ਪਿੰਡਾਰਸੀ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਖਾਤਿਆਂ ਵਿੱਚ ਭੇਜੀ ਗਈ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ; ਜ਼ਖ਼ਮੀਆਂ ਨੂੰ ਵੀ ਮਿਲੇਗੀ ਆਰਥਿਕ ਮਦਦ
ਚੰਡੀਗੜ੍ਹ, 3 ਅਕਤੂਬਰ, 2026 ( ਸੰਜੀਵ ਸ਼ਰਮਾ ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪਿੰਡਾਰਸੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਪਿੰਡ ਕਲਾਲ ਮਾਜਰਾ ਦੇ ਵਾਸੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਹਮਦਰਦੀ ਪ੍ਰਗਟ ਕੀਤੀ। ਮੁੱਖ ਮੰਤਰੀ ਸ਼ੁੱਕਰਵਾਰ ਦੇਰ ਸ਼ਾਮ ਪਿੰਡ ਕਲਾਲ ਮਾਜਰਾ ਪਹੁੰਚੇ ਅਤੇ ਸੋਗ ਵਿੱਚ ਡੁੱਬੇ ਪਰਿਵਾਰਾਂ ਨੂੰ ਹੌਸਲਾ ਦਿੱਤਾ। ਮੁੱਖ ਮੰਤਰੀ ਨੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਿਆਂ ਕਿਹਾ ਕਿ ਪਿੰਡਾਰਸੀ ਵਿੱਚ ਹੋਇਆ ਹਾਦਸਾ ਬਹੁਤ ਦੁਖਦ ਅਤੇ ਦਿਲ ਦੁਖਾਉਣ ਵਾਲਾ ਹੈ। ਆਪਣਿਆਂ ਨੂੰ ਗੁਆਉਣ ਦਾ ਦੁੱਖ ਨਾ-ਪੂਰਿਆ ਜਾਣ ਵਾਲਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਔਖੇ ਸਮੇਂ ਵਿੱਚ ਰਾਜ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਮਰੇ ਹਰ ਵਿਅਕਤੀ ਦੇ ਪਰਿਵਾਰਾਂ ਦੇ ਖਾਤਿਆਂ ਵਿੱਚ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਜ ਦਿੱਤੀ ਗਈ ਹੈ। ਜ਼ਖ਼ਮੀਆਂ ਦੇ ਇਲਾਜ ਲਈ ਵੀ ਸਰਕਾਰ ਵੱਲੋਂ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਬਾਅਦ ਮੁੱਖ ਮੰਤਰੀ ਲਾਡਵਾ ਦੇ ਪਿੰਡ ਛਪਰਾ ਨਿਵਾਸੀ ਸਵਰਗੀ ਜਸਵੰਤ ਸਿੰਘ ਦੇ ਨਿਵਾਸ ਸਥਾਨ ‘ਤੇ ਪਹੁੰਚੇ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸੋਗ ਸੰਵੇਦਨਾ ਪ੍ਰਗਟ ਕੀਤੀ।
