Homeਮਨੋਰੰਜਨਤਾਮਿਲ ਸੰਗੀਤ ਨੇ ਰਚਿਆ ਇਤਿਹਾਸ! ‘ਵਰੁਵਾਯੀ’ ਗੀਤ ਨੂੰ ਮਿਲੀ ਗ੍ਰੈਮੀ ਐਵਾਰਡਜ਼ ਲਈ...

ਤਾਮਿਲ ਸੰਗੀਤ ਨੇ ਰਚਿਆ ਇਤਿਹਾਸ! ‘ਵਰੁਵਾਯੀ’ ਗੀਤ ਨੂੰ ਮਿਲੀ ਗ੍ਰੈਮੀ ਐਵਾਰਡਜ਼ ਲਈ ਨਾਮਜ਼ਦਗੀ

‘Varuvaaiy’ Creates History as the First Tamil Song to Receive a Grammy Nomination, Bringing International Recognition to Tamil Music.

100 ਸਾਲ ਤੋਂ ਵੱਧ ਪੁਰਾਣੀ ਕਵੀ ਸੁਬਰਮਣਿਆ ਭਾਰਤੀ ਦੀ ਰਚਨਾ ’ਤੇ ਆਧਾਰਿਤ ਗੀਤ ਪਹਿਲੀ ਵਾਰ ਗ੍ਰੈਮੀ ਦੀ ਦੌੜ ਵਿੱਚ ਸ਼ਾਮਲ

ਨਵੀਂ ਦਿੱਲੀ,  18 ਨਵੰਬਰ, 2026 (ਛਤਰਪਾਲ ਸਿੰਘ ) : ਭਾਰਤੀ ਸੰਗੀਤ ਜਗਤ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਤਾਮਿਲ ਭਾਸ਼ਾ ਦੇ ਗੀਤ ‘ਵਰੁਵਾਯੀ’ (Varuvaaiy) ਨੇ ਇਤਿਹਾਸ ਰਚਦਿਆਂ 69ਵੇਂ ਗ੍ਰੈਮੀ ਐਵਾਰਡਜ਼ ਲਈ ਨਾਮਜ਼ਦਗੀ ਹਾਸਲ ਕੀਤੀ ਹੈ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਤਾਮਿਲ ਗੀਤ ਨੂੰ ਗ੍ਰੈਮੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਪ੍ਰਾਪਤੀ ਨਾਲ ਤਾਮਿਲ ਸੰਗੀਤ ਨੂੰ ਕੌਮਾਂਤਰੀ ਪੱਧਰ ’ਤੇ ਨਵੀਂ ਪਛਾਣ ਮਿਲੀ ਹੈ। ਇਹ ਗੀਤ ਭਾਰਤ ਦੇ ਪ੍ਰਸਿੱਧ ਤਾਮਿਲ ਕਵੀ ਅਤੇ ਸਮਾਜ ਸੁਧਾਰਕ ਸੁਬਰਮਣਿਆ ਭਾਰਤੀ ਦੀ 100 ਸਾਲ ਤੋਂ ਵੱਧ ਪੁਰਾਣੀ ਭਗਤੀਮਈ ਕਵਿਤਾ ’ਤੇ ਆਧਾਰਿਤ ਹੈ। ਇਸ ਕਵਿਤਾ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਮਨੁੱਖੀ ਮਨ ਵਿੱਚ ਵਾਸ ਕਰਨ ਅਤੇ ਬੁਰਾਈਆਂ ਦਾ ਨਾਸ਼ ਕਰਨ ਲਈ ਅਰਦਾਸ ਕੀਤੀ ਗਈ ਹੈ। ਇਸ ਪੁਰਾਣੀ ਰਚਨਾ ਨੂੰ ਆਧੁਨਿਕ ਸੰਗੀਤਕ ਅੰਦਾਜ਼ ਵਿੱਚ ਪੇਸ਼ ਕਰਕੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ।

ਇਸ ਗੀਤ ਨੂੰ ਭਾਰਤੀ-ਅਮਰੀਕੀ ਸੰਗੀਤਕਾਰ ਦੇਵਨ ਏਕੰਬਰਮ ਨੇ ਸੰਗੀਤਬੱਧ ਕੀਤਾ ਹੈ, ਜਦਕਿ ਇਸ ਨੂੰ ਸੁਭਿਕਸ਼ਾ ਰੰਗਰਾਜਨ ਨੇ ਆਪਣੀ ਆਵਾਜ਼ ਦਿੱਤੀ ਹੈ, ਜੋ ਸੁਸ਼ਾ (Susha) ਦੇ ਨਾਂ ਨਾਲ ਜਾਣੀ ਜਾਂਦੀ ਹੈ। ਗੀਤ ਨੂੰ 69ਵੇਂ ਗ੍ਰੈਮੀ ਐਵਾਰਡਜ਼ ਦੀ ‘ਬੈਸਟ ਗਲੋਬਲ ਮਿਊਜ਼ਿਕ ਪਰਫਾਰਮੈਂਸ’ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ। ਦੇਵਨ ਏਕੰਬਰਮ ਨੇ ਸੋਸ਼ਲ ਮੀਡੀਆ ’ਤੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਹੀ ਨਹੀਂ, ਸਗੋਂ ਪੂਰੇ ਤਾਮਿਲ ਸੰਗੀਤ ਜਗਤ ਅਤੇ ਮਹਾਨ ਕਵੀ ਭਾਰਤੀ ਦੀ ਵਿਰਾਸਤ ਲਈ ਵੀ ਬੇਹੱਦ ਖ਼ਾਸ ਪਲ ਹੈ। ਉਨ੍ਹਾਂ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਰਿਕਾਰਡਿੰਗ ਅਕੈਡਮੀ ਦਾ ਧੰਨਵਾਦ ਵੀ ਕੀਤਾ।

ਦੇਵਨ ਨੇ ਦੱਸਿਆ ਕਿ ਉਹ ਸਾਲ 1998 ਤੋਂ ਸੁਤੰਤਰ ਤੌਰ ’ਤੇ ਤਾਮਿਲ ਸੰਗੀਤ ਤਿਆਰ ਕਰ ਰਹੇ ਹਨ। ਭਾਵੇਂ ਲੋਕ ਉਨ੍ਹਾਂ ਨੂੰ ਮੁੱਖ ਤੌਰ ’ਤੇ ਗਾਇਕ ਵਜੋਂ ਜਾਣਦੇ ਹਨ, ਪਰ ਇੱਕ ਸੰਗੀਤਕਾਰ ਅਤੇ ਨਿਰਮਾਤਾ ਵਜੋਂ ਉਹ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀ ਕੌਮਾਂਤਰੀ ਪਛਾਣ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਲਈ 16 ਨਵੰਬਰ 2026 ਦਾ ਦਿਨ ਹਮੇਸ਼ਾ ਯਾਦਗਾਰ ਰਹੇਗਾ। ਜ਼ਿਕਰਯੋਗ ਹੈ ਕਿ ਦੇਵਨ ਏਕੰਬਰਮ ਨੇ 1999 ਵਿੱਚ ਫ਼ਿਲਮ ‘ਕਾਧਲਰ ਦਿਨਮ’ ਦੇ ਗੀਤ ‘ਓ ਮਾਰੀਆ’ ਨਾਲ ਪਲੇਬੈਕ ਗਾਇਕੀ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਕਥਿਰ ਨੇ ਕੀਤਾ ਸੀ ਅਤੇ ਸੰਗੀਤ ਏ.ਆਰ. ਰਹਿਮਾਨ ਨੇ ਦਿੱਤਾ ਸੀ। ਉਹ ਹੁਣ ਤੱਕ ਤਾਮਿਲ ਸਮੇਤ ਦੱਖਣੀ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਦੀਆਂ 500 ਤੋਂ ਵੱਧ ਫ਼ਿਲਮਾਂ ਦੇ ਗੀਤਾਂ ਵਿੱਚ ਆਪਣੀ ਆਵਾਜ਼ ਦੇ ਚੁੱਕੇ ਹਨ।

ਦੂਜੇ ਪਾਸੇ, ਗਾਇਕਾ ਸੁਸ਼ਾ ਨੇ ਕਰਨਾਟਕ ਸ਼ਾਸਤਰੀ ਸੰਗੀਤ ਦੀ ਸਿਖਲਾਈ ਹਾਸਲ ਕੀਤੀ ਹੈ ਅਤੇ ਯੂਨੀਵਰਸਿਟੀ ਆਫ਼ ਟੋਰਾਂਟੋ ਤੋਂ ਜੈਜ਼ ਸੰਗੀਤ ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਦੀ ਗਾਇਕੀ ਵਿੱਚ ਭਾਰਤੀ ਸ਼ਾਸਤਰੀ ਸੰਗੀਤ, ਜੈਜ਼ ਅਤੇ ਆਧੁਨਿਕ ਸੰਗੀਤ ਦਾ ਸੁਮੇਲ ਦੇਖਣ ਨੂੰ ਮਿਲਦਾ ਹੈ। ਇਸ ਸ਼੍ਰੇਣੀ ਵਿੱਚ ‘ਵਰੁਵਾਯੀ’ ਦਾ ਮੁਕਾਬਲਾ ਐਂਜਲੀਕ ਕਿਜੋ, ਫੈਰਲ ਵਿਲੀਅਮਜ਼, ਸ਼ਕੀਰਾ, ਬਰਨਾ ਬੁਆਏ, ਰੋਸਾਲੀਆ ਅਤੇ ਹੋਰ ਅੰਤਰਰਾਸ਼ਟਰੀ ਕਲਾਕਾਰਾਂ ਦੀਆਂ ਸੰਗੀਤਕ ਪੇਸ਼ਕਾਰੀਆਂ ਨਾਲ ਹੋਵੇਗਾ। 69ਵੇਂ ਗ੍ਰੈਮੀ ਐਵਾਰਡਜ਼ ਦਾ ਸਮਾਗਮ 7 ਫਰਵਰੀ 2027 ਨੂੰ ਅਮਰੀਕਾ ਦੇ ਲਾਸ ਏਂਜਲਸ ਸਥਿਤ ਕ੍ਰਿਪਟੋ ਡਾਟ ਕਾਮ ਅਰੇਨਾ ਵਿੱਚ ਕਰਵਾਇਆ ਜਾਵੇਗਾ। ਤਾਮਿਲ ਗੀਤ ਦੀ ਇਹ ਨਾਮਜ਼ਦਗੀ ਭਾਰਤੀ ਭਾਸ਼ਾਵਾਂ ਅਤੇ ਸੱਭਿਆਚਾਰਕ ਸੰਗੀਤਕ ਵਿਰਾਸਤ ਲਈ ਇੱਕ ਮਹੱਤਵਪੂਰਨ ਕੌਮਾਂਤਰੀ ਪ੍ਰਾਪਤੀ ਮੰਨੀ ਜਾ ਰਹੀ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments