ਪੰਚਕੂਲਾ, 12 ਸਤੰਬਰ, 2026 (ਸੰਜੀਵ ਸ਼ਰਮਾ): ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਖਪਤਕਾਰਾਂ ਨੂੰ ਭਰੋਸੇਯੋਗ, ਵਧੀਆ ਵੋਲਟੇਜ ਅਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ। ‘ਪੂਰਨ ਖਪਤਕਾਰ ਸੰਤੁਸ਼ਟੀ’ ਦੇ ਟੀਚੇ ਨੂੰ ਹਾਸਲ ਕਰਨ ਲਈ ਬਿਜਲੀ ਨਿਗਮ ਵੱਲੋਂ ਕਈ ਮਹੱਤਵਪੂਰਨ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ, ਤਾਂ ਜੋ ਖਪਤਕਾਰਾਂ ਦੀਆਂ ਸਮੱਸਿਆਵਾਂ ਦਾ ਜਲਦੀ ਨਿਪਟਾਰਾ ਕੀਤਾ ਜਾ ਸਕੇ। ਬਿਜਲੀ ਨਿਗਮ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚਕੂਲਾ ਜ਼ੋਨ ਅਧੀਨ ਆਉਂਦੇ ਜ਼ਿਲ੍ਹਿਆਂ ਕੁਰੂਕਸ਼ੇਤਰ, ਅੰਬਾਲਾ, ਪੰਚਕੂਲਾ, ਕੈਥਲ ਅਤੇ ਯਮੁਨਾਨਗਰ ਦੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ 14, 21 ਅਤੇ 28 ਸਤੰਬਰ ਨੂੰ ਜ਼ੋਨਲ ਖਪਤਕਾਰ ਸ਼ਿਕਾਇਤ ਨਿਵਾਰਣ ਫੋਰਮ, ਪੰਚਕੂਲਾ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਚਕੂਲਾ ਜ਼ੋਨ ਅਧੀਨ ਆਉਂਦੇ ਜ਼ਿਲ੍ਹਿਆਂ ਦੇ ਖਪਤਕਾਰਾਂ ਦੇ ਗਲਤ ਬਿੱਲਾਂ, ਬਿਜਲੀ ਦਰਾਂ ਨਾਲ ਸਬੰਧਤ ਮਾਮਲਿਆਂ, ਮੀਟਰ ਸਿਕਿਊਰਿਟੀ ਨਾਲ ਜੁੜੇ ਮਾਮਲਿਆਂ, ਖਰਾਬ ਮੀਟਰਾਂ ਨਾਲ ਸਬੰਧਤ ਮਾਮਲਿਆਂ ਅਤੇ ਵੋਲਟੇਜ ਨਾਲ ਜੁੜੇ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ।
ਖਪਤਕਾਰ ਅਤੇ ਨਿਗਮ ਵਿਚਕਾਰ ਕਿਸੇ ਵੀ ਵਿਵਾਦ ਦੇ ਨਿਪਟਾਰੇ ਲਈ ਫੋਰਮ ਵਿੱਚ ਵਿੱਤੀ ਵਿਵਾਦ ਨਾਲ ਸਬੰਧਤ ਸ਼ਿਕਾਇਤ ਪੇਸ਼ ਕਰਨ ਤੋਂ ਪਹਿਲਾਂ, ਖਪਤਕਾਰ ਨੂੰ ਪਿਛਲੇ ਛੇ ਮਹੀਨਿਆਂ ਦੌਰਾਨ ਉਸ ਵੱਲੋਂ ਅਦਾ ਕੀਤੇ ਗਏ ਬਿਜਲੀ ਦੇ ਔਸਤ ਖਰਚੇ ਦੇ ਆਧਾਰ ’ਤੇ ਗਿਣਤੀ ਕੀਤੀ ਗਈ ਹਰ ਮਹੀਨੇ ਲਈ ਦਾਅਵਾ ਕੀਤੀ ਗਈ ਰਕਮ ਜਾਂ ਉਸ ਵੱਲੋਂ ਅਦਾ ਕੀਤੇ ਜਾਣ ਵਾਲੇ ਬਿਜਲੀ ਖਰਚੇ ਦੇ ਬਰਾਬਰ ਰਕਮ—ਇਨ੍ਹਾਂ ਵਿੱਚੋਂ ਜੋ ਵੀ ਘੱਟ ਹੋਵੇ—ਜਮ੍ਹਾਂ ਕਰਵਾਉਣੀ ਹੋਵੇਗੀ। ਇਸ ਦੌਰਾਨ ਖਪਤਕਾਰ ਨੂੰ ਇਹ ਪ੍ਰਮਾਣਿਤ ਕਰਨਾ ਹੋਵੇਗਾ ਕਿ ਸਬੰਧਤ ਮਾਮਲਾ ਕਿਸੇ ਅਦਾਲਤ, ਅਥਾਰਟੀ ਜਾਂ ਫੋਰਮ ਦੇ ਸਾਹਮਣੇ ਲੰਬਿਤ ਨਹੀਂ ਹੈ, ਕਿਉਂਕਿ ਅਦਾਲਤ ਜਾਂ ਫੋਰਮ ਵਿੱਚ ਵਿਚਾਰ ਅਧੀਨ ਮਾਮਲਿਆਂ ’ਤੇ ਮੀਟਿੰਗ ਦੌਰਾਨ ਵਿਚਾਰ ਨਹੀਂ ਕੀਤਾ ਜਾਵੇਗਾ।







