ਨਵੀਂ ਦਿੱਲੀ, 10 ਸਤੰਬਰ, 2026 (ਅਮਨਦੀਪ ਸਰਾਂ) : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਸੰਗਠਨਾਤਮਕ ਢਾਂਚੇ ਵਿੱਚ ਅਹਿਮ ਬਦਲਾਅ ਕੀਤੇ ਹਨ। ਪਾਰਟੀ ਦੀ ਸਭ ਤੋਂ ਉੱਚੀ ਫ਼ੈਸਲਾ ਲੈਣ ਵਾਲੀ ਸੰਸਥਾ ਪਾਲੀਟਿਕਲ ਅਫੇਅਰਜ਼ ਕਮੇਟੀ (PAC) ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਸਾਬਕਾ ਦਿੱਲੀ ਮੰਤਰੀ ਸਤੇਂਦਰ ਜੈਨ ਨੂੰ ਵੀ PAC ਦਾ ਮੈਂਬਰ ਬਣਾਇਆ ਗਿਆ ਹੈ। ਇਹ ਫ਼ੈਸਲੇ ਬੁੱਧਵਾਰ ਸ਼ਾਮ ਹੋਈ ਪਾਰਟੀ ਦੀ ਨੈਸ਼ਨਲ ਐਗਜ਼ਿਕਿਊਟਿਵ ਮੀਟਿੰਗ ਦੌਰਾਨ ਲਏ ਗਏ। ਇਸ ਤੋਂ ਇਲਾਵਾ ਪਾਰਟੀ ਵੱਲੋਂ ਨਵੀਂ 23 ਮੈਂਬਰੀ ਨੈਸ਼ਨਲ ਐਗਜ਼ਿਕਿਊਟਿਵ ਦਾ ਗਠਨ ਵੀ ਕੀਤਾ ਗਿਆ ਹੈ। ਇਸ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਸਹਿਯੋਗੀ ਬਿਭਵ ਕੁਮਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੇ ਰਾਜਬੀਰ ਸਿੰਘ ਘੁੰਮਣ ਨੂੰ ਵੀ ਥਾਂ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ ਬੁੱਧਵਾਰ ਸ਼ਾਮ ਪਾਰਟੀ ਦੀ 15ਵੀਂ ਨੈਸ਼ਨਲ ਕੌਂਸਲ ਮੀਟਿੰਗ ਵਰਚੁਅਲ ਮਾਧਿਅਮ ਰਾਹੀਂ ਹੋਈ, ਜਿਸ ਵਿੱਚ ਦੇਸ਼ ਭਰ ਤੋਂ 330 ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਪਾਰਟੀ ਦਾ ਰਾਸ਼ਟਰੀ ਕਨਵੀਨਰ ਚੁਣਿਆ ਗਿਆ। ਪੰਕਜ ਗੁਪਤਾ ਨੂੰ ਰਾਸ਼ਟਰੀ ਸਕੱਤਰ ਅਤੇ ਐਨ.ਡੀ. ਗੁਪਤਾ ਨੂੰ ਮੁੜ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਪਾਰਟੀ ਆਗੂਆਂ ਅਤੇ ਮੈਂਬਰਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਿਆਰੀ ਨਾਲ ਮੈਦਾਨ ਵਿੱਚ ਉਤਰਨ ਲਈ ਕਿਹਾ। ਇਸ ਦੌਰਾਨ ਪਾਰਟੀ ਦੀ ਨਵੀਂ ਨੈਸ਼ਨਲ ਐਗਜ਼ਿਕਿਊਟਿਵ ਦੀ ਵੀ ਚੋਣ ਕੀਤੀ ਗਈ। 23 ਮੈਂਬਰੀ ਨੈਸ਼ਨਲ ਐਗਜ਼ਿਕਿਊਟਿਵ ਵਿੱਚ ਅਰਵਿੰਦ ਕੇਜਰੀਵਾਲ, ਆਤਿਸ਼ੀ, ਆਦਿਲ ਅਹਿਮਦ ਖਾਨ, ਅਨੁਰਾਗ ਢਾਂਡਾ, ਭਗਵੰਤ ਸਿੰਘ ਮਾਨ, ਦਿਲੀਪ ਪਾਂਡੇ, ਦੁਰਗੇਸ਼ ਪਾਠਕ, ਗੋਪਾਲ ਇਟਾਲੀਆ, ਗੋਪਾਲ ਰਾਏ, ਰਾਣੀ ਅਗਰਵਾਲ, ਹਰਪਾਲ ਸਿੰਘ ਚੀਮਾ, ਮਨੀਸ਼ ਸਿਸੋਦੀਆ, ਮੁਹੰਮਦ ਇਰਸ਼ਾਦ, ਐਨ.ਡੀ. ਗੁਪਤਾ, ਪੰਕਜ ਗੁਪਤਾ, ਪ੍ਰੀਤੀ ਸ਼ਰਮਾ ਮੈਨਨ, ਪ੍ਰਿਥਵੀ ਰੈੱਡੀ, ਰਾਖੀ ਬਿਰਲਾ, ਬਿਭਵ ਕੁਮਾਰ, ਸੰਜੇ ਸਿੰਘ, ਸਤੇਂਦਰ ਜੈਨ, ਸ਼ੈਲੀ ਓਬਰਾਏ ਅਤੇ ਰਾਜਬੀਰ ਸਿੰਘ ਘੁੰਮਣ ਸ਼ਾਮਲ ਹਨ। ਇਸ ਤੋਂ ਇਲਾਵਾ ਅਜੈ ਦੱਤ, ਚੈਤਰ ਵਸਾਵਾ, ਇਮਰਾਨ ਹੁਸੈਨ, ਮੇਹਰਾਜ ਮਲਿਕ ਅਤੇ ਵੇਂਜ਼ੀ ਵੀਗਾਸ ਨੂੰ ਵਿਸ਼ੇਸ਼ ਸੱਦੇ ਗਏ ਮੈਂਬਰ ਬਣਾਇਆ ਗਿਆ ਹੈ।
PAC ਦੀ ਚੋਣ ਵੀ ਨੈਸ਼ਨਲ ਐਗਜ਼ਿਕਿਊਟਿਵ ਦੀ ਵਰਚੁਅਲ ਮੀਟਿੰਗ ਦੌਰਾਨ ਹੋਈ। ਭਗਵੰਤ ਸਿੰਘ ਮਾਨ ਪਹਿਲਾਂ PAC ਵਿੱਚ ਵਿਸ਼ੇਸ਼ ਸੱਦੇ ਗਏ ਮੈਂਬਰ ਵਜੋਂ ਸ਼ਾਮਲ ਸਨ, ਪਰ ਹੁਣ ਉਨ੍ਹਾਂ ਨੂੰ ਕਮੇਟੀ ਦਾ ਸਥਾਈ ਮੈਂਬਰ ਬਣਾ ਦਿੱਤਾ ਗਿਆ ਹੈ। ਹਰਪਾਲ ਸਿੰਘ ਚੀਮਾ ਅਤੇ ਸਤੇਂਦਰ ਜੈਨ ਨੂੰ ਵੀ ਨਵੇਂ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਰਾਘਵ ਚੱਢਾ ਅਤੇ ਸੰਦੀਪ ਪਾਠਕ ਪਹਿਲਾਂ PAC ਦੇ ਮੈਂਬਰ ਸਨ, ਪਰ ਦੋਵਾਂ ਦੇ ਪਾਰਟੀ ਛੱਡਣ ਤੋਂ ਬਾਅਦ ਕਮੇਟੀ ਵਿੱਚ ਬਦਲਾਅ ਕੀਤੇ ਗਏ ਹਨ। ਆਮ ਆਦਮੀ ਪਾਰਟੀ ਵਿੱਚ PAC ਦੀ ਭੂਮਿਕਾ ਬੇਹੱਦ ਮਹੱਤਵਪੂਰਨ ਮੰਨੀ ਜਾਂਦੀ ਹੈ। ਇਹ ਕਮੇਟੀ ਪਾਰਟੀ ਦੇ ਸੰਗਠਨਾਤਮਕ ਮਾਮਲਿਆਂ, ਅਹਿਮ ਰਾਜਨੀਤਿਕ ਫ਼ੈਸਲਿਆਂ, ਚੋਣੀ ਰਣਨੀਤੀ ਅਤੇ ਚੋਣਾਂ ਵਾਲੇ ਸੂਬਿਆਂ ਵਿੱਚ ਉਮੀਦਵਾਰਾਂ ਦੀ ਚੋਣ ਵਰਗੇ ਮੁੱਖ ਮੁੱਦਿਆਂ ’ਤੇ ਫ਼ੈਸਲੇ ਲੈਂਦੀ ਹੈ। ਪੰਜਾਬ ਚੋਣਾਂ ਤੋਂ ਪਹਿਲਾਂ ਹੋਏ ਇਨ੍ਹਾਂ ਬਦਲਾਵਾਂ ਨੂੰ ਪਾਰਟੀ ਦੀ ਆਉਣ ਵਾਲੀ ਰਣਨੀਤੀ ਦੇ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ।







