ਨਵੀਂ ਦਿੱਲੀ/ਚੰਡੀਗੜ੍ਹ 2 ਫਰਵਰੀ (ਛਤਰਪਾਲ ਸਿੰਘ) : ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਸੰਸਦ ਵਿੱਚ ਪੰਜਾਬ ਦੇ ਡਿੱਗ ਰਹੇ ਜ਼ਮੀਨਦੋਜ਼ ਪਾਣੀ ਦੇ ਪੱਧਰ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਜਲ ਸ਼ਕਤੀ ਮੰਤਰਾਲੇ ਵੱਲੋਂ ਦਿੱਤੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬ ਦੇ 42% ਤੋਂ ਵੱਧ ਖੂਹਾਂ ਵਿੱਚ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ।
ਮਾਨਸੂਨ ਦੇ ਹੜ੍ਹਾਂ ਦੇ ਬਾਵਜੂਦ ਵੀ ਸੁਧਾਰ ਨਹੀਂ
ਡਾ. ਸਾਹਨੀ ਨੇ ਦੱਸਿਆ ਕਿ ਇਹ ਸਰਵੇਖਣ 2025 ਦੇ ਮਾਨਸੂਨ ਤੋਂ ਬਾਅਦ ਕੀਤਾ ਗਿਆ ਸੀ, ਜਦੋਂ ਪੰਜਾਬ ਨੇ ਇਤਿਹਾਸਕ ਹੜ੍ਹਾਂ ਦਾ ਸਾਹਮਣਾ ਕੀਤਾ ਸੀ। ਇੰਨੀ ਜ਼ਿਆਦਾ ਬਾਰਿਸ਼ ਦੇ ਬਾਵਜੂਦ ਪਾਣੀ ਦਾ ਪੱਧਰ ਨਾ ਵਧਣਾ ਇੱਕ ਵੱਡੇ ਖ਼ਤਰੇ ਦੀ ਘੰਟੀ ਹੈ।
ਜ਼ਿਲ੍ਹਾ ਵਾਰ ਸਥਿਤੀ: ਕਿੱਥੇ ਹੈ ਸਭ ਤੋਂ ਵੱਧ ਮਾਰ?
ਖੇਤੀਬਾੜੀ ਪੱਖੋਂ ਅਹਿਮ ਜ਼ਿਲ੍ਹਿਆਂ ਵਿੱਚ ਸਥਿਤੀ ਬਹੁਤ ਨਾਜ਼ੁਕ ਹੋ ਚੁੱਕੀ ਹੈ:
-
ਸੰਗਰੂਰ: 100% ਖੂਹਾਂ ਵਿੱਚ ਪਾਣੀ 40 ਮੀਟਰ ਤੋਂ ਵੱਧ ਡੂੰਘਾ।
-
ਬਰਨਾਲਾ: 67% ਖੂਹਾਂ ਵਿੱਚ ਪਾਣੀ ਦਾ ਪੱਧਰ ਚਿੰਤਾਜਨਕ।
-
ਪਟਿਆਲਾ: 44% ਖੂਹਾਂ ਵਿੱਚ ਭਾਰੀ ਗਿਰਾਵਟ।
-
ਸ਼ਹਿਰੀ ਖੇਤਰ: ਲੁਧਿਆਣਾ, ਜਲੰਧਰ ਅਤੇ ਬਠਿੰਡਾ ਵਿੱਚ ਵੀ ਜ਼ਿਆਦਾਤਰ ਖੂਹ 10-40 ਮੀਟਰ ਦੀ ਡੂੰਘਾਈ ਦੀ ਸ਼੍ਰੇਣੀ ਵਿੱਚ ਆ ਗਏ ਹਨ।
ਕੇਂਦਰ ਸਰਕਾਰ ‘ਤੇ ਵਿਤਕਰੇ ਦਾ ਦੋਸ਼
ਡਾ. ਸਾਹਨੀ ਨੇ ਕੇਂਦਰ ਸਰਕਾਰ ਦੀ ‘ਅਟਲ ਭੂ-ਜਲ ਯੋਜਨਾ’ ‘ਤੇ ਸਵਾਲ ਚੁੱਕਦਿਆਂ ਕਿਹਾ ਕਿ:
-
ਪੰਜਾਬ ਵਿੱਚ ਪਾਣੀ ਦੀ ਇੰਨੀ ਕਿੱਲਤ ਹੋਣ ਦੇ ਬਾਵਜੂਦ ਇਸ ਨੂੰ ਇਸ ਯੋਜਨਾ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
-
ਰਾਜ ਸਰਕਾਰ ਵੱਲੋਂ ਵਾਰ-ਵਾਰ ਕੀਤੀਆਂ ਬੇਨਤੀਆਂ ਨੂੰ ਅਣਗੌਲਿਆ ਕੀਤਾ ਗਿਆ ਹੈ।









