Homeਹਰਿਆਣਾਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ 350 ਸਮਾਗਮਾਂ ਦਾ ਸੰਕਲਪ।

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ 350 ਸਮਾਗਮਾਂ ਦਾ ਸੰਕਲਪ।

ਪਟਿਆਲਾ/ਹਰਿਆਣਾ :2 ਅਕਤੂਬਰ (ਗੁਰਮੀਤ ਸਿੰਘ ਤੁੰਗ): ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ 350 ਸਮਾਗਮ ਕਰਵਾਉਣ ਦਾ ਸੰਕਲਪ ਨਿਰਮਲਾ ਅਖਾੜੇ ਦੇ ਪ੍ਰਮੁੱਖ ਪ੍ਰਚਾਰਕ ਪਰਮ ਪੂਜਨੀਕ ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਨੇ ਲਿਆ ਹੈ। ਇਨ੍ਹਾਂ ਸਮਾਗਮਾਂ ਦਾ ਮੁੱਖ ਉਦੇਸ਼ ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ, ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਦਿੱਤੇ ਸੰਦੇਸ਼ ਨੂੰ ਲੋਕਾਈ ਤੱਕ ਪਹੁੰਚਾਉਣਾ ਹੈ।

ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਲੰਮੇ ਸਮੇਂ ਤੋਂ ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸੰਦੇਸ਼ ਦਾ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਪ੍ਰਚਾਰ-ਪ੍ਰਸਾਰ ਕਰਦੇ ਆ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਕੇਵਲ ਸਿੱਖ ਪੰਥ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਸਦੀਵੀ ਪ੍ਰੇਰਨਾ ਦਾ ਸਰੋਤ ਹੈ।

ਸਵਾਮੀ ਜੀ ਭਾਵੁਕ ਹੁੰਦਿਆਂ ਕਹਿੰਦੇ ਹਨ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਧਰਮ ਦੀ ਆਜ਼ਾਦੀ ਦੀ ਰਾਖੀ ਲਈ ਆਪਣਾ ਸੀਸ ਕੁਰਬਾਨ ਨਾ ਕਰਦੇ , ਤਾਂ ਭਾਰਤ ਦੇ ਧਾਰਮਿਕ ਇਤਿਹਾਸ ਦੀ ਤਸਵੀਰ ਕੁਝ ਹੋਰ ਹੀ ਹੁੰਦੀ। ਅੱਜ ਅਸੀਂ ਗੁਰੂ ਸਾਹਿਬ ਜੀ ਦੀ ਲਾਸਾਨੀ ਕੁਰਬਾਨੀ ਸਦਕਾ ਹੀ ਆਪਣੇ ਮੰਦਰਾਂ, ਗੁਰਦੁਆਰਿਆਂ, ਆਸ਼ਰਮਾਂ ਅਤੇ ਹੋਰ ਧਾਰਮਿਕ ਅਸਥਾਨਾਂ ਵਿੱਚ ਜਿਸ ਆਜ਼ਾਦੀ ਨਾਲ ਪ੍ਰਭੂ ਦਾ ਸਿਮਰਨ, ਪਾਠ ਅਤੇ ਆਰਤੀ ਕਰ ਸਕਦੇ ਹਾਂ, ਉਸ ਆਜ਼ਾਦੀ ਦੀ ਅਹਿਮੀਅਤ ਨੂੰ ਸਮਝਣ ਲਈ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਯਾਦ ਰੱਖਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਅਨੁਸਾਰ, ਗੁਰੂ ਸਾਹਿਬ ਦੀ ਕੁਰਬਾਨੀ ਸਾਨੂੰ ਸਿਖਾਉਂਦੀ ਹੈ ਕਿ ਦੂਜਿਆਂ ਦੇ ਧਰਮ, ਵਿਸ਼ਵਾਸ ਅਤੇ ਉਪਾਸਨਾ ਦੀ ਆਜ਼ਾਦੀ ਦੀ ਰਾਖੀ ਕਰਨਾ ਵੀ ਮਨੁੱਖਤਾ ਦਾ ਸਰਵਉੱਚ ਫ਼ਰਜ਼ ਹੈ।

ਇਸੇ ਸ਼ਰਧਾ, ਸਤਿਕਾਰ ਅਤੇ ਸਮਰਪਣ ਦੀ ਭਾਵਨਾ ਨਾਲ ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਨੇ ਇਸ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ। ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਸ੍ਰੀ ਰਾਮ ਮੰਦਰ ਤੋਂ ਆਰੰਭ ਹੋਈ ਇਹ ਯਾਤਰਾ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਪਹੁੰਚੀ। ਇੱਥੇ ਸਵਾਮੀ ਜੀ ਨੇ ਸ਼ਰਧਾ ਨਾਲ ਨਤਮਸਤਕ ਹੋ ਕੇ ਗੁਰੂ ਸਾਹਿਬ ਪ੍ਰਤੀ ਆਪਣੀ ਅਕੀਦਤ ਭੇਟ ਕੀਤੀ ਅਤੇ ਉਨ੍ਹਾਂ ਦੀ ਸ਼ਹਾਦਤ ਦੇ ਮਹਾਨ ਸੰਦੇਸ਼ ਨੂੰ ਦੇਸ਼ ਭਰ ਵਿੱਚ ਪਹੁੰਚਾਉਣ ਦਾ ਦ੍ਰਿੜ੍ਹ ਸੰਕਲਪ ਦੁਹਰਾਇਆ।

ਇਸ ਯਾਤਰਾ ਦੌਰਾਨ ਤੇਜ਼ ਮੀਂਹ ਵੀ ਪਿਆ, ਪਰ ਗੁਰੂ ਸਾਹਿਬ ਪ੍ਰਤੀ ਸਵਾਮੀ ਜੀ ਦੀ ਸ਼ਰਧਾ, ਸਤਿਕਾਰ ਅਤੇ ਸਮਰਪਣ ਵਿੱਚ ਕੋਈ ਕਮੀ ਨਹੀਂ ਆਈ। ਮੌਸਮ ਦੀਆਂ ਚੁਣੌਤੀਆਂ ਦੇ ਬਾਵਜੂਦ ਉਨ੍ਹਾਂ ਦਾ ਹੌਸਲਾ ਅਤੇ ਉਤਸ਼ਾਹ ਕਾਇਮ ਰਿਹਾ। ਇਸ ਉਪਰੰਤ ਸਮਾਗਮ ਕਰਵਾਇਆ ਗਿਆ, ਜਿਸ ਰਾਹੀਂ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਅਤੇ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਆਜ਼ਾਦੀ ਦੀ ਰਾਖੀ ਦਾ ਸੰਦੇਸ਼ ਸੰਗਤ ਅਤੇ ਸਮਾਜ ਤੱਕ ਪਹੁੰਚਾਇਆ ਗਿਆ। ਇਸ ਦੇ ਨਾਲ ਹੀ ਇਹ ਮੁਹਿੰਮ ਹੋਰ ਵਿਸ਼ਾਲ ਪੱਧਰ ’ਤੇ ਅੱਗੇ ਵਧਾਉਣ ਦਾ ਯਤਨ ਕੀਤਾ ਗਿਆ।

ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਦਾ ਸੰਕਲਪ ਹੈ ਕਿ ਇਨ੍ਹਾਂ 350 ਸਮਾਗਮਾਂ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਜੀਵਨ, ਤਿਆਗ, ਤਪੱਸਿਆ, ਸਿਦਕ ਅਤੇ ਸ਼ਹਾਦਤ ਦੇ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ। ਇਸ ਉਪਰਾਲੇ ਦਾ ਮਕਸਦ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਮਹਾਨ ਆਦਰਸ਼ਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਧਰਮ ਦੀ ਆਜ਼ਾਦੀ, ਮਨੁੱਖੀ ਮਰਿਆਦਾ ਅਤੇ ਦੂਜਿਆਂ ਦੇ ਵਿਸ਼ਵਾਸ ਦੀ ਰਾਖੀ ਲਈ ਖੜ੍ਹਨਾ ਹੀ ਸੱਚੀ ਮਨੁੱਖਤਾ ਦੀ ਪਹਿਚਾਣ ਹੈ।

ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਦਾ ਸੰਦੇਸ਼ ਸਾਨੂੰ ਸਦਾ ਇਹ ਪ੍ਰੇਰਨਾ ਦਿੰਦਾ ਰਹੇਗਾ ਕਿ ਸੱਚ, ਧਰਮ ਅਤੇ ਮਨੁੱਖੀ ਆਜ਼ਾਦੀ ਦੀ ਰਾਖੀ ਲਈ ਦਿੱਤੀ ਕੁਰਬਾਨੀ ਕਦੇ ਵਿਅਰਥ ਨਹੀਂ ਜਾਂਦੀ। ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਵੱਲੋਂ 350 ਸਮਾਗਮ ਕਰਵਾਉਣ ਦਾ ਇਹ ਸੰਕਲਪ ਇਸੇ ਮਹਾਨ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵੱਲ ਇੱਕ ਸ਼ਰਧਾਪੂਰਵਕ ਉਪਰਾਲਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments