Homeਦੇਸ਼ਦਿੱਲੀ PWD ਲਈ ਵੱਖਰਾ ਇੰਜੀਨੀਅਰਿੰਗ ਕੈਡਰ ਮਨਜ਼ੂਰ, ਵਿਕਾਸ ਕਾਰਜਾਂ ਨੂੰ ਮਿਲੇਗੀ ਨਵੀਂ...

ਦਿੱਲੀ PWD ਲਈ ਵੱਖਰਾ ਇੰਜੀਨੀਅਰਿੰਗ ਕੈਡਰ ਮਨਜ਼ੂਰ, ਵਿਕਾਸ ਕਾਰਜਾਂ ਨੂੰ ਮਿਲੇਗੀ ਨਵੀਂ ਰਫ਼ਤਾਰ: CM ਰੇਖਾ ਗੁਪਤਾ

Centre Approves Separate Delhi PWD Engineering Cadre to Accelerate Development

ਨਵੀਂ ਦਿੱਲੀ, 10 ਸਤੰਬਰ, 2026 (ਹਰਸ਼ਪ੍ਰੀਤ ਕੌਰ) : ਕੇਂਦਰ ਸਰਕਾਰ ਵੱਲੋਂ ਦਿੱਲੀ ਸਰਕਾਰ ਦੀ ਉਸ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਤਹਿਤ ਲੋਕ ਨਿਰਮਾਣ ਵਿਭਾਗ (PWD) ਲਈ ਵੱਖਰਾ ਇੰਜੀਨੀਅਰਿੰਗ ਕੈਡਰ ਬਣਾਇਆ ਜਾਵੇਗਾ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਸ ਫ਼ੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਰਾਜਧਾਨੀ ਵਿੱਚ ਵਿਕਾਸ ਅਤੇ ਬੁਨਿਆਦੀ ਢਾਂਚੇ ਨਾਲ ਜੁੜੇ ਕੰਮਾਂ ਨੂੰ ਨਵੀਂ ਗਤੀ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਲਈ ਆਪਣਾ ਸੁਤੰਤਰ PWD ਇੰਜੀਨੀਅਰਿੰਗ ਕੈਡਰ ਬਣਾਉਣ ਦੀ ਮੰਗ ਕਰੀਬ ਤਿੰਨ ਦਹਾਕਿਆਂ ਤੋਂ ਲਟਕ ਰਹੀ ਸੀ। ਉਨ੍ਹਾਂ ਮੁਤਾਬਕ ਉਨ੍ਹਾਂ ਦੀ ਸਰਕਾਰ ਨੇ ਇਸ ਦਿਸ਼ਾ ਵਿੱਚ ਪਹਿਲ ਕਰਦਿਆਂ ਪ੍ਰਕਿਰਿਆ ਨੂੰ ਅੱਗੇ ਵਧਾਇਆ ਅਤੇ ਹੁਣ ਕੇਂਦਰ ਦੀ ਮਨਜ਼ੂਰੀ ਤੋਂ ਬਾਅਦ ਦਿੱਲੀ ਨੂੰ ਆਪਣਾ ਵੱਖਰਾ ਇੰਜੀਨੀਅਰਿੰਗ ਕੈਡਰ ਮਿਲਣ ਦਾ ਰਾਹ ਸਾਫ਼ ਹੋ ਗਿਆ ਹੈ।

ਰੇਖਾ ਗੁਪਤਾ ਨੇ ਕਿਹਾ ਕਿ ਖਾਲੀ ਅਸਾਮੀਆਂ ਨੂੰ ਤੇਜ਼ੀ ਨਾਲ ਭਰਨ, ਪ੍ਰਾਜੈਕਟਾਂ ਦੀ ਨਿਗਰਾਨੀ ਮਜ਼ਬੂਤ ਕਰਨ ਅਤੇ ਸੜਕਾਂ, ਪੁਲਾਂ ਤੇ ਜਨਤਕ ਇਮਾਰਤਾਂ ਦੀ ਉਸਾਰੀ ਨੂੰ ਤੇਜ਼ ਕਰਨ ਵਿੱਚ ਇਹ ਫ਼ੈਸਲਾ ਅਹਿਮ ਸਾਬਤ ਹੋਵੇਗਾ। ਉਨ੍ਹਾਂ ਨੇ ਇਸ ਨੂੰ ਰਾਜਧਾਨੀ ਦੇ ਵਿਕਾਸ ਲਈ ਮਹੱਤਵਪੂਰਨ ਕਦਮ ਕਰਾਰ ਦਿੱਤਾ। ਇਸ ਫ਼ੈਸਲੇ ਤਹਿਤ ਦਿੱਲੀ PWD ਦੀਆਂ 36 ਸ਼੍ਰੇਣੀਆਂ ਵਿੱਚ ਮਨਜ਼ੂਰਸ਼ੁਦਾ 3,214 ਇੰਜੀਨੀਅਰਿੰਗ ਅਸਾਮੀਆਂ ਨੂੰ ਕੇਂਦਰੀ ਲੋਕ ਨਿਰਮਾਣ ਵਿਭਾਗ (CPWD) ਦੇ ਕੈਡਰ ਤੋਂ ਵੱਖ ਕਰਕੇ ਸੁਤੰਤਰ ਦਿੱਲੀ PWD ਇੰਜੀਨੀਅਰਿੰਗ ਕੈਡਰ ਵਿੱਚ ਸ਼ਾਮਲ ਕੀਤਾ ਜਾਵੇਗਾ।

ਦਿੱਲੀ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਕਈ ਵੱਡੇ ਨਿਰਮਾਣ ਅਤੇ ਵਿਕਾਸ ਪ੍ਰਾਜੈਕਟਾਂ ’ਤੇ ਕੰਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਨਵੀਂ ਸਕੱਤਰੇਤ ਇਮਾਰਤ, ਸਾਰੇ 11 ਜ਼ਿਲ੍ਹਿਆਂ ਵਿੱਚ ਮਿਨੀ ਸਕੱਤਰੇਤਾਂ ਦੀ ਉਸਾਰੀ ਤੋਂ ਇਲਾਵਾ ਮੰਡੀਆਂ, ਖੇਡ ਮੈਦਾਨਾਂ ਅਤੇ ਹੋਰ ਜਨਤਕ ਸਹੂਲਤਾਂ ਨਾਲ ਸਬੰਧਤ ਕੰਮ ਸ਼ਾਮਲ ਹਨ। ਸਰਕਾਰ ਅਨੁਸਾਰ ਰਾਜਧਾਨੀ ਵਿੱਚ ਸੜਕਾਂ, ਪੁਲਾਂ ਅਤੇ ਹੋਰ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ ਲਗਾਤਾਰ ਇੰਜੀਨੀਅਰਿੰਗ ਸਹਾਇਤਾ ਦੀ ਲੋੜ ਰਹਿੰਦੀ ਹੈ। ਵੱਖਰਾ ਕੈਡਰ ਬਣਨ ਨਾਲ ਇੰਜੀਨੀਅਰਿੰਗ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਅਤੇ ਉਨ੍ਹਾਂ ਦੇ ਕੰਮ ਦੀ ਨਿਗਰਾਨੀ ਨੂੰ ਦਿੱਲੀ ਸਰਕਾਰ ਦੀ ਪ੍ਰਸ਼ਾਸਨਿਕ ਪ੍ਰਣਾਲੀ ਨਾਲ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਜੋੜਿਆ ਜਾ ਸਕੇਗਾ।

ਸਰਕਾਰ ਨੇ ਕਿਹਾ ਕਿ ਇਹ ਸੁਧਾਰ ਸਿਰਫ਼ ਇੰਜੀਨੀਅਰਿੰਗ ਅਸਾਮੀਆਂ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਤਬਦੀਲੀ ਤੱਕ ਸੀਮਿਤ ਨਹੀਂ ਹੈ। ਇਸ ਦਾ ਮਕਸਦ ਜਨਤਕ ਨਿਰਮਾਣ ਕਾਰਜਾਂ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਨੂੰ ਵੀ ਮਜ਼ਬੂਤ ਕਰਨਾ ਹੈ। ਦਿੱਲੀ ਸਰਕਾਰ ਦਾ ਮੰਨਣਾ ਹੈ ਕਿ ਸੁਤੰਤਰ ਇੰਜੀਨੀਅਰਿੰਗ ਕੈਡਰ ਨਾਲ PWD ਵਧੇਰੇ ਆਤਮਨਿਰਭਰ ਬਣੇਗਾ ਅਤੇ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰਾਜੈਕਟਾਂ ਦੀ ਯੋਜਨਾਬੰਦੀ, ਉਸਾਰੀ ਅਤੇ ਨਿਗਰਾਨੀ ਵਿੱਚ ਨਿਰੰਤਰਤਾ ਅਤੇ ਪ੍ਰਭਾਵਸ਼ੀਲਤਾ ਵਧੇਗੀ। ਕੇਂਦਰ ਦੀ ਮਨਜ਼ੂਰੀ ਤੋਂ ਬਾਅਦ ਹੁਣ ਦਿੱਲੀ PWD ਵੱਲੋਂ ਸੁਤੰਤਰ ਇੰਜੀਨੀਅਰਿੰਗ ਕੈਡਰ ਸਥਾਪਤ ਕਰਨ ਲਈ ਅਗਲੀ ਪ੍ਰਕਿਰਿਆ ਅੱਗੇ ਵਧਾਈ ਜਾ ਸਕੇਗੀ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments