ਦੇਸ਼-ਵਿਦੇਸ਼ ਦੇ ਵਿਦਵਾਨਾਂ ਵੱਲੋਂ ਖੋਜ-ਪੱਤਰਾਂ ਦੀ ਪੇਸ਼ਕਾਰੀ; ਵੱਖ-ਵੱਖ ਸ਼੍ਰੇਣੀਆਂ ਅਧੀਨ 16 ਸਰਵੋਤਮ ਖੋਜ-ਪੱਤਰ ਪੇਸ਼ਕਾਰ ਸਨਮਾਨਿਤ
ਫ਼ਤਿਹਗੜ੍ਹ ਸਾਹਿਬ, 20 ਨਵੰਬਰ, 2026 (ਗੁਰਮੀਤ ਸਿੰਘ ਤੁੰਗ) : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬ-ਸਾਂਝੀਵਾਲਤਾ, ਦਾਰਸ਼ਨਿਕ ਚਿੰਤਨ ਅਤੇ ਬਹੁ-ਅਨੁਸ਼ਾਸਨੀ ਗਿਆਨ ਪਰੰਪਰਾ ਨੂੰ ਵਿਸ਼ਵ ਪੱਧਰ ‘ਤੇ ਵਿਚਾਰਨ ਅਤੇ ਇਸ ਦੀ ਸਮਕਾਲੀ ਪ੍ਰਸੰਗਿਕਤਾ ਨੂੰ ਵੱਖ-ਵੱਖ ਅਕਾਦਮਿਕ ਦ੍ਰਿਸ਼ਟੀਕੋਣਾਂ ਤੋਂ ਉਜਾਗਰ ਕਰਨ ਦੇ ਉਦੇਸ਼ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਵੱਲੋਂ ਸਿੱਖ ਐਜੂਕੇਸ਼ਨ ਕੌਂਸਲ, ਯੂ.ਕੇ. ਦੇ ਸਹਿਯੋਗ ਨਾਲ ਕਰਵਾਈ ਗਈ ਤਿੰਨ ਰੋਜ਼ਾ ਚੌਥੀ ਅੰਤਰਰਾਸ਼ਟਰੀ ਕਾਨਫਰੰਸ ‘ਸ੍ਰੀ ਗੁਰੂ ਗ੍ਰੰਥ ਸਾਹਿਬ: ਬਹੁ-ਅਨੁਸ਼ਾਸਨੀ ਪਰਿਪੇਖ’ ਅੱਜ ਸੰਪੰਨ ਹੋ ਗਈ। 18 ਤੋਂ 20 ਨਵੰਬਰ ਤੱਕ ਚੱਲੀ ਇਸ ਕਾਨਫਰੰਸ ਵਿੱਚ ਕੁੱਲ 85 ਰਜਿਸਟ੍ਰੇਸ਼ਨਾਂ ਹੋਈਆਂ ਅਤੇ ਦੇਸ਼-ਵਿਦੇਸ਼ ਦੇ ਵਿਦਵਾਨਾਂ, ਅਧਿਆਪਕਾਂ ਅਤੇ ਖੋਜਾਰਥੀਆਂ ਨੇ ਵੱਖ-ਵੱਖ ਗਿਆਨ-ਖੇਤਰਾਂ ਨਾਲ ਸਬੰਧਤ ਖੋਜ-ਕਾਰਜ ਪੇਸ਼ ਕਰਦਿਆਂ ਗੁਰਬਾਣੀ ਦੀ ਵਿਸ਼ਵ-ਵਿਆਪੀ ਪ੍ਰਸੰਗਿਕਤਾ ਬਾਰੇ ਸਾਰਥਕ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਇਨਾਮ ਜੇਤੂ ਪਰਚਾ ਪੇਸ਼ਕਾਰਾਂ ਨੂੰ ਵਧਾਈ ਦਿੱਤੀ ਅਤੇ ਕਾਨਫਰਸ ਦੌਰਾਨ ਹੋਈ ਗੰਭੀਰ ਵਿਚਾਰ ਚਰਚਾ ਉੱਤੇ ਤਸੱਲੀ ਪ੍ਰਗਟ ਕੀਤੀ ਉਹਨਾਂ ਆਖਿਆ ਕਿ ਭਵਿੱਖ ਵਿੱਚ ਇਸ ਕਾਨਫਰੰਸ ਨੂੰ ਹੋਰ ਮੁਲਵਾਣ ਬਣਾਉਣ ਲਈ ਕਾਨਫਰੰਸ ਸਲਾਹਕਾਰ ਬੋਰਡ ਵਿੱਚ ਦੇਸ਼ ਵਿਦੇਸ਼ ਤੋਂ ਮਾਹਰ ਵਿਦਵਾਨਾਂ ਨੂੰ ਸ਼ਾਮਿਲ ਕੀਤਾ ਜਾਵੇਗਾ।

ਅੱਜ ਵਿਦਾਇਗੀ ਸੈਸ਼ਨ ਮੌਕੇ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ ਪ੍ਰੋਫੈਸਰ ਹਰਭਜਨ ਸਿੰਘ, ਡਾਇਰੈਕਟਰ, ਭਾਈ ਬਲਵੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ ਨੇ ਯੂਨੀਵਰਸਿਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਆਖਿਆ ਕਿ ਗੁਰਮਤ ਸਿਧਾਂਤ ਅਤੇ ਗੁਰਸਿੱਖ ਅਭਿਆਸ ਦੀ ਵਿਲੱਖਣਤਾ ਨੂੰ ਪੰਜਾਬ ਤੱਕ ਸੀਮਤ ਰੱਖਣ ਦੀ ਬਜਾਏ ਪੂਰੇ ਸੰਸਾਰ ਤੱਕ ਫੈਲਾਉਣ ਦੀ ਲੋੜ ਹੈ। ਅਜਿਹੇ ਉਪਰਾਲੇ ਇਸ ਉਦੇਸ਼ ਦੀ ਪ੍ਰਾਪਤੀ ਵੱਲ ਮਹੱਤਵਪੂਰਨ ਕਦਮ ਹਨ। ਵਿਦਾਇਗੀ ਸੈਸ਼ਨ ਦੇ ਵਿਸ਼ੇਸ਼ ਮਹਿਮਾਨ ਪ੍ਰੋਫੈਸਰ ਸੁਖਵਿੰਦਰ ਸਿੰਘ ਬਲਿੰਗ ਡੀਨ ਅਕਾਦਮ ਮਾਮਲੇ ਨੇ ਆਖਿਆ ਕਿ ਕਾਨਫਰੰਸ ਦੌਰਾਨ ਪੰਜਾਬ ਤੋਂ ਇਲਾਵਾ ਦੇਸ਼ ਅਤੇ ਵਿਦੇਸ਼ ਦੀਆਂ ਨਾਮਵਰ ਯੂਨੀਵਰਸਿਟੀਆਂ ਦੇ ਵਿਦਵਾਨਾਂ ਅਤੇ ਖੋਜਾਰਥੀਆਂ ਦੀ ਭਰਵੀਂ ਸ਼ਮੂਲੀਅਤ ਇਸ ਵਿਸ਼ੇ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਕਾਨਫਰੰਸ ਵਿਚ ਪੇਸ਼ ਹੋਏ ਚੋਣਵੇਂ ਖੋਜ ਪੱਤਰ ਪੁਸਤਕ ਰੂਪ ਪ੍ਰਕਾਸ਼ਿਤ ਕੀਤੇ ਜਾਣਗੇ। ਕਾਨਫਰੰਸ ਦੇ ਦੂਜੇ ਦਿਨ, 19 ਨਵੰਬਰ ਨੂੰ ਵੱਖ-ਵੱਖ ਵਿਸ਼ਿਆਂ ਨੂੰ ਸਮਰਪਿਤ ਸਮਾਂਤਰ ਅਕਾਦਮਿਕ ਸੈਸ਼ਨ ਕਰਵਾਏ ਗਏ। ਸੈਕਸ਼ਨ ‘ਏ’ ਦਾ ਵਿਸ਼ਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਬਾਣੀਕਾਰ, ਸੰਕਲਨ, ਵਿਸ਼ਵ ਧਰਮ, ਦਰਸ਼ਨ, ਸੰਗੀਤ ਅਤੇ ਵਿਆਖਿਆ’ ਸੀ। ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਜਸਪਾਲ ਕੌਰ ਕਾਂਗ ਅਤੇ ਪ੍ਰੋ. ਗੁਰਪ੍ਰੀਤ ਕੌਰ ਵੱਲੋਂ ਕੀਤੀ ਗਈ। ਇਸ ਮੌਕੇ ਡਾ. ਦਲਜੀਤ ਸਿੰਘ (ਕੈਲੀਫੋਰਨੀਆ) ਅਤੇ ਪ੍ਰੋ. ਨਵਦੀਪ ਕੌਰ, ਡੀਨ ਰਿਸਰਚ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਡਾ. ਕਿਰਨਦੀਪ ਕੌਰ, ਐਸੋਸੀਏਟ ਪ੍ਰੋਫੈਸਰ, ਧਰਮ ਅਧਿਐਨ ਵਿਭਾਗ ਅਤੇ ਡਾ. ਹਰਪ੍ਰੀਤ ਸਿੰਘ, ਮੁਖੀ, ਸੰਗੀਤ ਵਿਭਾਗ ਨੇ ਵਿਸ਼ਾ ਮਾਹਿਰਾਂ ਵਜੋਂ ਆਪਣਾ ਯੋਗਦਾਨ ਪਾਇਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰੋ. ਪਰਮਵੀਰ ਸਿੰਘ ਦੀ ਮੌਜੂਦਗੀ ਨੇ ਸੈਸ਼ਨ ਦੀ ਅਕਾਦਮਿਕ ਮਹੱਤਤਾ ਨੂੰ ਹੋਰ ਵਧਾਇਆ।
ਸੈਕਸ਼ਨ ‘ਬੀ’ ਦਾ ਵਿਸ਼ਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਭਾਸ਼ਾ, ਭਾਸ਼ਾ ਵਿਗਿਆਨ, ਰੂਪਾਕਾਰ, ਸ਼ੈਲੀ ਅਤੇ ਅਨੁਵਾਦ’ ਸੀ। ਇਸ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਸਵਰਾਜ ਰਾਜ, ਪ੍ਰੋਫੈਸਰ ਆਫ਼ ਐਮੀਨੈਂਸ, ਅੰਗਰੇਜ਼ੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਕੀਤੀ। ਡਾ. ਸਿਕੰਦਰ ਸਿੰਘ, ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਵਿਭਾਗ ਅਤੇ ਡਾ. ਅੰਕਦੀਪ ਕੌਰ ਅਟਵਾਲ, ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਅੰਗਰੇਜ਼ੀ ਵਿਭਾਗ ਨੇ ਵਿਸ਼ਾ ਮਾਹਿਰਾਂ ਵਜੋਂ ਸ਼ਿਰਕਤ ਕੀਤੀ। ਇਸ ਸੈਸ਼ਨ ਵਿੱਚ ਖੋਜ ਦੀ ਉੱਤਮਤਾ ਦੇ ਆਧਾਰ ‘ਤੇ ਡਾ. ਸੰਧਲਦੀਪ ਕੌਰ, ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਨੂੰ ਸਰਵੋਤਮ ਖੋਜ-ਪੱਤਰ ਪੇਸ਼ਕਾਰ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਸੇ ਤਰ੍ਹਾਂ ਡਾ. ਬਲਜੀਤ ਕੌਰ ਅਤੇ ਮਿਸ ਜਸਪ੍ਰੀਤ ਕੌਰ ਨੂੰ ਸਾਂਝੇ ਤੌਰ ‘ਤੇ, ਜਦਕਿ ਮਿਸ ਅਮਨਦੀਪ ਕੌਰ ਅਤੇ ਮਿਸ ਜਸ਼ਨਪ੍ਰੀਤ ਕੌਰ ਨੂੰ ਵੀ ਸਰਵੋਤਮ ਖੋਜ-ਪੱਤਰ ਪੇਸ਼ਕਾਰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਕਾਨਫਰੰਸ ਦੇ ਤੀਜੇ ਅਤੇ ਆਖਰੀ ਦਿਨ, 20 ਨਵੰਬਰ ਨੂੰ ਤੀਜੇ, ਚੌਥੇ ਅਤੇ ਪੰਜਵੇਂ ਅਕਾਦਮਿਕ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸੈਸ਼ਨਾਂ ਵਿੱਚ ਅਰਥ-ਸ਼ਾਸਤਰ, ਵਿਗਿਆਨ, ਵਾਤਾਵਰਨ, ਭਾਸ਼ਾ, ਲਿਪੀ, ਰੂਪਾਕਾਰ, ਸ਼ੈਲੀ, ਮਿੱਥਕ ਅਤੇ ਅਨੁਵਾਦ ਸਮੇਤ ਵੱਖ-ਵੱਖ ਵਿਸ਼ਿਆਂ ਨੂੰ ਵਿਚਾਰ-ਚਰਚਾ ਦਾ ਕੇਂਦਰ ਬਣਾਇਆ ਗਿਆ। ਤੀਜੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਜਗਸੀਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਕੀਤੀ ਗਈ। ਇਸ ਸੈਸ਼ਨ ਵਿੱਚ ਅਰਥ-ਸ਼ਾਸਤਰ, ਵਿਗਿਆਨ ਅਤੇ ਵਾਤਾਵਰਨ ਦੇ ਖੇਤਰਾਂ ਨਾਲ ਸਬੰਧਤ ਖੋਜ-ਵਿਸ਼ਿਆਂ ਉੱਤੇ ਵਿਚਾਰ-ਵਟਾਂਦਰਾ ਹੋਇਆ। ਅਗਲੇ ਸੈਸ਼ਨਾਂ ਵਿੱਚ ਭਾਸ਼ਾਈ, ਸਾਹਿਤਕ ਅਤੇ ਅਨੁਵਾਦਕਾਰੀ ਪੱਖਾਂ ਨੂੰ ਵਿਚਾਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਿਆਨ ਪਰੰਪਰਾ ਦੇ ਵਿਭਿੰਨ ਸਰੋਕਾਰਾਂ ਨੂੰ ਉਜਾਗਰ ਕੀਤਾ ਗਿਆ।
ਤੀਜੇ ਦਿਨ ਦੇ ਅਕਾਦਮਿਕ ਸੈਸ਼ਨਾਂ ਵਿੱਚ ਡਾ. ਅੰਕਦੀਪ ਕੌਰ ਅਟਵਾਲ, ਡਾਇਰੈਕਟਰ, ਅੰਦਰੂਨੀ ਗੁਣਵੱਤਾ ਭਰੋਸਾ ਸੈੱਲ (ਆਈ.ਕਿਊ.ਏ.ਸੀ.), ਪ੍ਰੋ. ਸਵਰਾਜ ਰਾਜ, ਪ੍ਰੋਫੈਸਰ ਆਫ਼ ਐਮੀਨੈਂਸ, ਅੰਗਰੇਜ਼ੀ ਵਿਭਾਗ, ਪ੍ਰੋ. ਸਰਵਣਪਾਲ ਸਿੰਘ, ਪ੍ਰੋਫੈਸਰ, ਅੰਗਰੇਜ਼ੀ ਵਿਭਾਗ ਅਤੇ ਪ੍ਰੋ. ਗੁਰਮੁਖ ਸਿੰਘ, ਪ੍ਰੋਫੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵੱਖ-ਵੱਖ ਅਕਾਦਮਿਕ ਭੂਮਿਕਾਵਾਂ ਨਿਭਾਈਆਂ। ਇਸ ਤੋਂ ਇਲਾਵਾ ਡਾ. ਸਿਕੰਦਰ ਸਿੰਘ, ਡਾ. ਚਰਨ ਕਮਲ ਸੇਖੋਂ, ਪ੍ਰੋ. ਜਗਬੀਰ ਸਿੰਘ ਅਤੇ ਪ੍ਰੋ. ਤੇਜਬੀਰ ਸਿੰਘ, ਰਜਿਸਟਰਾਰ ਨੇ ਵੀ ਅਕਾਦਮਿਕ ਸੈਸ਼ਨਾਂ ਦੇ ਸੰਚਾਲਨ ਅਤੇ ਵਿਚਾਰ-ਵਟਾਂਦਰੇ ਵਿੱਚ ਯੋਗਦਾਨ ਪਾਇਆ।
ਕਾਨਫਰੰਸ ਦੌਰਾਨ ਖੋਜ ਦੀ ਗੁਣਵੱਤਾ ਅਤੇ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸ਼੍ਰੇਣੀਆਂ ਅਧੀਨ ਸਰਵੋਤਮ ਖੋਜ-ਪੱਤਰ ਪੇਸ਼ਕਾਰ ਪੁਰਸਕਾਰ ਪ੍ਰਦਾਨ ਕੀਤੇ ਗਏ। ਸੈਕਸ਼ਨ ‘ਏ’ ਵਿੱਚ ਡਾ. ਗੁਰਮੇਲ ਸਿੰਘ, ਡਾ. ਜਤਿੰਦਰ ਕੌਰ, ਸੰਦੀਪ ਸਿੰਘ ਅਤੇ ਡਾ. ਸਵਰਲੀਨ ਕੌਰ ਨੂੰ ਸਰਵੋਤਮ ਖੋਜ-ਪੱਤਰ ਪੇਸ਼ਕਾਰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਸੈਕਸ਼ਨ ‘ਬੀ’ ਵਿੱਚ ਡਾ. ਸੰਧਲਦੀਪ ਕੌਰ, ਡਾ. ਬਲਜੀਤ ਕੌਰ, ਮਿਸ ਜਸਪ੍ਰੀਤ ਕੌਰ, ਮਿਸ ਅਮਨਦੀਪ ਕੌਰ ਅਤੇ ਮਿਸ ਜਸ਼ਨਪ੍ਰੀਤ ਕੌਰ ਨੂੰ ਸਰਵੋਤਮ ਖੋਜ-ਪੱਤਰ ਪੇਸ਼ਕਾਰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸੈਕਸ਼ਨ ‘ਸੀ’ ਵਿੱਚ ਡਾ. ਪਵਨ ਕੁਮਾਰ, ਡਾ. ਗੁਰਬਾਜ਼ ਸਿੰਘ, ਨਵਜੋਤ ਕੌਰ ਅਤੇ ਡਾ. ਅਮਨਦੀਪ ਕੌਰ ਨੂੰ ਉਨ੍ਹਾਂ ਦੇ ਖੋਜ-ਕਾਰਜਾਂ ਲਈ ਸਰਵੋਤਮ ਖੋਜ-ਪੱਤਰ ਪੇਸ਼ਕਾਰ ਪੁਰਸਕਾਰ ਪ੍ਰਦਾਨ ਕੀਤੇ ਗਏ। ਇਨ੍ਹਾਂ ਸਨਮਾਨਾਂ ਰਾਹੀਂ ਕਾਨਫਰੰਸ ਨੇ ਖੋਜ ਦੀ ਗੁਣਵੱਤਾ, ਮੌਲਿਕਤਾ ਅਤੇ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ।
ਇਸ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਨੂੰ ਧਾਰਮਿਕ ਅਤੇ ਅਧਿਆਤਮਿਕ ਪਰਿਪੇਖ ਤੋਂ ਅੱਗੇ ਲਿਜਾਂਦਿਆਂ ਭਾਸ਼ਾ, ਸਾਹਿਤ, ਸੰਗੀਤ, ਦਰਸ਼ਨ, ਇਤਿਹਾਸ, ਸਮਾਜ, ਸਿੱਖਿਆ, ਵਿਗਿਆਨ, ਵਾਤਾਵਰਨ ਅਤੇ ਅਨੁਵਾਦ ਵਰਗੇ ਵਿਭਿੰਨ ਗਿਆਨ-ਖੇਤਰਾਂ ਨਾਲ ਜੋੜਨ ਲਈ ਇੱਕ ਮਹੱਤਵਪੂਰਨ ਅਕਾਦਮਿਕ ਮੰਚ ਪ੍ਰਦਾਨ ਕੀਤਾ। ਕਾਨਫਰੰਸ ਦੌਰਾਨ ਹੋਏ ਵਿਦਵਤ-ਭਰਪੂਰ ਵਿਚਾਰ-ਵਟਾਂਦਰੇ ਨੇ ਗੁਰਬਾਣੀ ਦੀ ਦਾਰਸ਼ਨਿਕ ਡੂੰਘਾਈ, ਵਿਸ਼ਵ-ਵਿਆਪੀ ਪ੍ਰਸੰਗਿਕਤਾ, ਅੰਤਰ-ਧਰਮ ਸੰਵਾਦ, ਮਾਨਵੀ ਕਦਰਾਂ-ਕੀਮਤਾਂ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਨਵੇਂ ਅਕਾਦਮਿਕ ਦ੍ਰਿਸ਼ਟੀਕੋਣਾਂ ਰਾਹੀਂ ਸਮਝਣ ਦਾ ਮੌਕਾ ਪ੍ਰਦਾਨ ਕੀਤਾ। ਇਸ ਨੇ ਵੱਖ-ਵੱਖ ਵਿਸ਼ਿਆਂ ਦੇ ਵਿਦਵਾਨਾਂ ਅਤੇ ਖੋਜਾਰਥੀਆਂ ਵਿਚਕਾਰ ਅਕਾਦਮਿਕ ਸਾਂਝ ਅਤੇ ਭਵਿੱਖੀ ਖੋਜ-ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਵੀ ਮਜ਼ਬੂਤ ਕੀਤਾ। ਕਾਨਫਰੰਸ ਦੇ ਕਨਵੀਨਰ ਡਾ. ਹਰਦੇਵ ਸਿੰਘ ਨੇ ਸਮੁੱਚੀ ਕਾਨਫਰੰਸ ਦੇ ਅਕਾਦਮਿਕ ਅਤੇ ਪ੍ਰਬੰਧਕੀ ਆਯੋਜਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੇ ਨਾਲ ਡਾ. ਅੰਕਦੀਪ ਕੌਰ ਅਟਵਾਲ, ਡਾ. ਸਿਕੰਦਰ ਸਿੰਘ, ਡਾ. ਨਵ ਸ਼ਗਨ ਦੀਪ ਕੌਰ, ਡਾ. ਹਰਨੀਤ ਬਿਲਿੰਗ, ਵੱਖ-ਵੱਖ ਅਕਾਦਮਿਕ ਸੈਸ਼ਨਾਂ ਦੇ ਕੋਆਰਡੀਨੇਟਰਾਂ, ਅਧਿਆਪਕਾਂ, ਖੋਜਾਰਥੀਆਂ ਅਤੇ ਯੂਨੀਵਰਸਿਟੀ ਦੇ ਹੋਰ ਮੈਂਬਰਾਂ ਨੇ ਕਾਨਫਰੰਸ ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।






