ਮੁੰਬਈ, 18 ਅਗਸਤ, 2026 (ਕਾਜਲ) : ਸੰਨੀ ਦਿਓਲ ਅਤੇ ਪ੍ਰੀਤੀ ਜ਼ਿੰਟਾ ਸਟਾਰਰ ਫ਼ਿਲਮ ‘ਬਟਵਾਰਾ 1947’ ਨੂੰ ਰਿਲੀਜ਼ ਦੇ ਚੌਥੇ ਦਿਨ ਬਾਕਸ ਆਫਿਸ ’ਤੇ ਵੱਡੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਹੈ। ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਨੇ ਪਹਿਲੇ ਸੋਮਵਾਰ ਭਾਰਤ ਵਿੱਚ ਲਗਭਗ 2 ਕਰੋੜ ਰੁਪਏ ਨੈੱਟ ਕਮਾਏ। ਚੌਥੇ ਦਿਨ ਫ਼ਿਲਮ ਨੇ 6,771 ਸ਼ੋਅਜ਼ ਤੋਂ ਕਰੀਬ 2 ਕਰੋੜ ਰੁਪਏ ਦੀ ਨੈੱਟ ਕਮਾਈ ਕੀਤੀ। ਇਸ ਨਾਲ ਭਾਰਤ ਵਿੱਚ ਫ਼ਿਲਮ ਦੀ ਕੁੱਲ ਨੈੱਟ ਕਮਾਈ 28.50 ਕਰੋੜ ਰੁਪਏ ਅਤੇ ਗ੍ਰਾਸ ਕਲੈਕਸ਼ਨ 33.95 ਕਰੋੜ ਰੁਪਏ ਹੋ ਗਿਆ ਹੈ। ਵਿਦੇਸ਼ੀ ਬਾਜ਼ਾਰ ਵਿੱਚ ਫ਼ਿਲਮ ਨੇ ਚੌਥੇ ਦਿਨ ਲਗਭਗ 0.75 ਕਰੋੜ ਰੁਪਏ ਕਮਾਏ ਹਨ। ਓਵਰਸੀਜ਼ ਵਿੱਚ ਇਸ ਦਾ ਕੁੱਲ ਗ੍ਰਾਸ ਕਲੈਕਸ਼ਨ ਹੁਣ 6.25 ਕਰੋੜ ਰੁਪਏ ਹੋ ਗਿਆ ਹੈ। ਇਸ ਤਰ੍ਹਾਂ ਫ਼ਿਲਮ ਦੀ ਵਿਸ਼ਵ ਪੱਧਰੀ ਗ੍ਰਾਸ ਕਮਾਈ 40.20 ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਪਹਿਲੇ ਤਿੰਨ ਦਿਨਾਂ ਦੀ ਕਮਾਈ
ਫ਼ਿਲਮ ਨੇ 14 ਅਗਸਤ ਨੂੰ ਰਿਲੀਜ਼ ਦੇ ਪਹਿਲੇ ਦਿਨ 5.75 ਕਰੋੜ ਰੁਪਏ ਕਮਾਏ ਸਨ। ਸ਼ਨੀਵਾਰ ਨੂੰ ਕਮਾਈ ਵਿੱਚ ਵਾਧਾ ਹੋਇਆ ਅਤੇ ਫ਼ਿਲਮ ਨੇ 13.50 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਐਤਵਾਰ ਨੂੰ ਭਾਰਤ ਵਿੱਚ ਇਸ ਦੀ ਕਮਾਈ 7.25 ਕਰੋੜ ਰੁਪਏ ਰਹੀ।
ਸੰਨੀ ਦਿਓਲ ਨਾਲ ਲੰਬੇ ਸਮੇਂ ਬਾਅਦ ਸੰਤੋਸ਼ੀ ਦੀ ਸਾਂਝ
‘ਬਟਵਾਰਾ 1947’ ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ ਹੈ। ਇਸ ਰਾਹੀਂ ਸੰਤੋਸ਼ੀ ਅਤੇ ਸੰਨੀ ਦਿਓਲ ਦੀ ਜੋੜੀ ਲਗਭਗ ਤਿੰਨ ਦਹਾਕਿਆਂ ਬਾਅਦ ਮੁੜ ਇਕੱਠੀ ਹੋਈ ਹੈ। ਦੋਵੇਂ ਇਸ ਤੋਂ ਪਹਿਲਾਂ ‘ਘਾਇਲ’, ‘ਦਾਮਿਨੀ’ ਅਤੇ ‘ਘਾਤਕ’ ਵਰਗੀਆਂ ਫ਼ਿਲਮਾਂ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਫ਼ਿਲਮ ਦਾ ਨਿਰਮਾਣ ਆਮਿਰ ਖ਼ਾਨ ਅਤੇ ਅਪੂਰਨਾ ਪੁਰੋਹਿਤ ਨੇ ਆਮਿਰ ਖ਼ਾਨ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਕੀਤਾ ਹੈ। ਇਸ ਦਾ ਸੰਗੀਤ ਏ.ਆਰ. ਰਹਿਮਾਨ ਨੇ ਤਿਆਰ ਕੀਤਾ ਹੈ, ਜਦਕਿ ਗੀਤਾਂ ਦੇ ਬੋਲ ਜਾਵੇਦ ਅਖ਼ਤਰ ਨੇ ਲਿਖੇ ਹਨ। ਫ਼ਿਲਮ ਵਿੱਚ ਸੰਨੀ ਦਿਓਲ ਅਤੇ ਪ੍ਰੀਤੀ ਜ਼ਿੰਟਾ ਤੋਂ ਇਲਾਵਾ ਸ਼ਬਾਨਾ ਆਜ਼ਮੀ ਦੀ ਅਦਾਕਾਰੀ ਦੀ ਵੀ ਸਮੀਖਿਆਕਾਰਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ। ਹਾਲਾਂਕਿ, ਫ਼ਿਲਮ ਦੀ ਬਾਕਸ ਆਫਿਸ ਕਮਾਈ ਵਿੱਚ ਪਹਿਲੇ ਸੋਮਵਾਰ ਆਈ ਵੱਡੀ ਗਿਰਾਵਟ ਨੇ ਇਸ ਦੀ ਅੱਗੇ ਦੀ ਕਮਾਈ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।





