ ਵਾਲੇ ਨੂੰ ਇਸ ਸਮੇਂ ਕੀ ਚਾਹੀਦਾ ਹੈ। ਕਈ ਵਾਰ ਸਿਰਫ਼ ਇੱਕ ਸਵਾਲ ਕਾਫ਼ੀ ਹੁੰਦਾ ਹੈ—‘ਤੂੰ ਚਾਹੁੰਦਾ ਹੈਂ ਕਿ ਮੈਂ ਤੇਰੀ ਗੱਲ ਸੁਣਾਂ ਜਾਂ ਅਸੀਂ ਮਿਲ ਕੇ ਇਸ ਦਾ ਕੋਈ ਹੱਲ ਲੱਭੀਏ?’

ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਦੀਆਂ ਨਿੱਜੀ ਪਰੇਸ਼ਾਨੀਆਂ ਨੂੰ ਉਸ ਦੀ ਇਜਾਜ਼ਤ ਤੋਂ ਬਿਨਾਂ ਦੂਜਿਆਂ ਨਾਲ ਸਾਂਝਾ ਕਰਨਾ ਉਸ ਦੇ ਭਰੋਸੇ ਨੂੰ ਤੋੜ ਸਕਦਾ ਹੈ। ਕਿਸੇ ਦੀ ਕਮਜ਼ੋਰੀ ਨੂੰ ਉਸ ਦੇ ਵਿਰੁੱਧ ਵਰਤਣ ਦੀ ਬਜਾਏ ਉਸ ਦੀ ਨਿੱਜਤਾ ਅਤੇ ਸਵੈਮਾਣ ਦੀ ਰਾਖੀ ਕਰਨੀ ਚਾਹੀਦੀ ਹੈ। ਅੱਜ ਦੇ ਰੁਝੇਵਿਆਂ ਭਰੇ ਸਮਾਜ ਵਿੱਚ ਹਰ ਕੋਈ ਸੁਣਾਉਣ ਲਈ ਤਿਆਰ ਹੈ, ਪਰ ਸੁਣਨ ਲਈ ਸਮਾਂ ਕੱਢਣ ਵਾਲੇ ਲੋਕ ਘੱਟ ਹਨ। ਅਸੀਂ ਹਰ ਸਮੱਸਿਆ ਦਾ ਹੱਲ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਈ ਵਾਰ ਇਹ ਭੁੱਲ ਜਾਂਦੇ ਹਾਂ ਕਿ ਸਾਡੀ ਮੌਜੂਦਗੀ ਹੀ ਕਿਸੇ ਲਈ ਸਭ ਤੋਂ ਵੱਡਾ ਸਹਾਰਾ ਹੋ ਸਕਦੀ ਹੈ।

ਇਸ ਲਈ ਅਗਲੀ ਵਾਰ ਜਦੋਂ ਕੋਈ ਆਪਣਾ ਤੁਹਾਡੇ ਕੋਲ ਆਪਣਾ ਦੁੱਖ ਲੈ ਕੇ ਆਵੇ ਤਾਂ ਉਸ ਨੂੰ ਤੁਰੰਤ ਤਕੜਾ ਬਣਨ ਦੀ ਨਸੀਹਤ ਨਾ ਦਿਓ। ਪਹਿਲਾਂ ਉਸ ਨੂੰ ਆਪਣੇ ਮਨ ਦੀ ਗੱਲ ਕਹਿਣ ਦਿਓ। ਉਸ ਦੇ ਹੰਝੂਆਂ ਨੂੰ ਕਮਜ਼ੋਰੀ ਨਾ ਸਮਝੋ ਅਤੇ ਉਸ ਦੀ ਚੁੱਪ ਨੂੰ ਨਜ਼ਰਅੰਦਾਜ਼ ਨਾ ਕਰੋ। ਹੋ ਸਕਦਾ ਹੈ ਕਿ ਉਹ ਤੁਹਾਡੇ ਕੋਲ ਆਪਣੀ ਸਮੱਸਿਆ ਦਾ ਹੱਲ ਲੈਣ ਨਹੀਂ, ਸਗੋਂ ਕੁਝ ਪਲਾਂ ਲਈ ਆਪਣਾ ਬੋਝ ਉਤਾਰਨ ਆਇਆ ਹੋਵੇ। ਯਾਦ ਰੱਖੋ, ਹਰ ਵਾਰ ਕਿਸੇ ਨੂੰ ਖੜ੍ਹਾ ਕਰਨ ਲਈ ਹੱਥ ਫੜਨ ਦੀ ਲੋੜ ਨਹੀਂ ਹੁੰਦੀ। ਕਈ ਵਾਰ ਉਸ ਦੇ ਕੋਲ ਬੈਠ ਜਾਣਾ ਹੀ ਕਾਫ਼ੀ ਹੁੰਦਾ ਹੈ। ਕਿਉਂਕਿ ਹਰ ਕਿਸੇ ਨੂੰ ਸਲਾਹਕਾਰ ਨਹੀਂ ਚਾਹੀਦਾ, ਕਈਆਂ ਨੂੰ ਸਿਰਫ਼ ਇੱਕ ਅਜਿਹਾ ਇਨਸਾਨ ਚਾਹੀਦਾ ਹੈ ਜੋ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣ ਸਕੇ।

ਛੱਤਰਪਾਲ ਸਿੰਘ

RELATED ARTICLES
- Advertisment -
Google search engine
Google search engine
Google search engine

Most Popular

Recent Comments