ਅਸੀਂ ਅਕਸਰ ਸਮਝਦੇ ਹਾਂ ਕਿ ਪੈਸਾ ਬਚਾਉਣ ਲਈ ਵੱਡੀ ਕਮਾਈ ਜ਼ਰੂਰੀ ਹੈ। ਪਰ ਅਸਲ ਵਿੱਚ ਬਚਤ ਦੀ ਸ਼ੁਰੂਆਤ ਵੱਡੀ ਕਮਾਈ ਤੋਂ ਨਹੀਂ, ਛੋਟੀ ਬਰਬਾਦੀ ਰੋਕਣ ਤੋਂ ਹੁੰਦੀ ਹੈ। ਘਰ ਵਿੱਚ ਬਚਿਆ ਖਾਣਾ ਸੁੱਟਣਾ, ਲੋੜ ਤੋਂ ਵੱਧ ਸਮਾਨ ਖਰੀਦਣਾ, ਇਕ-ਵਾਰ ਵਰਤੋਂ ਵਾਲੀਆਂ ਚੀਜ਼ਾਂ ਲੈਣਾ, ਬਿਨਾਂ ਲੋੜ ਬਿਜਲੀ ਖਰਚਣਾ ਜਾਂ ਪੁਰਾਣੀ ਚੀਜ਼ ਨੂੰ ਥੋੜ੍ਹੀ ਮੁਰੰਮਤ ਦੀ ਬਜਾਏ ਨਵੀਂ ਖਰੀਦ ਲੈਣਾਆਦਿ ਇਹ ਸਾਰੀਆਂ ਆਦਤਾਂ ਮਿਲ ਕੇ ਘਰੇਲੂ ਬਜਟ ’ਤੇ ਨਾ ਦਿੱਸਣ ਵਾਲਾ ਬੋਝ ਪਾਉਂਦੀਆਂ ਹਨ।
ਦੁਨੀਆ ਦੀ ਕੂੜੇ ਦੀ ਸਮੱਸਿਆ ਹੁਣ ਸਿਰਫ਼ ਸਫ਼ਾਈ ਦਾ ਮੁੱਦਾ ਨਹੀਂ ਰਹੀ। ਵਿਸ਼ਵ ਬੈਂਕ ਦੀ ਨਵੀਂ ਵੱਟ ਅ ਵੇਸਟ 3.0 ਰਿਪੋਰਟ ਮੁਤਾਬਕ 2022 ਵਿੱਚ ਦੁਨੀਆ ਨੇ ਲਗਭਗ 2.56 ਅਰਬ ਟਨ ਕੂੜਾ ਪੈਦਾ ਕੀਤਾ ਅਤੇ ਮੌਜੂਦਾ ਰੁਝਾਨ ਜਾਰੀ ਰਹੇ ਤਾਂ 2050 ਤੱਕ ਇਹ 3.86 ਅਰਬ ਟਨ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ ਅਸੀਂ ਜਿੰਨਾ ਖਰੀਦਦੇ ਹਾਂ, ਉਸ ਦਾ ਵੱਡਾ ਹਿੱਸਾ ਆਖ਼ਰਕਾਰ ਕੂੜੇ ਵਿੱਚ ਬਦਲ ਜਾਂਦਾ ਹੈ।
ਸਾਡੀ ਰਸੋਈ ਘਰੇਲੂ ਬਚਤ ਦਾ ਸਭ ਤੋਂ ਵੱਡਾ ਮੌਕਾ ਹੈ। ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਤਹਿਤ 2022 ਵਿੱਚ ਦੁਨੀਆ ਭਰ ਵਿੱਚ 1.05 ਅਰਬ ਟਨ ਖਾਣਾ ਬਰਬਾਦ ਹੋਇਆ, ਭਾਵ ਖਪਤਕਾਰਾਂ ਲਈ ਉਪਲਬਧ ਖਾਣੇ ਦਾ ਲਗਭਗ 19 ਫ਼ੀਸਦੀ। ਇਸ ਵਿੱਚ ਘਰਾਂ ਦੀ ਹਿੱਸੇਦਾਰੀ 60 ਫ਼ੀਸਦੀ ਸੀ।
ਇਸ ਲਈ ਹਫ਼ਤੇ ਦੀ ਖਰੀਦਦਾਰੀ ਤੋਂ ਪਹਿਲਾਂ ਘਰ ਵਿੱਚ ਮੌਜੂਦ ਸਮਾਨ ਦੀ ਸੂਚੀ ਬਣਾਓ। ਜਿੰਨੀ ਲੋੜ ਹੈ ਉਨਾ ਹੀ ਖਰੀਦੋ। ਬਚਿਆ ਖਾਣਾ ਢੰਗ ਨਾਲ ਸੰਭਾਲ ਕੇ ਅਗਲੇ ਭੋਜਨ ਵਿੱਚ ਵਰਤੋ। ਸਬਜ਼ੀਆਂ ਅਤੇ ਫਲਾਂ ਨੂੰ ਸਹੀ ਢੰਗ ਨਾਲ ਸਟੋਰ ਕਰਨਾ ਉਨ੍ਹਾਂ ਦੀ ਉਮਰ ਵਧਾਉਂਦਾ ਹੈ। ਜੋ ਖਾਣਾ ਕੂੜੇ ਵਿੱਚ ਜਾਂਦਾ ਹੈ, ਉਸ ਨਾਲ ਉਸ ’ਤੇ ਪੈਸੇ ਵੀ ਵੱਧ ਖ਼ਰਚੇ ਜਾਂਦੇ ਹਨ।
ਵੱਡਾ ਪੈਕ, ਦੋ ਦੇ ਨਾਲ ਇੱਕ ਮੁਫ਼ਤ ਜਾਂ ਭਾਰੀ ਛੂਟ—ਹਰ ਪੇਸ਼ਕਸ਼ ਬਚਤ ਨਹੀਂ ਹੁੰਦੀ। ਜੇ ਚੀਜ਼ ਦੀ ਲੋੜ ਹੀ ਨਹੀਂ ਤਾਂ 50 ਫ਼ੀਸਦੀ ਛੂਟ ’ਤੇ ਖਰੀਦੀ ਚੀਜ਼ ਵੀ 100 ਫ਼ੀਸਦੀ ਫ਼ਜ਼ੂਲ ਖਰਚ ਹੈ।
ਇੱਕ ਸੌਖਾ ਨਿਯਮ ਬਣਾਇਆ ਜਾ ਸਕਦਾ ਹੈ, “ਕੀ ਮੈਨੂੰ ਇਹ ਚੀਜ਼ ਸੱਚਮੁੱਚ ਚਾਹੀਦੀ ਹੈ?” ਗੈਰ-ਜ਼ਰੂਰੀ ਖਰੀਦ ਲਈ 24 ਘੰਟਿਆਂ ਦੀ ਉਡੀਕ ਕਰੋ। ਇਹ ਛੋਟੀ ਆਦਤ ਖ਼ਾਸ ਕਰਕੇ ਆਨਲਾਈਨ ਖਰੀਦਦਾਰੀ ਵਿੱਚ ਬੇਲੋੜੇ ਖਰਚ ਨੂੰ ਰੋਕ ਸਕਦੀ ਹੈ।
ਟੁੱਟੀ ਕੁਰਸੀ, ਬੈਗ, ਕੱਪੜਾ, ਬਰਤਨ ਜਾਂ ਛੋਟਾ ਇਲੈਕਟ੍ਰਾਨਿਕ ਉਪਕਰਣ ਤੁਰੰਤ ਬਦਲਣ ਦੀ ਬਜਾਏ ਪਹਿਲਾਂ ਮੁਰੰਮਤ ਦੀ ਸੰਭਾਵਨਾ ਵੇਖੋ। ਪੁਰਾਣੀਆਂ ਬੋਤਲਾਂ, ਡੱਬੇ ਅਤੇ ਕੱਪੜੇ ਵੀ ਨਵੀਂ ਵਰਤੋਂ ਵਿੱਚ ਲਿਆਂਦੇ ਜਾ ਸਕਦੇ ਹਨ।
ਇਹ ਸੋਚ ‘ਲਓ–ਵਰਤੋ–ਸੁੱਟੋ’ ਦੀ ਥਾਂ ‘ਘਟਾਓ–ਦੁਬਾਰਾ ਵਰਤੋ–ਮੁਰੰਮਤ ਕਰੋ–ਰੀਸਾਈਕਲ ਕਰੋ’ ਵਾਲੀ ਅਰਥਵਿਵਸਥਾ ਵੱਲ ਲੈ ਜਾਂਦੀ ਹੈ।
ਪਲਾਸਟਿਕ ਇਸ ਸਮੱਸਿਆ ਦਾ ਵੱਡਾ ਹਿੱਸਾ ਹੈ। ਭਾਰਤ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ 2021–22 ਵਿੱਚ ਅੰਦਾਜ਼ਨ 39.02 ਲੱਖ ਟਨ ਪਲਾਸਟਿਕ ਕੂੜਾ ਪੈਦਾ ਹੋਇਆ। ਇਸ ਲਈ ਆਪਣਾ ਕੱਪ, ਪਾਣੀ ਦੀ ਬੋਤਲ, ਕੱਪੜੇ ਦਾ ਥੈਲਾ ਅਤੇ ਦੁਬਾਰਾ ਵਰਤੇ ਜਾ ਸਕਣ ਵਾਲੇ ਡੱਬੇ ਰੱਖਣਾ ਸਿਰਫ਼ ਵਾਤਾਵਰਨ-ਪੱਖੀ ਕਦਮ ਨਹੀਂ, ਲੰਬੇ ਸਮੇਂ ਵਿੱਚ ਪੈਸਾ ਬਚਾਉਣ ਦਾ ਵੀ ਤਰੀਕਾ ਹੈ।
ਰਸੋਈ ਦਾ ਗਿੱਲਾ ਕੂੜਾ ਵੱਖਰਾ ਕਰਕੇ ਘਰ ਵਿੱਚ ਜਾਂ ਸਥਾਨਕ ਪੱਧਰ ’ਤੇ ਕੰਪੋਸਟ ਬਣਾਈ ਜਾ ਸਕਦੀ ਹੈ। ਸੁੱਕਾ ਕੂੜਾ—ਕਾਗਜ਼, ਧਾਤ, ਕੱਚ ਅਤੇ ਯੋਗ ਪਲਾਸਟਿਕ—ਵੱਖਰਾ ਰੱਖਣ ਨਾਲ ਰੀਸਾਈਕਲਿੰਗ ਆਸਾਨ ਹੁੰਦੀ ਹੈ। ਇਸ ਨਾਲ ਕੂੜੇ ਦੀ ਮਾਤਰਾ ਘਟਦੀ ਹੈ ਅਤੇ ਨਗਰ ਨਿਗਮਾਂ ’ਤੇ ਪ੍ਰਬੰਧਨ ਦਾ ਬੋਝ ਵੀ ਘਟਦਾ ਹੈ।
ਇਸ ਦਾ ਆਰਥਿਕ ਪੱਖ ਵੀ ਮਹੱਤਵਪੂਰਨ ਹੈ। ਵਿਸ਼ਵ ਬੈਂਕ ਮੁਤਾਬਕ ਦੁਨੀਆ ਵਿੱਚ ਕੂੜਾ ਪ੍ਰਬੰਧਨ ਦੀ ਸਾਲਾਨਾ ਲਾਗਤ ਪਹਿਲਾਂ ਹੀ 250 ਅਰਬ ਅਮਰੀਕੀ ਡਾਲਰ ਤੋਂ ਵੱਧ ਹੈ ਅਤੇ 2050 ਤੱਕ ਇਹ ਲਗਭਗ 426 ਅਰਬ ਡਾਲਰ ਹੋ ਸਕਦੀ ਹੈ। ਤੁਸੀਂ ਹਰ ਘਰ ਵਿੱਚ ਅੱਜ ਤੋਂ ਸਿਰਫ਼ ਪੰਜ ਬਦਲਾਅ ਕਰ ਸਕਦੇ ਹੋ-
ਘੱਟ ਖਰੀਦੋ, ਖਾਣਾ ਨਾ ਸੁੱਟੋ, ਦੁਬਾਰਾ ਵਰਤੋ, ਮੁਰੰਮਤ ਕਰੋ ਅਤੇ ਕੂੜਾ ਵੱਖਰਾ ਕਰੋ।
ਇਹ ਕਦਮ ਛੋਟੇ ਹਨ, ਪਰ ਪ੍ਰਭਾਵ ਵੱਡਾ ਹੈ। ਇੱਕ ਪਰਿਵਾਰ ਜੇ ਹਰ ਮਹੀਨੇ ਕੁਝ ਖਾਣਾ, ਕੁਝ ਬੇਲੋੜੀ ਖਰੀਦਦਾਰੀ ਅਤੇ ਕੁਝ ਇਕ-ਵਾਰ ਵਰਤੋਂ ਵਾਲੀਆਂ ਚੀਜ਼ਾਂ ਦਾ ਖਰਚ ਬਚਾ ਲਵੇ ਤਾਂ ਸਾਲ ਦੇ ਅੰਤ ਵਿੱਚ ਇਹ ਰਕਮ ਕਾਫ਼ੀ ਬਣ ਸਕਦੀ ਹੈ। ਇਸ ਦੇ ਨਾਲ ਘੱਟ ਕੂੜਾ ਲੈਂਡਫ਼ਿਲ, ਪ੍ਰਦੂਸ਼ਣ ਅਤੇ ਕੁਦਰਤੀ ਸਰੋਤਾਂ ’ਤੇ ਦਬਾਅ ਵੀ ਘਟਾਉਂਦਾ ਹੈ। ਅਸਲ ਸਮਝਦਾਰੀ ਵੱਧ ਖਰੀਦਣ ਵਿੱਚ ਨਹੀਂ, ਘੱਟ ਬਰਬਾਦ ਕਰਨ ਵਿੱਚ ਹੈ। ਜਿਹੜਾ ਪਰਿਵਾਰ ਕੂੜਾ ਘਟਾਉਂਦਾ ਹੈ, ਉਹ ਸਿਰਫ਼ ਆਪਣਾ ਘਰ ਸਾਫ਼ ਨਹੀਂ ਰੱਖਦਾ—ਉਹ ਆਪਣਾ ਬਜਟ, ਕੁਦਰਤੀ ਸਰੋਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਵੀ ਬਚਾਉਂਦਾ ਹੈ।
ਚੌਧਰੀ ਛਤਰਪਾਲ ਸਿੰਘ
