ਲੁਧਿਆਣਾ, 18 ਨਵੰਬਰ 2026 (ਛਤਰਪਾਲ ਸਿੰਘ ): ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਚੱਲ ਰਹੇ 15ਵੇਂ ਯੁਵਕ ਮੇਲੇ ‘ਯੁਵ-ਤਰੰਗ 2026’ ਦਾ ਦੂਜਾ ਦਿਨ ਰਚਨਾਤਮਕਤਾ, ਕਲਾ ਅਤੇ ਸੱਭਿਆਚਾਰਕ ਰੰਗਾਂ ਨਾਲ ਭਰਪੂਰ ਰਿਹਾ। ਇਸ ਦੌਰਾਨ ਵਿਦਿਆਰਥੀਆਂ ਨੇ ਕਵਿਤਾ ਉਚਾਰਨ, ਹਾਸ-ਰਸ ਕਵਿਤਾ ਅਤੇ ਦਸਤਾਰ ਸਜਾਉਣ ਦੇ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਰਾਹੀਂ ਨੌਜਵਾਨਾਂ ਦੀ ਸਾਹਿਤਕ ਰੁਚੀ, ਕਲਾਤਮਕ ਹੁਨਰ ਅਤੇ ਪੰਜਾਬੀ ਵਿਰਸੇ ਪ੍ਰਤੀ ਸਤਿਕਾਰ ਦੀ ਝਲਕ ਦੇਖਣ ਨੂੰ ਮਿਲੀ। ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਯੁਵਕ ਮੇਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਸੰਸਥਾ ਦੇ ਸੱਭਿਆਚਾਰਕ ਰਾਜਦੂਤ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਅਜਿਹੀਆਂ ਸਰਗਰਮੀਆਂ ਯੂਨੀਵਰਸਿਟੀ ਨੂੰ ਬਹੁਪੱਖੀ ਪ੍ਰਤਿਭਾ ਦੇ ਕੇਂਦਰ ਵਜੋਂ ਸਥਾਪਿਤ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪੂਰੇ ਜੋਸ਼, ਉਤਸ਼ਾਹ ਅਤੇ ਲਗਨ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਜੇ.ਐੱਸ. ਹੁੰਦਲ ਨੇ ਕਿਹਾ ਕਿ ਯੁਵਕ ਮੇਲਾ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਹਿੰਮਤ, ਸੂਝ-ਬੂਝ, ਸਮੇਂ ਦੀ ਸਹੀ ਵਰਤੋਂ ਅਤੇ ਸਾਹਸ ਦੀ ਭਾਵਨਾ ਪੈਦਾ ਕਰਨ ਲਈ ਇੱਕ ਮਹੱਤਵਪੂਰਨ ਮੰਚ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਅਜਿਹੇ ਸਮਾਗਮ ਨੌਜਵਾਨਾਂ ਵਿੱਚ ਸੱਭਿਆਚਾਰਕ ਕਦਰਾਂ-ਕੀਮਤਾਂ, ਵਿਰਾਸਤ ਪ੍ਰਤੀ ਸਤਿਕਾਰ ਅਤੇ ਕਲਾ ਦੀ ਕਦਰ ਕਰਨ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਕਵਿਤਾ ਮੁਕਾਬਲਿਆਂ ਦੇ ਸੈਸ਼ਨ ਵਿੱਚ ਵੈਟਰਨਰੀ ਯੂਨੀਵਰਸਿਟੀ ਦੇ ਸਾਬਕਾ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਸਤਿਆਵਾਨ ਰਾਮਪਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਡਾ. ਸੁਰਜੀਤ ਪਾਤਰ ਚੇਅਰ ਦੀ ਚੇਅਰਪਰਸਨ ਡਾ. ਨਿਰਮਲ ਜੌੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਦਸਤਾਰ ਸਜਾਉਣ ਦੇ ਮੁਕਾਬਲੇ ਵਿੱਚ ਡਾਇਰੈਕਟਰ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਦੁਪਹਿਰ ਦੇ ਸੈਸ਼ਨ ਵਿੱਚ ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੇ ਡੀਨ ਡਾ. ਆਰ.ਐੱਸ. ਸੇਠੀ ਮੁੱਖ ਮਹਿਮਾਨ ਅਤੇ ਵਧੀਕ ਡਾਇਰੈਕਟਰ ਖੋਜ ਡਾ. ਬੀ.ਬੀ.ਐੱਸ. ਧਾਲੀਵਾਲ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ।
19 ਨਵੰਬਰ ਨੂੰ ਹੋਣ ਵਾਲੇ ਮੁਕਾਬਲੇ
ਯੁਵਕ ਮੇਲੇ ਦੇ ਤੀਜੇ ਦਿਨ 19 ਨਵੰਬਰ ਨੂੰ ਕਾਰਟੂਨ ਮੇਕਿੰਗ ਦਾ ਮੁਕਾਬਲਾ ਸਵੇਰੇ 9 ਵਜੇ, ਕਵੀਸ਼ਰੀ ਸਵੇਰੇ 10 ਵਜੇ, ਕੋਲਾਜ ਮੇਕਿੰਗ ਸਵੇਰੇ 11:30 ਵਜੇ, ਮਹਿੰਦੀ ਮੁਕਾਬਲਾ ਦੁਪਹਿਰ 2 ਵਜੇ ਅਤੇ ਲੰਬੀ ਗੁੱਤ ਦਾ ਮੁਕਾਬਲਾ ਦੁਪਹਿਰ 3 ਵਜੇ ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਵਿਖੇ ਕਰਵਾਇਆ ਜਾਵੇਗਾ।
ਮੁਕਾਬਲਿਆਂ ਦੇ ਨਤੀਜੇ
- ਕਵਿਤਾ ਉਚਾਰਨ (Poetic Recitation)
- ਕਰਨਵੀਰ ਸਿੰਘ – ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ।
- ਅਮਾਨਤ ਕੌਰ – ਕਾਲਜ ਆਫ਼ ਫਿਸ਼ਰੀਜ਼।
- ਖੁਸ਼ਨੀਤ ਕੌਰ – ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ।
- ਹਾਸ–ਰਸ ਕਵਿਤਾ (Haas-Ras Poetry)
- ਕਰਨਵੀਰ ਸਿੰਘ – ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ।
- ਗੁਰਚੇਤਨ ਕੌਰ – ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ।
- ਅਰਮਾਨਪ੍ਰੀਤ ਸਿੰਘ – ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ।
- ਦਸਤਾਰ ਸਜਾਉਣ ਦਾ ਮੁਕਾਬਲਾ (Turban Tying)
- ਹਰਕਰਨ ਸਿੰਘ – ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ।
- ਨਵਜੋਤ ਸਿੰਘ – ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ।
- ਮਹਿਕਦੀਪ ਕੌਰ – ਕਾਲਜ ਆਫ਼ ਫਿਸ਼ਰੀਜ਼।
- ਸ਼ਬਦ ਗਾਇਨ (Shabad Gayan)
- ਕਾਲਜ ਆਫ਼ ਫਿਸ਼ਰੀਜ਼।
- ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ।
- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ।
- ਮਿੱਟੀ ਕਲਾ (Clay Modelling)
- ਇਸ਼ਨੂਰ ਕੌਰ – ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ।
- ਗੁਰਪਿੰਦਰਜੀਤ ਕੌਰ – ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ।
- ਇੰਦਰ ਕੁਮਾਰ – ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ।
ਹੌਸਲਾ ਅਫ਼ਜ਼ਾਈ ਇਨਾਮ: ਪੁਨੀਤ ਰੇਹਾਨ – ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ।
ਯੁਵਕ ਮੇਲੇ ਦੇ ਦੂਜੇ ਦਿਨ ਦੇ ਮੁਕਾਬਲਿਆਂ ਨੇ ਇਹ ਸਾਬਤ ਕੀਤਾ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀ ਸਿਰਫ਼ ਵਿੱਦਿਅਕ ਅਤੇ ਵਿਗਿਆਨਕ ਖੇਤਰ ਵਿੱਚ ਹੀ ਨਹੀਂ, ਸਗੋਂ ਸਾਹਿਤ, ਕਲਾ ਅਤੇ ਸੱਭਿਆਚਾਰਕ ਵਿਰਾਸਤ ਦੇ ਖੇਤਰ ਵਿੱਚ ਵੀ ਆਪਣੀ ਵਿਲੱਖਣ ਪਛਾਣ ਬਣਾ ਰਹੇ ਹਨ।
