ਫਲੋਰੇਸ, 15 ਅਗਸਤ 2026 (ਹਰਸ਼ਪ੍ਰੀਤ ਕੌਰ) : ਇੰਡੋਨੇਸ਼ੀਆ ਦੇ ਫਲੋਰੇਸ ਟਾਪੂ ਨੇੜੇ ਸ਼ਨੀਵਾਰ ਸਵੇਰੇ ਆਏ 7.7 ਤੀਬਰਤਾ ਦੇ ਤੇਜ਼ ਭੂਚਾਲ ਨੇ ਭਾਰੀ ਤਬਾਹੀ ਮਚਾਈ। ਭੂਚਾਲ ਕਾਰਨ ਕਈ ਇਮਾਰਤਾਂ ਅਤੇ ਘਰ ਨੁਕਸਾਨੀ ਗਏ। ਮੁੱਢਲੀ ਜਾਣਕਾਰੀ ਮੁਤਾਬਕ ਘੱਟੋ-ਘੱਟ 2 ਲੋਕਾਂ ਦੀ ਮੌਤ ਹੋਈ ਹੈ, ਜਦਕਿ 2 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 5:58 ਵਜੇ ਆਇਆ। ਇਸ ਦਾ ਕੇਂਦਰ ਫਲੋਰੇਸ ਖੇਤਰ ਵਿੱਚ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਹੇਠਾਂ ਅਤੇ ਐਂਡੇ ਸ਼ਹਿਰ ਤੋਂ ਕਰੀਬ 68 ਕਿਲੋਮੀਟਰ ਉੱਤਰ-ਪੱਛਮ ਵੱਲ ਸੀ। ਇਸ ਤੋਂ ਬਾਅਦ ਕਈ ਝਟਕੇ ਵੀ ਮਹਿਸੂਸ ਕੀਤੇ ਗਏ। ਭੂਚਾਲ ਤੋਂ ਬਾਅਦ ਅਧਿਕਾਰੀਆਂ ਨੇ ਕੁਝ ਸਮੇਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਅਤੇ ਲੋਕਾਂ ਨੂੰ ਸਮੁੰਦਰੀ ਤੱਟਾਂ ਤੇ ਦਰਿਆਵਾਂ ਤੋਂ ਦੂਰ ਰਹਿਣ ਅਤੇ ਉੱਚੇ ਇਲਾਕਿਆਂ ਵੱਲ ਜਾਣ ਲਈ ਕਿਹਾ। ਹਾਲਾਂਕਿ ਸਮੁੰਦਰ ਦੇ ਪਾਣੀ ਦੇ ਪੱਧਰ ਵਿੱਚ ਖ਼ਤਰਨਾਕ ਤਬਦੀਲੀ ਨਾ ਹੋਣ ਕਾਰਨ ਬਾਅਦ ਵਿੱਚ ਸੁਨਾਮੀ ਅਲਰਟ ਵਾਪਸ ਲੈ ਲਿਆ ਗਿਆ।
ਸਥਾਨਕ ਰਿਪੋਰਟਾਂ ਮੁਤਾਬਕ ਮੌਮਰੇ ਸ਼ਹਿਰ ਵਿੱਚ ਭੂਚਾਲ ਦਾ ਅਸਰ ਕਾਫ਼ੀ ਜ਼ਿਆਦਾ ਰਿਹਾ। ਹਸਪਤਾਲਾਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਬੈੱਡਾਂ, ਆਕਸੀਜਨ ਸਿਲੰਡਰਾਂ ਤੇ ਹੋਰ ਮੈਡੀਕਲ ਸਾਮਾਨ ਨਾਲ ਬਾਹਰ ਹੀ ਅਸਥਾਈ ਇਲਾਜ ਦਾ ਪ੍ਰਬੰਧ ਕੀਤਾ ਗਿਆ। ਫਲੋਰੇਸ ਟਾਪੂ ਦੇ ਕਈ ਹਿੱਸਿਆਂ ਵਿੱਚ ਲੋਕ ਡਰ ਕਾਰਨ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਨਿਕਲ ਆਏ। ਮੌਮਰੇ ਬੰਦਰਗਾਹ ਦੇ ਟਰਮੀਨਲ ਦੇ ਇੱਕ ਹਿੱਸੇ ਨੂੰ ਵੀ ਨੁਕਸਾਨ ਪਹੁੰਚਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸਿੱਕਾ ਸਥਿਤ ਸੇਂਟ ਪੀਟਰ ਮੇਜਰ ਸੈਮੀਨਰੀ ਵਿੱਚ ਸਵੇਰ ਦੀ ਪ੍ਰਾਰਥਨਾ ਦੌਰਾਨ ਇਮਾਰਤ ਦੇ ਇੱਕ ਹਿੱਸੇ ਦੀ ਛੱਤ ਡਿੱਗਣ ਕਾਰਨ ਹਫੜਾ-ਦਫੜੀ ਮਚ ਗਈ। ਇਸ ਘਟਨਾ ਦੌਰਾਨ ਇੱਕ ਪਾਦਰੀ ਦੂਜੀ ਮੰਜ਼ਿਲ ਤੋਂ ਛਾਲ ਮਾਰਦੇ ਸਮੇਂ ਲੱਤ ਵਿੱਚ ਸੱਟ ਲੱਗਣ ਕਾਰਨ ਜ਼ਖਮੀ ਹੋ ਗਿਆ। ਅਧਿਕਾਰੀ ਭੂਚਾਲ ਤੋਂ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ ਅਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ।
