ਮੋਗਾ, 3 ਅਕਤੂਬਰ, 2026 (ਲਛਮਣ ਜੀਤ ਸਿੰਘ ਪੁਰਬਾ) : ਭਾਰਤੀ ਕਿਸਾਨ ਯੂਨੀਅਨ ਕਾਦੀਆ ਰਜਿਸਟਰਡ ਪੰਜਾਬ, ਜ਼ਿਲ੍ਹਾ ਮੋਗਾ ਦੇ ਇੱਕ ਵਫ਼ਦ ਵੱਲੋਂ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਅਗਵਾਈ ਹੇਠ ਅਨਾਜ ਮੰਡੀ ਮੋਗਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਵਫ਼ਦ ਨੇ ਮੰਡੀ ਵਿੱਚ ਝੋਨੇ ਦੀ ਆਮਦ ਦਾ ਜਾਇਜ਼ਾ ਲਿਆ ਅਤੇ ਪਾਇਆ ਕਿ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਪਰੰਤੂ ਖਰੀਦ ਸਟਾਫ ਵੱਲੋਂ ਅਜੇ ਤੱਕ ਮੰਡੀ ਵਿੱਚ ਪਹੁੰਚ ਕੇ ਝੋਨੇ ਦੀ ਗੁਣਵੱਤਾ ਅਤੇ ਨਮੀ ਦੀ ਜਾਂਚ ਨਹੀਂ ਕੀਤੀ ਗਈ। ਜਥੇਬੰਦੀ ਨੇ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਤੋਂ ਮੰਗ ਕੀਤੀ ਕਿ ਖਰੀਦ ਅਧਿਕਾਰੀਆਂ ਨੂੰ ਤੁਰੰਤ ਮੰਡੀਆਂ ਵਿੱਚ ਹਾਜ਼ਰ ਹੋਣ ਦੀ ਸਖ਼ਤ ਹਦਾਇਤ ਕੀਤੀ ਜਾਵੇ, ਤਾਂ ਜੋ ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਸਰਕਾਰ ਵੱਲੋਂ ਨਿਰਧਾਰਤ ਕੀਮਤ ਤੋਂ ਘੱਟ ਰੇਟ ’ਤੇ ਵੇਚਣ ਲਈ ਮਜਬੂਰ ਨਾ ਹੋਣਾ ਪਵੇ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਮੰਡੀਆਂ ਵਿੱਚ ਸਰਕਾਰੀ ਖਰੀਦ ਸ਼ੁਰੂ ਨਾ ਕਰਵਾਈ ਗਈ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।
ਕਣਕ ਦੇ ਖਰੀਦ ਮੁੱਲ ਵਿੱਚ ਵਾਧੇ ’ਤੇ ਮੁੜ ਵਿਚਾਰ ਦੀ ਮੰਗ : ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆ ਨੇ ਕੇਂਦਰ ਸਰਕਾਰ ਵੱਲੋਂ ਐਲਾਨੇ ਕਣਕ ਦੇ ਖਰੀਦ ਮੁੱਲ ਵਿੱਚ 0.25 ਰੁਪਏ ਪ੍ਰਤੀ ਕਿਲੋ ਦੇ ਵਾਧੇ ਨੂੰ ਨਾਕਾਫ਼ੀ ਕਰਾਰ ਦਿੰਦਿਆਂ ਇਸ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ। ਜਥੇਬੰਦੀ ਨੇ ਕਿਹਾ ਕਿ ਮਹਿੰਗਾਈ ਅਤੇ ਖੇਤੀ ਲਾਗਤਾਂ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਕਣਕ ਦੇ ਭਾਅ ਵਿੱਚ ਕੀਤਾ ਗਿਆ ਵਾਧਾ ਕਿਸਾਨਾਂ ਲਈ ਕਾਫ਼ੀ ਨਹੀਂ ਹੈ। ਜਥੇਬੰਦੀ ਨੇ ਕਿਹਾ ਕਿ ਰਸਾਇਣਿਕ ਖਾਦਾਂ ਸਮੇਤ ਖੇਤੀਬਾੜੀ ਨਾਲ ਸਬੰਧਤ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਲਈ ਸਰਕਾਰ ਨੂੰ ਕਿਸਾਨਾਂ ਦੀਆਂ ਵਧ ਰਹੀਆਂ ਲਾਗਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਣਕ ਦੇ ਖਰੀਦ ਮੁੱਲ ਵਿੱਚ ਵਾਧੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਸੰਗਰੂਰ ਮਾਮਲੇ ਦੀ ਨਿਆਇਕ ਜਾਂਚ ਦੀ ਮੰਗ : ਇਸ ਮੌਕੇ ਜਥੇਬੰਦੀ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ‘ਪੁਲਿਸ ਰਾਜ’ ਬਣਾਉਣ ਵੱਲ ਕੀਤੇ ਜਾ ਰਹੇ ਕੰਮਾਂ ਦੀ ਨਿਖੇਧੀ ਕੀਤੀ। ਆਗੂਆਂ ਨੇ ਸਨਾਮ ਹਲਕੇ ਦੇ ਇੱਕ ਦਲਿਤ ਪਰਿਵਾਰ ਨਾਲ ਸੰਗਰੂਰ ਵਿਖੇ ਹੋਏ ਕਥਿਤ ਪੁਲਿਸ ਤਸ਼ੱਦਦ ਦੀ ਨਿੰਦਾ ਕਰਦਿਆਂ ਪੂਰੇ ਮਾਮਲੇ ਦੀ ਨਿਆਇਕ ਜਾਂਚ ਕਰਵਾਉਣ ਦੀ ਮੰਗ ਕੀਤੀ। ਜਥੇਬੰਦੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ। ਇਸ ਮੌਕੇ ਅੰਗਰੇਜ ਸਿੰਘ ਬਲਾਕ ਪ੍ਰਧਾਨ ਮੋਗਾ, ਜੁਗਰਾਜ ਸਿੰਘ ਰਾਜਾ ਦੌਲਤਪੁਰਾ ਮੈਂਬਰ ਜ਼ਿਲ੍ਹਾ ਕਾਰਜਕਾਰਨੀ, ਨਿਰਮਲ ਸਿੰਘ ਦੌਲਤਪੁਰਾ, ਵਕੀਲ ਸਿੰਘ ਮਾਣੂੰਕੇ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
