Home Health & Fitness ਨਵੀਂ ਪੀੜ੍ਹੀ ਵਿਚ ਵੱਧ ਰਿਹਾ Fast Food ਦਾ ਰੁਝਾਨ

ਨਵੀਂ ਪੀੜ੍ਹੀ ਵਿਚ ਵੱਧ ਰਿਹਾ Fast Food ਦਾ ਰੁਝਾਨ

0

ਹੁਣ ਨਹੀਂ ਮਿਲਦੀਆਂ ਪੁਰਾਣੀਆਂ ਖੁਰਾਕਾਂ

ਜੀਵਨ ਜਾਂਚ/ਸਿਹਤ: (ਜਗਜੀਤ ਸਿੰਘ) : ਪੁਰਾਣੇ ਸਮੇਂ ਵਿੱਚ ਸਾਡੀ ਰੋਜ਼ਾਨਾ ਖੁਰਾਕ ਸਾਦੀ, ਪੌਸ਼ਟਿਕ ਅਤੇ ਕੁਦਰਤੀ ਹੁੰਦੀ ਸੀ। ਦੁੱਧ, ਦਹੀਂ, ਲੱਸੀ, ਮੋਟਾ ਅਨਾਜ, ਗੁੜ, ਛੋਲੇ ਆਦਿ ਸਾਡੀ ਥਾਲੀ ਦਾ ਅਹਿਮ ਹਿੱਸਾ ਸਨ, ਜੋ ਸਰੀਰ ਨੂੰ ਕਠੋਰ, ਮਜ਼ਬੂਤ ਅਤੇ ਤੰਦਰੁਸਤ ਬਣਾਉਂਦੇ ਸਨ। ਉਸ ਵੇਲੇ ਲੋਕਾਂ ਵਿੱਚ ਕਹਾਵਤ ਪ੍ਰਚਲਿਤ ਸੀ—“ਦੱਬ ਕੇ ਵਾਹ ਤੇ ਰੱਜ ਕੇ ਖਾਹ”, ਜਿਸਦਾ ਭਾਵ ਸੀ ਢਿੱਡ ਭਰ ਕੇ ਪੌਸ਼ਟਿਕ ਭੋਜਨ ਖਾਣਾ ਅਤੇ ਉਸਨੂੰ ਪਚਾਉਣ ਲਈ ਮਿਹਨਤ ਤੇ ਕਸਰਤ ਕਰਨੀ। ਇਹੀ ਜੀਵਨਸ਼ੈਲੀ ਸਰੀਰਕ ਤਾਕਤ ਅਤੇ ਰੋਗ-ਰੋਕੂ ਸਮਰੱਥਾ ਨੂੰ ਮਜ਼ਬੂਤ ਬਣਾਉਂਦੀ ਸੀ।

ਖੁਸ਼ਹਾਲ ਅਤੇ ਹੱਸਮੁੱਖ ਜ਼ਿੰਦਗੀ ਲਈ ਸਰੀਰ ਦਾ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ’ਤੇ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਨਰੋਈ ਸਿਹਤ ਲਈ ਸੰਤੁਲਿਤ ਭੋਜਨ ਦੀ ਮਹੱਤਤਾ ਸਭ ਤੋਂ ਵੱਧ ਹੈ। ਸੰਤੁਲਿਤ ਭੋਜਨ ਉਹ ਹੁੰਦਾ ਹੈ ਜਿਸ ਵਿੱਚ ਸਰੀਰ ਦੀ ਲੋੜ ਅਨੁਸਾਰ ਕਾਰਬੋਹਾਈਡ੍ਰੇਟ, ਪ੍ਰੋਟੀਨ, ਚਿਕਨਾਈ, ਵਿਟਾਮਿਨ, ਖਣਿਜ ਪਦਾਰਥ, ਫਾਇਬਰ ਅਤੇ ਪਾਣੀ ਮੌਜੂਦ ਹੋਣ। ਅਜਿਹਾ ਭੋਜਨ ਨਾ ਸਿਰਫ਼ ਸਰੀਰ ਨੂੰ ਊਰਜਾ ਦਿੰਦਾ ਹੈ, ਸਗੋਂ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਅਤੇ ਨਵੇਂ ਸੈੱਲਾਂ ਦੇ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾਂਦਾ ਹੈ।

ਪਰ ਅਜੋਕੇ ਸਮੇਂ ਵਿੱਚ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਵੱਡਾ ਬਦਲਾਅ ਆ ਚੁੱਕਾ ਹੈ। ਇਸ ਬਦਲਾਅ ਨੇ ਸਿਹਤ ’ਤੇ ਮਾੜਾ ਪ੍ਰਭਾਵ ਪਾਇਆ ਹੈ, ਜਿਸਦਾ ਸਭ ਤੋਂ ਵੱਧ ਅਸਰ ਨੌਜਵਾਨ ਪੀੜ੍ਹੀ ’ਤੇ ਵੇਖਣ ਨੂੰ ਮਿਲਦਾ ਹੈ। ਅੱਜਕੱਲ੍ਹ ਨੌਜਵਾਨ ਸਵੇਰੇ ਘਰ ਦੇ ਬਣੇ ਖਾਣੇ ਨੂੰ ਤਰਜੀਹ ਦੇਣ ਦੀ ਬਜਾਏ ਬਾਹਰਲੇ ਜੰਕ ਫੂਡ—ਬਰਗਰ, ਸਮੋਸੇ, ਕੁਲਚੇ, ਭਟੂਰੇ, ਸੈਂਡਵਿਚ ਅਤੇ ਨੂਡਲਜ਼—ਵੱਲ ਵਧੇਰੇ ਆਕਰਸ਼ਿਤ ਹੋ ਰਹੇ ਹਨ। ਇਹ ਆਦਤਾਂ ਸਰੀਰਕ ਕਮਜ਼ੋਰੀ, ਮੋਟਾਪੇ ਅਤੇ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਹੀਆਂ ਹਨ।

ਚਿੰਤਾਜਨਕ ਗੱਲ ਇਹ ਹੈ ਕਿ ਬੀਪੀ, ਕੋਲੇਸਟਰੋਲ ਅਤੇ ਦਿਲ ਦੇ ਦੌਰੇ ਵਰਗੀਆਂ ਸਮੱਸਿਆਵਾਂ, ਜੋ ਪਹਿਲਾਂ ਵਧੀ ਉਮਰ ਵਿੱਚ ਹੁੰਦੀਆਂ ਸਨ, ਹੁਣ ਨੌਜਵਾਨਾਂ ਅਤੇ ਇੱਥੋਂ ਤੱਕ ਕਿ ਬੱਚਿਆਂ ਵਿੱਚ ਵੀ ਵੇਖੀਆਂ ਜਾ ਰਹੀਆਂ ਹਨ। ਵਧ ਰਹੀ ਜੰਕ ਫੂਡ ਦੀ ਵਰਤੋਂ ਨੌਜਵਾਨਾਂ ਦੀ ਸਿਹਤ ਲਈ ਇੱਕ ਗੰਭੀਰ ਚੁਣੌਤੀ ਬਣ ਗਈ ਹੈ।

ਇਸ ਸਥਿਤੀ ਨੂੰ ਦੇਖਦਿਆਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੰਕ ਫੂਡ ਉਦਯੋਗ ਲਈ ਠੋਸ ਅਤੇ ਸਖ਼ਤ ਕਾਨੂੰਨ ਬਣਾਏ ਜਾਣ। ਭੋਜਨ ਦੇ ਮਿਆਰ, ਵਰਤੇ ਜਾਣ ਵਾਲੇ ਮਸਾਲਿਆਂ ਅਤੇ ਸਬਜ਼ੀਆਂ ਦੀ ਗੁਣਵੱਤਾ ਦੀ ਨਿਯਮਤ ਜਾਂਚ ਕੀਤੀ ਜਾਵੇ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਲਈ ਕੜੀ ਸਜ਼ਾ ਮੁਕਰਰ ਹੋਵੇ।

ਇਸਦੇ ਨਾਲ ਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਜੰਕ ਫੂਡ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਵੀ ਬਹੁਤ ਜ਼ਰੂਰੀ ਹੈ। ਸਿਹਤ ਵਿਭਾਗ, ਸਿੱਖਿਆ ਵਿਭਾਗ, ਸਮਾਜਿਕ ਸੰਸਥਾਵਾਂ ਅਤੇ ਮਾਪਿਆਂ ਨੂੰ ਮਿਲ ਕੇ ਸਿਹਤਮੰਦ ਖੁਰਾਕ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਸਿਰਫ਼ ਤੰਦਰੁਸਤ ਨੌਜਵਾਨ ਪੀੜ੍ਹੀ ਹੀ ਦੇਸ਼ ਦੀ ਤਰੱਕੀ ਵਿੱਚ ਆਪਣਾ ਪੂਰਾ ਯੋਗਦਾਨ ਪਾ ਸਕਦੀ ਹੈ।

ਅੰਤ ਵਿੱਚ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੰਤੁਲਿਤ ਭੋਜਨ ਅਤੇ ਸਰਗਰਮ ਜੀਵਨਸ਼ੈਲੀ ਹੀ ਨਰੋਈ ਸਿਹਤ ਦੀ ਕੁੰਜੀ ਹੈ। ਜੇ ਅਸੀਂ ਅੱਜ ਸਿਹਤ ’ਤੇ ਧਿਆਨ ਦੇਵਾਂਗੇ, ਤਾਂ ਹੀ ਕੱਲ੍ਹ ਇੱਕ ਮਜ਼ਬੂਤ ਅਤੇ ਖੁਸ਼ਹਾਲ ਸਮਾਜ ਦੀ ਨੀਂਹ ਰੱਖ ਸਕਾਂਗੇ।

Exit mobile version