Home Lifestyle ਪੰਜਾਬ ਦੀ ਕਹਾਣੀ , ਖਾਲੀ ਹੁੰਦੇ ਘਰਾਂ ਦੀ ਜ਼ੁਬਾਨੀ

ਪੰਜਾਬ ਦੀ ਕਹਾਣੀ , ਖਾਲੀ ਹੁੰਦੇ ਘਰਾਂ ਦੀ ਜ਼ੁਬਾਨੀ

Emptying homes tell the story of Punjab’s changing villages and rising migration.

0

ਪੰਜਾਬ ਦੀ ਧਰਤੀ ਨੇ ਕਦੇ ਆਪਣੇ ਪੁੱਤਰਾਂ ਨੂੰ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ ਭੇਜਣ ਨੂੰ ਸਿਰਫ਼ ਪਰਿਵਾਰਕ ਫ਼ੈਸਲਾ ਨਹੀਂ ਮੰਨਿਆ ਸੀ। ਇਹ ਹੌਲੀ-ਹੌਲੀ ਇੱਕ ਸਮਾਜਕ ਰੁਝਾਨ ਬਣਿਆ ਅਤੇ ਹੁਣ ਕਈ ਪਿੰਡਾਂ ਦੀ ਤਸਵੀਰ ਹੀ ਬਦਲ ਚੁੱਕੀ ਹੈ। ਜਿੱਥੇ ਕਦੇ ਸਵੇਰੇ ਖੇਤਾਂ ਵੱਲ ਜਾਂਦੇ ਨੌਜਵਾਨਾਂ ਦੀ ਰੌਣਕ ਹੁੰਦੀ ਸੀ, ਉੱਥੇ ਅੱਜ ਕਈ ਘਰਾਂ ਦੇ ਦਰਵਾਜ਼ੇ ਬੰਦ ਹਨ ਅਤੇ ਬਜ਼ੁਰਗ ਮਾਪੇ ਆਪਣੇ ਬੱਚਿਆਂ ਦੀ ਉਡੀਕ ਵਿੱਚ ਜ਼ਿੰਦਗੀ ਬਿਤਾ ਰਹੇ ਹਨ। ਕੈਨੇਡਾ, ਇੰਗਲੈਂਡ , ਅਮਰੀਕਾ, ਆਸਟ੍ਰੇਲੀਆ ਅਤੇ ਹੋਰ ਪੱਛਮੀ ਦੇਸ਼ਾਂ ਵੱਲ ਪੰਜਾਬੀ ਨੌਜਵਾਨਾਂ ਦਾ ਰੁਖ ਅੱਜ ਆਮ ਹੈ । ਭਾਰਤ ਤੋਂ ਕੈਨੇਡਾ ਜਾਣ ਵਾਲਿਆਂ ਦੀ ਗਿਣਤੀ ਪਿਛਲੇ ਦਹਾਕੇ ਵਿੱਚ ਬਹੁਤ ਤੇਜ਼ੀ ਨਾਲ ਵਧੀ। 2013 ਵਿੱਚ ਕੈਨੇਡਾ ਜਾਣ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਲਗਭਗ 32,828 ਸੀ, ਜੋ 2023 ਵਿੱਚ ਵਧ ਕੇ ਕਰੀਬ 1,39,715 ਹੋ ਗਈ।

ਮੁੱਦਾ ਹੈ- ਕੀ ਪੰਜਾਬ ਦੇ ਨੌਜਵਾਨ ਸਿਰਫ਼ ਵਿਦੇਸ਼ਾਂ ਦੀ ਖਿੱਚ ਕਾਰਨ ਜਾ ਰਹੇ ਹਨ ਜਾਂ ਪੰਜਾਬ ਦੀਆਂ ਅੰਦਰੂਨੀ ਨਾਕਾਮੀਆਂ ਉਨ੍ਹਾਂ ਨੂੰ ਧੱਕ ਰਹੀਆਂ ਹਨ? ਰੋਜ਼ਗਾਰ ਦੀ ਘਾਟ, ਨੌਕਰੀਆਂ ਵਿੱਚ ਅਸਥਿਰਤਾ, ਭਰਤੀ ਪ੍ਰਕਿਰਿਆਵਾਂ ਵਿੱਚ ਦੇਰੀ, ਘੱਟ ਤਨਖ਼ਾਹ, ਖੇਤੀ ਦਾ ਸੰਕਟ, ਵਧਦੀਆਂ ਪਰਿਵਾਰਕ ਉਮੀਦਾਂ ਅਤੇ ਵਿਦੇਸ਼ੀ ਜੀਵਨ ਦੀ ਬਣਾਈ ਗਈ ਚਮਕ—ਇਹ ਸਾਰੇ ਕਾਰਨ ਇਕੱਠੇ ਹੋ ਕੇ ਨੌਜਵਾਨ ਮਨ ਨੂੰ ਪ੍ਰਭਾਵਿਤ ਕਰਦੇ ਹਨ। ਪੰਜਾਬ ਵਿੱਚ ਵਿਦੇਸ਼ ਜਾਣਾ ਕਈ ਥਾਵਾਂ ’ਤੇ ਸਫ਼ਲਤਾ ਦਾ ਪ੍ਰਤੀਕ ਵੀ ਬਣ ਗਿਆ ਹੈ। ਇਸ ਕਾਰਨ ਕਈ ਪਰਿਵਾਰ ਆਪਣੀ ਜ਼ਮੀਨ ਵੇਚਣ, ਕਰਜ਼ਾ ਲੈਣ ਜਾਂ ਜੀਵਨ ਭਰ ਦੀ ਬਚਤ ਖਰਚ ਕਰਨ ਤੱਕ ਲਈ ਤਿਆਰ ਹੋ ਜਾਂਦੇ ਹਨ।

ਪਰਵਾਸ ਦਾ ਦੂਜਾ ਪਾਸਾ ਵੀ ਹੈ। ਕਈ ਨੌਜਵਾਨਾਂ ਨੂੰ ਵਿਦੇਸ਼ ਪਹੁੰਚ ਕੇ ਉਮੀਦ ਕੀਤੀ ਜ਼ਿੰਦਗੀ ਨਹੀਂ ਮਿਲਦੀ। ਹਾਲ ਹੀ ਵਿੱਚ ਮੀਡੀਆ ਰਾਹੀਂ ਪੰਜਾਬ ਦੇ 36 ਨੌਜਵਾਨਾਂ ਦੇ ਇੱਕ ਸਮੂਹ ਦੇ ਵਿਦੇਸ਼ੀ ਰੋਜ਼ਗਾਰ ਦੇ ਨਾਂ ’ਤੇ ਫਸ ਜਾਣ ਦੀ ਘਟਨਾ ਸਾਹਮਣੇ ਆਈ, ਜਿੱਥੇ ਪਰਿਵਾਰਾਂ ਨੇ ਲੱਖਾਂ ਰੁਪਏ ਖਰਚ ਕੀਤੇ ਸਨ। ਕੈਨੇਡਾ ਨੇ ਵੀ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਲਈ ਨੀਤੀਆਂ ਸਖ਼ਤ ਕੀਤੀਆਂ ਹਨ। 2025 ਵਿੱਚ ਉੱਥੇ ਕੁੱਲ ਵਿਦਿਆਰਥੀ ਪਰਮਿਟਾਂ ਦੀ ਯੋਜਨਾਬੱਧ ਗਿਣਤੀ 4,37,000 ਰੱਖੀ ਗਈ, ਜੋ ਪਿਛਲੇ ਸਾਲ ਨਾਲੋਂ 10 ਫ਼ੀਸਦੀ ਘੱਟ ਸੀ। ਇਸ ਤੋਂ ਸਪੱਸ਼ਟ ਹੈ ਕਿ ਵਿਦੇਸ਼ੀ ਧਰਤੀ ਵੀ ਹੁਣ ਬੇਅੰਤ ਮੌਕਿਆਂ ਦੀ ਗਾਰੰਟੀ ਨਹੀਂ।

ਸਭ ਤੋਂ ਵੱਧ ਚਿੰਤਾਜਨਕ ਪ੍ਰਭਾਵ ਪੰਜਾਬ ਦੇ ਪਿੱਛੇ ਰਹਿ ਗਏ ਮਾਪਿਆਂ ’ਤੇ ਪੈਂਦਾ ਹੈ। ਇੱਕ ਅਧਿਐਨ ਵਿੱਚ ਪੰਜਾਬ ਦੇ ਇੱਕ ਪਿੰਡ ਦੇ 30 ਪਰਵਾਸੀ ਬੱਚਿਆਂ ਦੇ ਮਾਪਿਆਂ ਨਾਲ ਡੂੰਘੀ ਗੱਲਬਾਤ ਕਰਕੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਗਈ ਕਿ ਬੱਚਿਆਂ ਦੇ ਦੂਰ ਚਲੇ ਜਾਣ ਨਾਲ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲਦੀ ਹੈ। ਅਜਿਹੇ ਘਰਾਂ ਵਿੱਚ ਇਕੱਲਾਪਣ, ਭਾਵਨਾਤਮਕ ਦੂਰੀ ਅਤੇ ਰੋਜ਼ਾਨਾ ਜੀਵਨ ਵਿੱਚ ਸਹਾਰੇ ਦੀ ਘਾਟ ਮਹੱਤਵਪੂਰਨ ਮੁੱਦੇ ਬਣ ਕੇ ਸਾਹਮਣੇ ਆਉਂਦੇ ਹਨ। ਇਹ ਸਿਰਫ਼ ਪਰਿਵਾਰਕ ਮਸਲਾ ਨਹੀਂ। ਜੇ ਪਿੰਡਾਂ ਵਿੱਚੋਂ ਲਗਾਤਾਰ ਨੌਜਵਾਨ ਬਾਹਰ ਜਾਂਦੇ ਰਹੇ ਤਾਂ ਖੇਤੀ, ਛੋਟੇ ਕਾਰੋਬਾਰ, ਸਮਾਜਕ ਸੰਸਥਾਵਾਂ ਅਤੇ ਪਿੰਡਾਂ ਦੀ ਸਾਂਝੀ ਜੀਵਨ-ਪ੍ਰਣਾਲੀ ’ਤੇ ਵੀ ਅਸਰ ਪਵੇਗਾ। ਬਜ਼ੁਰਗ ਰਹਿ ਜਾਣਗੇ, ਪਰ ਅਗਲੀ ਪੀੜ੍ਹੀ ਦੀ ਭਾਗੀਦਾਰੀ ਘਟਦੀ ਜਾਵੇਗੀ। ਜ਼ਮੀਨ ਦੀ ਦੇਖਭਾਲ ਲਈ ਮਜ਼ਦੂਰਾਂ ’ਤੇ ਨਿਰਭਰਤਾ ਵਧੇਗੀ ਅਤੇ ਕਈ ਪਰਿਵਾਰਾਂ ਵਿੱਚ ਪੀੜ੍ਹੀਆਂ ਵਿਚਕਾਰ ਭਾਵਨਾਤਮਕ ਦੂਰੀ ਹੋਰ ਡੂੰਘੀ ਰਹੀ ਹੈ।

ਕੀ ਪੰਜਾਬ, ਪੰਜਾਬੀਅਤ, ਪੰਜਾਬੀ ਵਿਰਸਾ, ਬੋਲੀ ਅਤੇ ਪਰਿਵਾਰਕ ਪ੍ਰਣਾਲੀ ਨੂੰ ਕਮਜ਼ੋਰ ਕਰਨ ਵਿੱਚ ਸਿਰਫ਼ ਪ੍ਰਸ਼ਾਸਨ ਦੀਆਂ ਨਾਕਾਮ ਨੀਤੀਆਂ ਜ਼ਿੰਮੇਵਾਰ ਹਨ? ਕੀ ਪੰਜਾਬ ਵਿੱਚ ਗੁਣਵੱਤਾ ਵਾਲੇ ਰੋਜ਼ਗਾਰ ਦੀ ਘਾਟ ਇਸ ਦਾ ਮੁੱਖ ਕਾਰਨ ਹੈ? ਕੀ ਸਿੱਖਿਆ ਪ੍ਰਣਾਲੀ ਨੌਜਵਾਨਾਂ ਨੂੰ ਸਥਾਨਕ ਮੌਕਿਆਂ ਨਾਲ ਜੋੜਨ ਵਿੱਚ ਅਸਫਲ ਰਹੀ ਹੈ? ਜਾਂ ਫਿਰ ਇਹ ਕਿਸੇ ਅਜਿਹੀ ਸੁਚੱਜੀ ਸਾਜ਼ਿਸ਼ ਦਾ ਹਿੱਸਾ ਹੈ ਜਿਸ ਵਿੱਚ ਪੰਜਾਬ ਦੀ ਨੌਜਵਾਨ ਤਾਕਤ ਨੂੰ ਹੌਲੀ-ਹੌਲੀ ਬਾਹਰ ਖਿੱਚਿਆ ਜਾ ਰਿਹਾ ਹੈ? ਸਾਜ਼ਿਸ਼ ਦਾ ਦੋਸ਼ ਲਗਾਉਣ ਤੋਂ ਪਹਿਲਾਂ ਸਬੂਤ ਲੋੜੀਂਦੇ ਹਨ। ਪਰ ਇਹ ਸਵਾਲ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਹੈ ਕਿ ਜੇ ਨੌਜਵਾਨਾਂ ਨੂੰ ਆਪਣੇ ਹੀ ਸੂਬੇ ਵਿੱਚ ਸਨਮਾਨਜਨਕ ਰੋਜ਼ਗਾਰ, ਉਦਯੋਗ, ਸਿੱਖਿਆ, ਖੇਡਾਂ ਅਤੇ ਉੱਦਮ ਦੇ ਮੌਕੇ ਮਿਲਣ ਤਾਂ ਕੀ ਉਹ ਆਪਣਾ ਘਰ-ਪਿੰਡ ਛੱਡਣ ਲਈ ਇੰਨੇ ਉਤਸੁਕ ਹੋਣਗੇ?

ਪੰਜਾਬ ਨੂੰ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਦੀ ਮੁਹਿੰਮ ਨਹੀਂ, ਉਨ੍ਹਾਂ ਨੂੰ ਪੰਜਾਬ ਵਿੱਚ ਰਹਿਣ ਲਈ ਮਜ਼ਬੂਤ ਕਾਰਨ ਦੇਣ ਦੀ ਮੁਹਿੰਮ ਚਾਹੀਦੀ ਹੈ। ਕਿਉਂਕਿ ਵਿਦੇਸ਼ ਗਿਆ ਇੱਕ ਨੌਜਵਾਨ ਸਿਰਫ਼ ਇੱਕ ਵਿਅਕਤੀ ਨਹੀਂ ਜਾਂਦਾ—ਉਸ ਨਾਲ ਇੱਕ ਘਰ ਦੀ ਰੌਣਕ, ਇੱਕ ਮਾਂ ਦੀ ਆਸ, ਇੱਕ ਪਿਤਾ ਦਾ ਸਹਾਰਾ ਅਤੇ ਕਈ ਵਾਰ ਪੂਰੇ ਪਿੰਡ ਦੀ ਭਵਿੱਖੀ ਤਾਕਤ ਵੀ ਦੂਰ ਚਲੀ ਜਾਂਦੀ ਹੈ। ਅਸਲ ਤਰੱਕੀ ਉਹ ਨਹੀਂ ਜਿੱਥੇ ਪੰਜਾਬ ਦੇ ਘਰਾਂ ਵਿੱਚ ਵਿਦੇਸ਼ਾਂ ਤੋਂ ਪੈਸਾ ਆਵੇ; ਅਸਲ ਤਰੱਕੀ ਉਹ ਹੋਵੇਗੀ ਜਦੋਂ ਪੰਜਾਬ ਦੇ ਨੌਜਵਾਨਾਂ ਨੂੰ ਆਪਣਾ ਭਵਿੱਖ ਬਣਾਉਣ ਲਈ ਪੰਜਾਬ ਛੱਡਣਾ ਮਜਬੂਰੀ ਨਹੀਂ, ਸਿਰਫ਼ ਆਪਣੀ ਮਰਜ਼ੀ ਦਾ ਵਿਕਲਪ ਹੋਵੇ।

ਛਤਰਪਾਲ ਸਿੰਘ

Exit mobile version