ਮੁੰਬਈ, 2 ਅਕਤੂਬਰ 2026 (ਹਰਸ਼ਪ੍ਰੀਤ ਕੌਰ): ਵਾਤਾਵਰਣ ਦੀ ਸੁਰੱਖਿਆ ਅਤੇ ਧਰਤੀ ਨੂੰ ਬਚਾਉਣ ਲਈ ਨਵੇਂ ਹੱਲ ਤਿਆਰ ਕਰਨ ਵਾਲੇ ਵਿਗਿਆਨੀਆਂ, ਉੱਦਮੀਆਂ ਅਤੇ ਸਮਾਜਿਕ ਬਦਲਾਅ ਲਿਆਉਣ ਵਾਲੇ ਲੋਕਾਂ ਨੂੰ ਸਨਮਾਨਿਤ ਕਰਨ ਵਾਲੀ Earthshot Prize 2026 Awards Night ਇਸ ਵਾਰ ਭਾਰਤ ਵਿੱਚ ਹੋਣ ਜਾ ਰਹੀ ਹੈ। ਇਹ ਸਮਾਗਮ 17 ਨਵੰਬਰ ਨੂੰ ਮੁੰਬਈ ਵਿੱਚ ਕਰਵਾਇਆ ਜਾਵੇਗਾ। ਇਸ ਵਿਸ਼ੇਸ਼ ਸਮਾਗਮ ਵਿੱਚ ਬਾਲੀਵੁੱਡ ਅਦਾਕਾਰਾ ਆਲੀਆ ਭੱਟ, ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਅਤੇ ਹਾਲੀਵੁੱਡ ਅਦਾਕਾਰ ਰਾਮੀ ਮਾਲੇਕ ਤੇ ਸਿਮੋਨ ਐਸ਼ਲੇ ਦੀ ਸ਼ਮੂਲੀਅਤ ਹੋਵੇਗੀ। ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਕਰਨ ਜੌਹਰ ਇਸ ਐਵਾਰਡ ਨਾਈਟ ਦੀ ਮੇਜ਼ਬਾਨੀ ਕਰਨਗੇ।
ਭਾਰਤ ਵਿੱਚ ਪਹਿਲੀ ਵਾਰ ਹੋ ਰਹੀ ਇਸ Earthshot Prize ਸਮਾਰੋਹ ਵਿੱਚ ਲਗਭਗ 5,000 ਮਹਿਮਾਨਾਂ ਦੇ ਪਹੁੰਚਣ ਦੀ ਉਮੀਦ ਹੈ। ਸਮਾਗਮ ਦਾ ਉਦੇਸ਼ ਧਰਤੀ ਸਾਹਮਣੇ ਖੜ੍ਹੀਆਂ ਵਾਤਾਵਰਣਕ ਚੁਣੌਤੀਆਂ ਦੇ ਹੱਲ ਲਈ ਕੰਮ ਕਰ ਰਹੇ ਵਿਗਿਆਨੀਆਂ, ਨੌਜਵਾਨ ਨਵੀਨਤਾਕਾਰਾਂ, ਕਮਿਊਨਿਟੀ ਆਗੂਆਂ, ਉਦਮੀਆਂ ਅਤੇ ਮੂਲ ਨਿਵਾਸੀ ਭਾਈਚਾਰਿਆਂ ਦੇ ਆਗੂਆਂ ਦੇ ਯਤਨਾਂ ਨੂੰ ਉਜਾਗਰ ਕਰਨਾ ਹੈ। Earthshot Prize ਦੀ ਸਥਾਪਨਾ ਪ੍ਰਿੰਸ ਵਿਲੀਅਮ ਨੇ ਕੀਤੀ ਸੀ। ਇਸ ਦਾ ਮਕਸਦ ਵਾਤਾਵਰਣ ਦੀ ਰੱਖਿਆ ਅਤੇ ਧਰਤੀ ਨੂੰ ਮੁੜ ਸਿਹਤਮੰਦ ਬਣਾਉਣ ਵਾਲੇ ਪ੍ਰਭਾਵਸ਼ਾਲੀ ਹੱਲਾਂ ਨੂੰ ਉਤਸ਼ਾਹਿਤ ਕਰਨਾ ਹੈ। ਭਾਰਤ ਨਾਲ ਵੀ ਇਸ ਪੁਰਸਕਾਰ ਦਾ ਪਹਿਲਾਂ ਤੋਂ ਸਬੰਧ ਰਿਹਾ ਹੈ ਅਤੇ ਭਾਰਤੀ ਨਵੀਨਤਾਵਾਂ ਪਿਛਲੇ ਸਾਲਾਂ ਵਿੱਚ ਇਸ ਦੇ ਜੇਤੂਆਂ ਅਤੇ ਫਾਈਨਲਿਸਟਾਂ ਵਿੱਚ ਸ਼ਾਮਲ ਰਹੀਆਂ ਹਨ।
ਸਮਾਗਮ ਵਿੱਚ Earthshot Ambassadors ਰਾਬਰਟ ਇਰਵਿਨ ਅਤੇ ਨੋਮਜ਼ਾਮੋ ਮਬਾਥਾ ਵੀ ਹਿੱਸਾ ਲੈਣਗੇ। ਗਾਇਕਾ ਸ਼੍ਰੇਆ ਘੋਸ਼ਾਲ ਵਿਸ਼ੇਸ਼ ਪੇਸ਼ਕਾਰੀ ਦੇਣਗੇ। ਸਮਾਗਮ ਦਾ ਪ੍ਰਸਾਰਣ Prime Video ਰਾਹੀਂ 240 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ 40 ਤੋਂ ਵੱਧ ਭਾਸ਼ਾਵਾਂ ਵਿੱਚ ਕੀਤਾ ਜਾਵੇਗਾ। ਆਲੀਆ ਭੱਟ ਨੇ ਕਿਹਾ ਕਿ Earthshot Prize ਉਨ੍ਹਾਂ ਲੋਕਾਂ ਦੀਆਂ ਕੋਸ਼ਿਸ਼ਾਂ ਵਿੱਚ ਉਮੀਦ ਦਿਖਾਉਂਦਾ ਹੈ ਜੋ ਵਿਚਾਰਾਂ ਅਤੇ ਕਾਰਵਾਈ ਰਾਹੀਂ ਧਰਤੀ ਲਈ ਨਵੇਂ ਹੱਲ ਲੱਭ ਰਹੇ ਹਨ। ਉਨ੍ਹਾਂ ਮੁੰਬਈ ਵਿੱਚ ਦੁਨੀਆ ਭਰ ਤੋਂ ਅਜਿਹੇ ਲੋਕਾਂ ਦੇ ਇਕੱਠੇ ਹੋਣ ਨੂੰ ਭਾਰਤ ਲਈ ਵਿਸ਼ੇਸ਼ ਮੌਕਾ ਦੱਸਿਆ। ਸਚਿਨ ਤੇਂਦੁਲਕਰ ਨੇ ਵੀ ਧਰਤੀ ਲਈ ਵੱਡੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਕਾਰਵਾਈ ਵਿੱਚ ਬਦਲਣ ਵਾਲੇ ਲੋਕਾਂ ਨੂੰ ਸਨਮਾਨਿਤ ਕਰਨ ਲਈ Earthshot Prize ਦੀ ਮਹੱਤਤਾ ਉਜਾਗਰ ਕੀਤੀ। ਰਾਮੀ ਮਾਲੇਕ ਨੇ ਫਾਈਨਲਿਸਟਾਂ ਦੀਆਂ ਕੋਸ਼ਿਸ਼ਾਂ ਨੂੰ ਉਮੀਦ ਦੀਆਂ ਕਹਾਣੀਆਂ ਨਾਲ ਜੋੜਿਆ, ਜਦਕਿ ਸ਼੍ਰੇਆ ਘੋਸ਼ਾਲ ਨੇ ਕਿਹਾ ਕਿ ਉਹ ਆਪਣੀ ਪੇਸ਼ਕਾਰੀ ਰਾਹੀਂ ਆਸ਼ਾਵਾਦ ਅਤੇ ਸਾਂਝੀ ਕੋਸ਼ਿਸ਼ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ।
Earthshot Prize 2026 ਵਿੱਚ ਪੰਜ ਸ਼੍ਰੇਣੀਆਂ ਅਧੀਨ 15 ਫਾਈਨਲਿਸਟ ਮੁਕਾਬਲਾ ਕਰਨਗੇ—ਕੁਦਰਤ ਦੀ ਰੱਖਿਆ ਅਤੇ ਪੁਨਰਸਥਾਪਨਾ, ਸਾਫ਼ ਹਵਾ, ਸਮੁੰਦਰਾਂ ਦੀ ਪੁਨਰਜੀਵਨਾ, ਕਚਰਾ-ਮੁਕਤ ਦੁਨੀਆ ਅਤੇ ਜਲਵਾਯੂ ਸੰਕਟ ਨਾਲ ਨਜਿੱਠਣਾ। ਹਰ ਸ਼੍ਰੇਣੀ ਵਿੱਚ ਇੱਕ ਜੇਤੂ ਦਾ ਐਲਾਨ ਕੀਤਾ ਜਾਵੇਗਾ ਅਤੇ ਹਰੇਕ ਜੇਤੂ ਨੂੰ ਆਪਣੇ ਹੱਲ ਨੂੰ ਅੱਗੇ ਵਧਾਉਣ ਜਾਂ ਵੱਡੇ ਪੱਧਰ ’ਤੇ ਲਾਗੂ ਕਰਨ ਲਈ 10 ਲੱਖ ਪੌਂਡ ਦੀ ਇਨਾਮੀ ਰਕਮ ਦਿੱਤੀ ਜਾਵੇਗੀ। ਕਰਨ ਜੌਹਰ ਨੇ ਮੁੰਬਈ ਵਿੱਚ ਇਸ ਸਮਾਗਮ ਦੀ ਮੇਜ਼ਬਾਨੀ ਨੂੰ ਆਪਣੇ ਲਈ ਮਾਣ ਵਾਲੀ ਗੱਲ ਦੱਸਿਆ ਅਤੇ ਇਸ ਨੂੰ ਧਰਤੀ ਲਈ ਹੱਲ ਲੱਭਣ ਵਾਲੇ ਲੋਕਾਂ ਦੇ ਯਤਨਾਂ ਦਾ ਜਸ਼ਨ ਕਰਾਰ ਦਿੱਤਾ। ਆਯੋਜਕਾਂ ਵੱਲੋਂ ਆਉਣ ਵਾਲੇ ਹਫ਼ਤਿਆਂ ਵਿੱਚ ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਹੋਰ ਹਸਤੀਆਂ ਦੇ ਨਾਮ ਵੀ ਐਲਾਨੇ ਜਾਣ ਦੀ ਉਮੀਦ ਹੈ।







