ਸਿਓਲ, 19 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਉੱਤਰੀ ਕੋਰੀਆ ਵੱਲੋਂ ਆਪਣੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨ ਸੰਸਥਾ ਇੰਟਰਨੈਸ਼ਨਲ ਐਟਾਮਿਕ ਐਨਰਜੀ ਏਜੰਸੀ (IAEA) ਦੇ ਮੁਖੀ ਰਾਫੇਲ ਗ੍ਰੋਸੀ ਨੇ ਖੁਲਾਸਾ ਕੀਤਾ ਹੈ ਕਿ ਉੱਤਰੀ ਕੋਰੀਆ ਨੇ ਆਪਣੇ ਮੁੱਖ ਯੋਂਗਬਿਓਨ ਪ੍ਰਮਾਣੂ ਕੰਪਲੈਕਸ ਵਿੱਚ ਯੂਰੇਨੀਅਮ ਸੰਵਰਧਨ ਕੇਂਦਰ ਦਾ ਵਿਸਥਾਰ ਕੀਤਾ ਹੈ। ਇਸ ਘਟਨਾਕ੍ਰਮ ਨੂੰ ਉੱਤਰੀ ਕੋਰੀਆ ਦੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਦੇ ਲਗਾਤਾਰ ਵਧਣ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। IAEA ਦੇ ਡਾਇਰੈਕਟਰ ਜਨਰਲ ਰਾਫੇਲ ਗ੍ਰੋਸੀ ਨੇ ਬੁੱਧਵਾਰ ਨੂੰ ਏਜੰਸੀ ਦੇ ਬੋਰਡ ਆਫ਼ ਗਵਰਨਰਜ਼ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਸਤੰਬਰ 2026 ਦੇ ਅੱਧ ਤੋਂ ਯੋਂਗਬਿਓਨ ਵਿਖੇ ਪਹਿਲਾਂ ਤੋਂ ਮੌਜੂਦ ਯੂਰੇਨੀਅਮ ਸੰਵਰਧਨ ਕੇਂਦਰ ਦੇ ਨਾਲ ਇੱਕ ਨਵੇਂ ਹਿੱਸੇ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ, ਜੋ ਅਕਤੂਬਰ ਦੇ ਅਖੀਰ ਤੱਕ ਬਾਹਰੀ ਤੌਰ ’ਤੇ ਮੁਕੰਮਲ ਹੋ ਚੁੱਕਾ ਸੀ। ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਦੇ ਯੂਰੇਨੀਅਮ ਸੰਵਰਧਨ ਪ੍ਰੋਗਰਾਮ ਦਾ ਲਗਾਤਾਰ ਵਿਸਥਾਰ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਨੇ ਸਾਲ 2009 ਵਿੱਚ IAEA ਦੇ ਨਿਰੀਖਕਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਸੀ। ਇਸ ਤੋਂ ਬਾਅਦ ਏਜੰਸੀ ਦੇ ਅਧਿਕਾਰੀਆਂ ਨੂੰ ਯੋਂਗਬਿਓਨ ਜਾਂ ਦੇਸ਼ ਦੇ ਕਿਸੇ ਹੋਰ ਪ੍ਰਮਾਣੂ ਟਿਕਾਣੇ ਦਾ ਸਿੱਧਾ ਨਿਰੀਖਣ ਕਰਨ ਦੀ ਇਜਾਜ਼ਤ ਨਹੀਂ ਮਿਲੀ। ਹੁਣ ਏਜੰਸੀ ਸੈਟੇਲਾਈਟ ਤਸਵੀਰਾਂ ਅਤੇ ਜਨਤਕ ਤੌਰ ’ਤੇ ਉਪਲਬਧ ਜਾਣਕਾਰੀਆਂ ਦੇ ਆਧਾਰ ’ਤੇ ਉੱਥੇ ਹੋ ਰਹੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੀ ਹੈ।
ਉੱਤਰੀ ਕੋਰੀਆ ਯੋਂਗਬਿਓਨ ਨੂੰ ਆਪਣੇ ਪ੍ਰਮਾਣੂ ਪ੍ਰੋਗਰਾਮ ਦਾ ਕੇਂਦਰ ਮੰਨਦਾ ਹੈ। ਪ੍ਰਮਾਣੂ ਹਥਿਆਰ ਬਣਾਉਣ ਲਈ ਬਹੁਤ ਜ਼ਿਆਦਾ ਸੰਵਰਧਿਤ ਯੂਰੇਨੀਅਮ ਜਾਂ ਹਥਿਆਰਾਂ ਵਿੱਚ ਵਰਤੋਂ ਯੋਗ ਪਲੂਟੋਨੀਅਮ ਦੀ ਲੋੜ ਹੁੰਦੀ ਹੈ। ਯੋਂਗਬਿਓਨ ਕੰਪਲੈਕਸ ਵਿੱਚ ਦੋਵਾਂ ਸਮੱਗਰੀਆਂ ਦੇ ਉਤਪਾਦਨ ਨਾਲ ਜੁੜੀਆਂ ਸਹੂਲਤਾਂ ਮੌਜੂਦ ਹਨ। ਮਾਹਿਰਾਂ ਅਨੁਸਾਰ 2019 ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਆਗੂ ਕਿਮ ਜੋਂਗ ਉਨ ਵਿਚਾਲੇ ਹੋਈ ਉੱਚ ਪੱਧਰੀ ਕੂਟਨੀਤਕ ਗੱਲਬਾਤ ਅਸਫਲ ਰਹਿਣ ਤੋਂ ਬਾਅਦ ਪਿਓਂਗਯਾਂਗ ਨੇ ਯੋਂਗਬਿਓਨ ਸਮੇਤ ਹੋਰ ਥਾਵਾਂ ’ਤੇ ਯੂਰੇਨੀਅਮ ਸੰਵਰਧਨ ਸਹੂਲਤਾਂ ਵਧਾਉਣ ਵੱਲ ਕਦਮ ਚੁੱਕੇ ਹਨ। ਦੱਖਣੀ ਕੋਰੀਆ ਦੇ ਏਕੀਕਰਨ ਮੰਤਰੀ ਚੁੰਗ ਡੋਂਗ-ਯੋਂਗ ਨੇ ਪਿਛਲੇ ਸਾਲ ਦਾਅਵਾ ਕੀਤਾ ਸੀ ਕਿ ਉੱਤਰੀ ਕੋਰੀਆ ਵਿੱਚ ਚਾਰ ਯੂਰੇਨੀਅਮ ਸੰਵਰਧਨ ਕੇਂਦਰ ਲਗਾਤਾਰ ਕੰਮ ਕਰ ਰਹੇ ਹਨ।
ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਵਿੱਚ ਹੋਣ ਵਾਲੇ ਖੇਤਰੀ ਸੰਮੇਲਨ ਦੌਰਾਨ ਕਿਮ ਜੋਂਗ ਉਨ ਨਾਲ ਮੁਲਾਕਾਤ ਕਰਨ ਦੀ ਇੱਛਾ ਜਤਾਈ ਸੀ। ਹਾਲਾਂਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸਪੱਸ਼ਟ ਕੀਤਾ ਕਿ ਟਰੰਪ ਦੀ ਚੀਨ ਯਾਤਰਾ ਦੌਰਾਨ ਅਜਿਹੀ ਕੋਈ ਮੁਲਾਕਾਤ ਤੈਅ ਨਹੀਂ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਉੱਤਰੀ ਕੋਰੀਆ ਨਾਲ ਨਵੀਂ ਗੱਲਬਾਤ ਸ਼ੁਰੂ ਕਰਨ ਲਈ ਤਿਆਰ ਹੈ। ਉੱਤਰੀ ਕੋਰੀਆ ਵੱਲੋਂ ਟਰੰਪ ਦੀ ਤਾਜ਼ਾ ਪੇਸ਼ਕਸ਼ ’ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਕਿਮ ਜੋਂਗ ਉਨ ਪਹਿਲਾਂ ਕਹਿ ਚੁੱਕੇ ਹਨ ਕਿ ਜੇਕਰ ਅਮਰੀਕਾ ਆਪਣੀ ਅਖੌਤੀ ਦੁਸ਼ਮਣਾਨਾ ਨੀਤੀ ਛੱਡ ਦੇਵੇ ਅਤੇ ਉੱਤਰੀ ਕੋਰੀਆ ਨੂੰ ਪ੍ਰਮਾਣੂ ਸ਼ਕਤੀ ਵਜੋਂ ਸਵੀਕਾਰ ਕਰੇ ਤਾਂ ਉਹ ਗੱਲਬਾਤ ਲਈ ਵਾਪਸ ਆ ਸਕਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਪੱਧਰ ’ਤੇ ਆਪਣੇ ਆਪ ਨੂੰ ਪ੍ਰਮਾਣੂ ਸ਼ਕਤੀ ਵਜੋਂ ਮਾਨਤਾ ਦਿਵਾਉਣਾ ਹੈ, ਤਾਂ ਜੋ ਸੰਯੁਕਤ ਰਾਸ਼ਟਰ ਵੱਲੋਂ ਲਗਾਈਆਂ ਆਰਥਿਕ ਪਾਬੰਦੀਆਂ ਹਟਾਉਣ ਲਈ ਦਬਾਅ ਬਣਾਇਆ ਜਾ ਸਕੇ।
