ਕੈਲੀਫੋਰਨੀਆ, 15 ਅਗਸਤ 2026 (ਹਰਸ਼ਪ੍ਰੀਤ ਕੌਰ) : ਅਮਰੀਕਾ ਦੇ ਕੈਲੀਫੋਰਨੀਆ ਤੋਂ ਪੰਜਾਬੀ ਭਾਈਚਾਰੇ ਲਈ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਸੜਕ ਹਾਦਸੇ ਵਿੱਚ 20 ਸਾਲਾ ਪੰਜਾਬੀ ਵਿਦਿਆਰਥਣ ਐਲੀ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਐਲੀ ਸਿੰਘ ਸਾਂਤਾ ਕਰੂਜ਼ ਵਿੱਚ ਪੜ੍ਹਾਈ ਕਰ ਰਹੀ ਸੀ। ਹਾਦਸਾ ਵੈਸਟ ਕਲਿਫ ਡਰਾਈਵ ’ਤੇ ਸਟੀਮਰ ਲੇਨ ਨੇੜੇ ਵਾਪਰਿਆ, ਜਿੱਥੇ ਕਾਰ ਸੜਕ ਤੋਂ ਹੇਠਾਂ ਸਮੁੰਦਰ ਵੱਲ ਜਾ ਡਿੱਗੀ।
ਘਟਨਾ ਦੀ ਸੂਚਨਾ ਮਿਲਦੇ ਹੀ ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ। ਐਲੀ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਜਾਨ ਨਹੀਂ ਬਚ ਸਕੀ। ਐਲੀ ਸਿੰਘ ਦੀ ਮੌਤ ਦੀ ਖ਼ਬਰ ਮਿਲਦੇ ਹੀ ਉਸ ਦੇ ਪਰਿਵਾਰ ਅਤੇ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ। ਦੱਸਿਆ ਜਾ ਰਿਹਾ ਹੈ ਕਿ ਐਲੀ, ਫਰਿਜ਼ਨੋ ਦੇ ਪ੍ਰਸਿੱਧ ਕਿਸਾਨ, ਬਦਾਮ ਉਤਪਾਦਕ ਅਤੇ ਪੰਜਾਬੀ ਭਾਈਚਾਰੇ ਦੀ ਜਾਣੀ-ਪਛਾਣੀ ਸ਼ਖ਼ਸੀਅਤ ਨਰਿੰਦਰਪਾਲ ਸਿੰਘ ਉਰਫ਼ ਪਾਲ ਮਾਹਿਲ ਦੀ ਦੋਹਤਰੀ ਸੀ।
