ਸੋਨੀਪਤ, 12 ਸਤੰਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਖੇਡ, ਯੁਵਾ ਸਸ਼ਕਤੀਕਰਨ ਅਤੇ ਉੱਦਮਿਤਾ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਸ਼ੁੱਕਰਵਾਰ ਨੂੰ ਸੋਨੀਪਤ ਵਿੱਚ ਕਰਵਾਏ ਗਏ ਇੱਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਾਈ ਸੈਂਟਰ ਪਰਿਸਰ ਵਿੱਚ 100 ਫੁੱਟ ਉੱਚਾ ਗਗਨਚੁੰਬੀ ਤਿਰੰਗਾ ਲਹਿਰਾਇਆ ਅਤੇ ਸਾਈ ਪਰਿਸਰ ਵਿੱਚ ਭਾਰਤ ਮਾਤਾ ਦੀ ਮੂਰਤੀ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਨੇ ਜਾਪਾਨ ਲਈ ਰਵਾਨਾ ਹੋਣ ਵਾਲੇ ਤੀਰਅੰਦਾਜ਼ੀ ਅਤੇ ਸੇਪਕ ਟਕਰਾ ਦੇ ਖਿਡਾਰੀਆਂ ਨੂੰ ਫੁੱਲ ਭੇਟ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸਾਈ ਸੈਂਟਰ ਪਰਿਸਰ ਵਿੱਚ ਸਥਾਪਿਤ ਭਾਰਤ ਮਾਤਾ ਦੀ ਮੂਰਤੀ ਅਤੇ ਗਗਨਚੁੰਬੀ ਤਿਰੰਗਾ ਖਿਡਾਰੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਦੇਸ਼ ਦੀ ਸ਼ਾਨ ਬਰਕਰਾਰ ਰੱਖਣ ਲਈ ਨਿਰੰਤਰ ਪ੍ਰੇਰਿਤ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਅਤੇ ਸਖ਼ਤ ਮਿਹਨਤ ਦੇ ਦਮ ’ਤੇ ਦੇਸ਼ ਅਤੇ ਸੂਬੇ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਸੰਪੰਨ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਹਰਿਆਣਾ ਦੀਆਂ ਧੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਦੀਆਂ ਮਹਿਲਾ ਖਿਡਾਰੀਆਂ ਨੇ ਬੇਹਤਰੀਨ ਪ੍ਰਦਰਸ਼ਨ ਕਰਕੇ ਤਮਗਾ ਸੂਚੀ ਵਿੱਚ ਹਰਿਆਣਾ ਨੂੰ 12ਵੇਂ ਸਥਾਨ ਤੋਂ ਸਿੱਧਾ ਚੌਥੇ ਸਥਾਨ ’ਤੇ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਹਰਿਆਣਾ ਦਾ ਹਰ ਖਿਡਾਰੀ ਆਪਣੀ ਪ੍ਰਤਿਭਾ, ਲਗਨ ਅਤੇ ਮਿਹਨਤ ਦੇ ਬਲਬੂਤੇ ਦੇਸ਼ ਲਈ ਮਾਣ ਹਾਸਲ ਕਰੇਗਾ। ਉਨ੍ਹਾਂ ਨੇ ਜਾਪਾਨ ਵਿੱਚ ਹੋਣ ਵਾਲੀਆਂ 20ਵੀਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਲਈ ਰਵਾਨਾ ਹੋ ਰਹੇ ਤੀਰਅੰਦਾਜ਼ੀ ਅਤੇ ਸੇਪਕ ਟਕਰਾ ਨਾਲ ਜੁੜੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਕਾਮਨਾ ਕੀਤੀ। ਖਿਡਾਰੀਆਂ ਦਾ ਹੌਸਲਾ ਵਧਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਪੂਰੇ ਆਤਮਵਿਸ਼ਵਾਸ ਨਾਲ ਮੁਕਾਬਲੇ ਵਿੱਚ ਹਿੱਸਾ ਲੈਣ ਅਤੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਨੇ ਸਾਈ ਦੇ ਅਧਿਕਾਰੀਆਂ ਅਤੇ ਕੋਚਾਂ ਦਾ ਵੀ ਖਿਡਾਰੀਆਂ ਨੂੰ ਬਿਹਤਰ ਸਿਖਲਾਈ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਧੰਨਵਾਦ ਕੀਤਾ।







