15 ਅਗਸਤ 2026 (ਕਾਜਲ) : ਪੱਛਮੀ ਏਸ਼ੀਆ ਵਿੱਚ ਜੰਗ ਨੂੰ ਲੈ ਕੇ ਤਣਾਅ ਅਜੇ ਵੀ ਬਰਕਰਾਰ ਹੈ। ਇਰਾਨ ਨੇ ਅਮਰੀਕਾ ਨੂੰ ਹਾਰ ਸਵੀਕਾਰ ਕਰਨ ਲਈ ਕਿਹਾ ਹੈ, ਜਦਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ’ਤੇ ਤਿੱਖਾ ਹਮਲਾ ਕਰਦਿਆਂ ਲੋਕਾਂ ਨੂੰ ਵਧੀਆਂ ਹੋਈਆਂ ਈਂਧਨ ਕੀਮਤਾਂ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ। ਇਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਮ ਗਰੀਬਾਬਾਦੀ ਨੇ ਕਿਹਾ ਕਿ ਹਾਰ ਮੰਨੇ ਬਿਨਾਂ ਅਤੇ ਆਪਣੀ ਸੋਚ ਨਾ ਬਦਲਣ ਤੱਕ ਇਰਾਨ ਹੋਰਮੁਜ਼ ਜਲਡਮਰੂਮੱਧ ਰਾਹੀਂ ਨਾਕਾਬੰਦੀ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਇਸ ਰਸਤੇ ਨੂੰ ਕਿਸੇ ਸੋਸ਼ਲ ਮੀਡੀਆ ਪੋਸਟ, ਜੰਗੀ ਜਹਾਜ਼ ਜਾਂ ਹੁਕਮ ਰਾਹੀਂ ਕਬਜ਼ੇ ਵਿੱਚ ਨਹੀਂ ਲਿਆ ਜਾ ਸਕਦਾ।
ਹੋਰਮੁਜ਼ ਜਲਡਮਰੂਮੱਧ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਮਾਰਗਾਂ ਵਿੱਚੋਂ ਇੱਕ ਹੈ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੁਨੀਆ ਦੇ ਲਗਭਗ ਪੰਜਵੇਂ ਹਿੱਸੇ ਦੇ ਤੇਲ ਨਿਰਯਾਤ ਲਈ ਇਸ ਰਸਤੇ ਦੀ ਵਰਤੋਂ ਹੁੰਦੀ ਸੀ। ਇਸ ਕਾਰਨ ਇਸ ਖੇਤਰ ਵਿੱਚ ਰੁਕਾਵਟ ਦਾ ਸਿੱਧਾ ਅਸਰ ਵਿਸ਼ਵ ਪੱਧਰ ’ਤੇ ਤੇਲ ਅਤੇ ਪੈਟਰੋਲ ਦੀਆਂ ਕੀਮਤਾਂ ’ਤੇ ਪੈ ਸਕਦਾ ਹੈ।ਉੱਧਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਦੇ ਗਾਰਡਨ ਸਿਟੀ ਵਿੱਚ ਇੱਕ ਰੈਲੀ ਦੌਰਾਨ ਕਿਹਾ ਕਿ ਜੰਗ ਜਾਰੀ ਰਹਿਣ ਕਾਰਨ ਅਮਰੀਕੀ ਲੋਕਾਂ ਨੂੰ ਪੈਟਰੋਲ ਲਈ ਕੁਝ ਵੱਧ ਕੀਮਤ ਅਦਾ ਕਰਨ ਲਈ ਤਿਆਰ ਰਹਿਣਾ ਪਵੇਗਾ। ਟਰੰਪ ਨੇ ਇਰਾਨ ਨੂੰ ‘ਬਹੁਤ ਖ਼ਤਰਨਾਕ ਦੇਸ਼’ ਕਰਾਰ ਦਿੰਦਿਆਂ ਕਿਹਾ ਕਿ ਉਸ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣਾ ਇਸ ਕੀਮਤ ਦੇ ਮੁਕਾਬਲੇ ਜ਼ਿਆਦਾ ਮਹੱਤਵਪੂਰਨ ਹੈ। ਇਸ ਦੌਰਾਨ ਜੰਗ ਖ਼ਤਮ ਕਰਨ ਲਈ ਗੱਲਬਾਤ ਵਿੱਚ ਵੀ ਕੋਈ ਵੱਡੀ ਤਰੱਕੀ ਨਜ਼ਰ ਨਹੀਂ ਆ ਰਹੀ। ਇਰਾਨ ਅਤੇ ਅਮਰੀਕਾ ਦੇ ਰੁਖ ਵਿੱਚ ਅਜੇ ਵੀ ਵੱਡਾ ਅੰਤਰ ਹੈ, ਜਦਕਿ ਹੋਰਮੁਜ਼ ਜਲਡਮਰੂਮੱਧ ਵਿੱਚ ਤੇਲ ਟੈਂਕਰਾਂ ਦੀ ਆਵਾਜਾਈ ਵੀ ਪ੍ਰਭਾਵਿਤ ਰਹੀ ਹੈ।
