ਲੁਧਿਆਣਾ: ਸਾਈਬਰ ਧੋਖਾਧੜੀ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਲੁਧਿਆਣਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਬਿਹਾਰ ਤੋਂ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਡੋਮੀਨੋਜ਼ ਪੀਜ਼ਾ ਦੀ ਏਜੰਸੀ ਦਿਵਾਉਣ ਦੇ ਬਹਾਨੇ ਸ਼ਹਿਰ ਦੇ ਇੱਕ ਨਿਵਾਸੀ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ ਸੀ।
ਏ.ਸੀ.ਪੀ. ਮੁਰਾਦ ਜਸਵੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਸੇਮ ਸਿੰਘ ਨਾਮਕ ਵਿਅਕਤੀ ਨੇ ਜੂਨ 2024 ਵਿੱਚ ਸਾਈਬਰ ਕ੍ਰਾਈਮ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਇੱਕ ਵਿਅਕਤੀ ਨੇ ਫ਼ੋਨ ਰਾਹੀਂ ਸੰਪਰਕ ਕਰਕੇ ਉਸਨੂੰ ਡੋਮੀਨੋਜ਼ ਪੀਜ਼ਾ ਏਜੰਸੀ ਦਿਵਾਉਣ ਦਾ ਝਾਂਸਾ ਦਿੱਤਾ ਅਤੇ ਇਸ ਤਰ੍ਹਾਂ ਲੱਖਾਂ ਰੁਪਏ ਠੱਗ ਲਏ।
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਠੱਗੀ ਦੀ ਰਕਮ ਬਿਹਾਰ ਵਿੱਚ ਸਥਿਤ ਇੱਕ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੀ ਗਈ ਸੀ। ਬੈਂਕ ਖਾਤੇ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਹ ਖਾਤਾ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਖੋਲ੍ਹਿਆ ਗਿਆ ਸੀ।
ਪੁਲਿਸ ਨੇ ਦਸਤਾਵੇਜ਼ਾਂ ’ਤੇ ਲੱਗੀ ਫੋਟੋ ਦੇ ਆਧਾਰ ’ਤੇ ਦੋਸ਼ੀ ਦੀ ਪਛਾਣ ਕੀਤੀ। ਇਸ ਤੋਂ ਬਾਅਦ ਐਸ.ਐਚ.ਓ. ਸਬ-ਇੰਸਪੈਕਟਰ ਹਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਸਤਬੀਰ ਸਿੰਘ ਅਤੇ ਪੁਲਿਸ ਟੀਮ ਬਿਹਾਰ ਪਹੁੰਚੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਦੋਸ਼ੀ ਕਾਫੀ ਚਲਾਕ ਹੈ ਅਤੇ ਉਸ ਦੇ ਖ਼ਿਲਾਫ਼ ਬਿਹਾਰ ਵਿੱਚ ਕਤਲ ਦਾ ਮਾਮਲਾ ਵੀ ਦਰਜ ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਦੋਸ਼ੀ ਨਾਲ ਪੁੱਛਗਿੱਛ ਜਾਰੀ ਹੈ ਅਤੇ ਮਾਮਲੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਕੇਸ ਵਿੱਚ ਹੋਰ ਧਾਰਾਵਾਂ ਵੀ ਜੋੜੀਆਂ ਗਈਆਂ ਹਨ।
