ਚੰਡੀਗੜ੍ਹ: 4 ਜਨਵਰੀ (ਪ੍ਰਭਜੋਤ ਸਿੰਘ) : ਚੰਡੀਗੜ੍ਹ ਦੀ ਇੱਕ ਸਥਾਨਕ ਅਦਾਲਤ ਨੇ ਆਪਣੇ ਪਿਤਾ ਦੇ ਕਤਲ ਦੇ ਦੋਸ਼ ਹੇਠ ਜੇਲ੍ਹ ਵਿੱਚ ਬੰਦ ਰਹੀ 19 ਸਾਲਾ ਲੜਕੀ ਆਸ਼ਾ ਨੂੰ ਬੇਗੁਨਾਹ ਕਰਾਰ ਦਿੰਦਿਆਂ ਬਰੀ ਕਰ ਦਿੱਤਾ ਹੈ। ਕਿਸ਼ਨਗੜ੍ਹ ਦੀ ਰਹਿਣ ਵਾਲੀ ਆਸ਼ਾ ਨੇ ਇਸ ਮਾਮਲੇ ਦੇ ਟਰਾਇਲ ਦੌਰਾਨ ਦੋ ਸਾਲ ਤੋਂ ਵੱਧ ਸਮਾਂ ਜੇਲ੍ਹ ਵਿੱਚ ਬਿਤਾਇਆ, ਜਿਸ ਤੋਂ ਬਾਅਦ ਹੁਣ ਉਹ ਆਜ਼ਾਦ ਹੋ ਗਈ ਹੈ।
ਕੀ ਸੀ ਮਾਮਲਾ
ਇਹ ਘਟਨਾ 10 ਅਗਸਤ 2023 ਦੀ ਹੈ, ਜਦੋਂ ਕਿਸ਼ਨਗੜ੍ਹ ਪਿੰਡ ਵਿੱਚ 52 ਸਾਲਾ ਸੁਮਈ ਲਾਲ ਦਾ ਕਤਲ ਹੋ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਧੀ ਆਸ਼ਾ ਨੂੰ ਮੁੱਖ ਮੁਲਜ਼ਮ ਬਣਾਉਂਦਿਆਂ ਉਸ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ।
ਪੁਲਿਸ ਨੇ ਗੁਲਾਬ ਸਿੰਘ ਨਾਮ ਦੇ ਇੱਕ ਆਟੋ ਚਾਲਕ ਨੂੰ ਕੇਸ ਦਾ ਮੁੱਖ ਗਵਾਹ ਬਣਾਇਆ ਸੀ। ਉਸਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਸੁਮਈ ਲਾਲ ਦੇ ਘਰ ਪਾਣੀ ਲੈਣ ਗਿਆ ਤਾਂ ਉਸਨੇ ਸੁਮਈ ਲਾਲ ਨੂੰ ਜ਼ਮੀਨ ‘ਤੇ ਪਿਆ ਦੇਖਿਆ ਅਤੇ ਆਸ਼ਾ ਨੂੰ ਖੂਨ ਸਾਫ ਕਰਦੇ ਹੋਏ ਵੇਖਿਆ। ਗਵਾਹ ਮੁਤਾਬਕ, ਆਸ਼ਾ ਨੇ ਉਸ ਸਮੇਂ ਕਬੂਲ ਕੀਤਾ ਸੀ ਕਿ ਉਸਨੇ ਆਪਣੇ ਪਿਤਾ ਦਾ ਕਤਲ ਕੀਤਾ ਹੈ। ਹਾਲਾਂਕਿ, ਅਦਾਲਤ ਵਿੱਚ ਸੁਣਵਾਈ ਦੌਰਾਨ ਗੁਲਾਬ ਸਿੰਘ ਆਪਣੇ ਬਿਆਨ ਤੋਂ ਮੁਕਰ ਗਿਆ।
ਬਚਾਅ ਪੱਖ ਦੀ ਦਲੀਲ
ਆਸ਼ਾ ਦੇ ਵਕੀਲ ਗੁਰਦਿੱਤ ਸੈਣੀ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਜਦੋਂ ਗਵਾਹ ਮੌਕੇ ‘ਤੇ ਪਹੁੰਚਿਆ, ਉਸ ਸਮੇਂ ਆਸ਼ਾ ਆਪਣੇ ਪਿਤਾ ‘ਤੇ ਹਮਲਾ ਨਹੀਂ ਕਰ ਰਹੀ ਸੀ, ਸਗੋਂ ਉਸਦੀ ਛਾਤੀ ਵਿੱਚੋਂ ਵਗ ਰਹੇ ਖੂਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਆਸ਼ਾ ਆਪਣੇ ਜ਼ਖ਼ਮੀ ਪਿਤਾ ਨੂੰ ਹਸਪਤਾਲ ਲੈ ਕੇ ਜਾਣ ਵਿੱਚ ਵੀ ਸ਼ਾਮਲ ਸੀ।
ਵਕੀਲ ਨੇ ਪੋਸਟਮਾਰਟਮ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਮ੍ਰਿਤਕ ਦੇ ਸਰੀਰ ‘ਤੇ ਸਿਰਫ਼ ਇੱਕ ਹੀ ਜ਼ਖ਼ਮ ਸੀ। ਉਨ੍ਹਾਂ ਦਾ ਤਰਕ ਸੀ ਕਿ ਜੇਕਰ ਕੋਈ ਧੀ ਆਪਣੇ ਪਿਤਾ ਨੂੰ ਜਾਨੋਂ ਮਾਰਨ ਦੀ ਨੀਅਤ ਰੱਖਦੀ ਤਾਂ ਇੱਕ ਤੋਂ ਵੱਧ ਵਾਰ ਹਮਲਾ ਕੀਤਾ ਜਾਂਦਾ।
ਅਦਾਲਤ ਦਾ ਫ਼ੈਸਲਾ
ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਅਤੇ ਮੁੱਖ ਗਵਾਹ ਦੇ ਬਿਆਨ ਤੋਂ ਮੁਕਰਨ ਨੂੰ ਧਿਆਨ ਵਿੱਚ ਰੱਖਦਿਆਂ ਆਸ਼ਾ ਨੂੰ ਬੇਦੋਸ਼ ਕਰਾਰ ਦਿੱਤਾ ਅਤੇ ਉਸਨੂੰ ਬਰੀ ਕਰਨ ਦੇ ਹੁਕਮ ਜਾਰੀ ਕੀਤੇ। ਇਸ ਫ਼ੈਸਲੇ ਨਾਲ ਆਸ਼ਾ ਨੂੰ ਦੋ ਸਾਲ ਤੋਂ ਵੱਧ ਸਮੇਂ ਬਾਅਦ ਇਨਸਾਫ਼ ਮਿਲਿਆ।









