ਫ਼ਤਹਿਗੜ੍ਹ ਸਾਹਿਬ :11 ਸਤੰਬਰ (ਗੁਰਮੀਤ ਸਿੰਘ ਤੁੰਗ): ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵੱਲੋਂ ਸਿੱਖ ਅਧਿਐਨ ਅਤੇ ਖੋਜ ਸਬੰਧੀ ਆਯੋਜਿਤ ਹਫ਼ਤਾਵਾਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸੰਪੰਨ ਹੋਇਆ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਲਗਭਗ ਪੰਜਾਹ ਅਧਿਆਪਕਾਂ ਨੇ ਭਾਗ ਲਿਆ।
ਇਸ ਮੌਕੇ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਅਧਿਆਪਨ ਸਟਾਫ਼ ਦੀ ਗੁਰਬਾਣੀ, ਗੁਰਮਤਿ ਸਿਧਾਂਤ ਅਤੇ ਸਿੱਖ ਪਰੰਪਰਾ ਸਬੰਧੀ ਅਧਿਐਨ ਅਤੇ ਖੋਜ ਦੀ ਸਮਰੱਥਾ ਨੂੰ ਹੋਰ ਨਿਖਾਰਨਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕਾਨਫਰੰਸਾਂ, ਸੈਮੀਨਾਰਾਂ ਅਤੇ ਖੋਜ ਪੱਤ੍ਰਿਕਾਵਾਂ ਤੇ ਪੁਸਤਕਾਂ ਦੇ ਪ੍ਰਕਾਸ਼ਨ ਰਾਹੀਂ ਗੁਰਮਤਿ ਦੇ ਅਧਿਐਨ ਅਤੇ ਖੋਜ ਲਈ ਸਾਜ਼ਗਾਰ ਮਾਹੌਲ ਸਿਰਜਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਹੈ।
ਵਿਦਾਇਗੀ ਸੈਸ਼ਨ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਕਿਹਾ ਕਿ ਹੋਰ ਵਿਦਿਆਵਾਂ ਦੇ ਨਾਲ-ਨਾਲ ਗੁਰਬਾਣੀ ਅਤੇ ਗੁਰਮਤਿ ਸਿਧਾਂਤ ਦਾ ਅਧਿਐਨ ਸ਼ਖ਼ਸੀ ਵਿਕਾਸ ਲਈ ਬੇਹੱਦ ਮਹੱਤਵਪੂਰਨ ਹੈ ਅਤੇ ਇਸ ਰਾਹੀਂ ਨਵੀਂ ਪੀੜ੍ਹੀ ਨੂੰ ਉਸਾਰੂ ਸੇਧ ਦਿੱਤੀ ਜਾ ਸਕਦੀ ਹੈ।
ਵਿਦਾਇਗੀ ਸੈਸ਼ਨ ਦੇ ਮੁੱਖ ਮਹਿਮਾਨ ਡਾ. ਸਿਕੰਦਰ ਸਿੰਘ, ਮੁਖੀ, ਪੰਜਾਬੀ ਵਿਭਾਗ ਨੇ ਗੁਰਬਾਣੀ ਦੇ ਅਨੁਵਾਦ ਨਾਲ ਜੁੜੀਆਂ ਚੁਣੌਤੀਆਂ ਅਤੇ ਅਨੁਵਾਦਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਭਾਸ਼ਾਈ, ਸੱਭਿਆਚਾਰਕ ਅਤੇ ਅਰਥਗਤ ਪੱਖਾਂ ਨੂੰ ਸਮਝਣ ਅਤੇ ਇਨ੍ਹਾਂ ਮੁਸ਼ਕਲਾਂ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ।
ਡਾ. ਹਰਦੇਵ ਸਿੰਘ, ਡੀਨ, ਫੈਕਲਟੀ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸਟਡੀਜ਼ ਅਤੇ ਕਨਵੀਨਰ ਨੇ ਕਿਹਾ ਕਿ ਵੱਖ-ਵੱਖ ਅਨੁਸ਼ਾਸਨਾਂ ਦੇ ਫੈਕਲਟੀ ਮੈਂਬਰਾਂ ਦੀ ਗੁਰਬਾਣੀ ਅਤੇ ਗੁਰਮਤਿ ਅਧਿਐਨ ਵਿੱਚ ਵਧ ਰਹੀ ਰੁਚੀ ਦੇ ਮੱਦੇਨਜ਼ਰ ਇਹ ਪ੍ਰੋਗਰਾਮ ਉਲੀਕਿਆ ਗਿਆ। ਪ੍ਰੋਗਰਾਮ ਦੀ ਕੋਆਰਡੀਨੇਟਰ ਡਾ. ਕਿਰਨਦੀਪ ਕੌਰ ਨੇ ਦੱਸਿਆ ਕਿ ਵੱਖ-ਵੱਖ ਵਿਦਵਾਨਾਂ ਵੱਲੋਂ ਸਿੱਖ ਅਧਿਐਨ ਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਡਾ. ਕਿਰਨਦੀਪ ਕੌਰ, ਡਾ. ਹਰਨੀਤ ਕੌਰ ਅਤੇ ਡਾ. ਪਲਵਿੰਦਰ ਕੌਰ ਵੱਲੋਂ ਵੀ ਵੱਖ-ਵੱਖ ਸੈਸ਼ਨ ਕਰਵਾਏ ਗਏ। ਡਾ. ਪਲਵਿੰਦਰ ਕੌਰ ਨੇ ਮੂਲ ਸਰੋਤ ਗ੍ਰੰਥਾਂ, ਪੁਸਤਕਾਂ ਅਤੇ ਵਿਸ਼ਵਕੋਸ਼ਾਂ ਦੀ ਜਾਣ-ਪਛਾਣ ਕਰਵਾਉਂਦਿਆਂ ਉਨ੍ਹਾਂ ਦੀ ਵਰਤੋਂ ਦਾ ਵਿਹਾਰਕ ਅਭਿਆਸ ਕਰਵਾਇਆ।
ਇਸ ਮੌਕੇ ਡਾ. ਅੰਕਦੀਪ ਕੌਰ ਅਟਵਾਲ, ਡਾ. ਸਰਪ੍ਰੀਤ ਸਿੰਘ, ਡਾ. ਅੰਕਦੀਪ ਕੌਰ ਅਟਵਾਲ, ਡਾ. ਰਿਚਾ ਬਰਾੜ, ਡਾ. ਵਰਿੰਦਰ ਸਿੰਘ ਭੁੱਲਰ, ਡਾ. ਨਵ ਸ਼ਗਨ ਦੀਪ ਕੌਰ, ਡਾ. ਰਮਨਦੀਪ ਕੌਰ, ਡਾ. ਚਰਨ ਕਮਲ ਸੇਖੋਂ ਅਤੇ ਯੂਨੀਵਰਸਿਟੀ ਲੋਕ ਸੰਪਰਕ ਅਫ਼ਸਰ ਜਸਪ੍ਰੀਤ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰ ਹਾਜ਼ਰ ਸਨ।

ਵਿਦਾਇਗੀ ਸੈਸ਼ਨ ਦੌਰਾਨ ਸਪੀਕਰ ਅਤੇ ਭਾਗੀਦਾਰ.







