HomeLifestyleਵਸੀਲੇ ਮੁਖ਼ਬਿਰਾਨਾ, ਰਿਸ਼ਤਾ-ਏ-ਵਫ਼ਾ ਡਿਜੀਟਲ ਦੌਰ ਦੀ ਰਸਮ-ਏ-ਇਲਤਜਾ

ਵਸੀਲੇ ਮੁਖ਼ਬਿਰਾਨਾ, ਰਿਸ਼ਤਾ-ਏ-ਵਫ਼ਾ ਡਿਜੀਟਲ ਦੌਰ ਦੀ ਰਸਮ-ਏ-ਇਲਤਜਾ

Rishta-e-Wafa reflects changing human connections in the age of digital communication.

ਭਾਰਤ ਵਿੱਚ ਵਿਆਹ ਸਿਰਫ਼ ਦੋ ਵਿਅਕਤੀਆਂ ਦਾ ਨਿੱਜੀ ਫ਼ੈਸਲਾ ਨਹੀਂ ਮੰਨਿਆ ਜਾਂਦਾ। ਇਹ ਅਕਸਰ ਦੋ ਪਰਿਵਾਰਾਂ, ਸਮਾਜਿਕ ਸਥਿਤੀ, ਆਰਥਿਕ ਸਮਰੱਥਾ ਅਤੇ ਪਰਿਵਾਰਕ ਇੱਜ਼ਤ ਨਾਲ ਜੁੜਿਆ ਪੱਖ ਹੈ। ਇਸੇ ਸਮਾਜਿਕ ਦਬਾਅ ਦੇ ਵਿਚਕਾਰ ਇੱਕ ਅਜਿਹਾ ਕਾਰੋਬਾਰੀ ਖੇਤਰ ਵੀ ਉਭਰ ਰਿਹਾ ਹੈ, ਜਿਸ ਬਾਰੇ ਆਮ ਗੱਲਬਾਤ ਵਿੱਚ ਫਿਲਹਾਲ ਬਹੁਤ ਘੱਟ ਚਰਚਾ ਹੁੰਦੀ ਹੈ “ਵਿਆਹ ਤੋਂ ਪਹਿਲਾਂ ਨਿੱਜੀ ਜਾਂਚ”, ਜਿਸ ਨੂੰ ਆਮ ਤੌਰ ’ਤੇ ਨਿੱਜੀ ਜਾਸੂਸੀ ਸੇਵਾਵਾਂ ਰਾਹੀਂ ਕਰਵਾਇਆ ਜਾਂਦਾ ਹੈ।

ਪਹਿਲਾਂ ਵਿਆਹ ਲਈ ਰਿਸ਼ਤੇ ਦੀ ਪੜਤਾਲ ਲਈ ਰਿਸ਼ਤੇਦਾਰਾਂ, ਜਾਣ-ਪਛਾਣ ਵਾਲਿਆਂ, ਪਿੰਡ ਜਾਂ ਮੁਹੱਲੇ ਦੇ ਲੋਕਾਂ ਅਤੇ ਪਰਿਵਾਰਕ ਸਰੋਤਾਂ ਤੋਂ ਜਾਣਕਾਰੀ ਲਈ ਜਾਂਦੀ ਸੀ। ਹੁਣ ਸ਼ਹਿਰੀਕਰਨ, ਡਿਜ਼ੀਟਲ ਜੀਵਨ ਅਤੇ ਵਧਦੀ ਸਮਾਜਿਕ ਮੁਕਾਬਲੇਬਾਜ਼ੀ ਨੇ ਇਸ ਪ੍ਰਕਿਰਿਆ ਨੂੰ ਇੱਕ ਪੇਸ਼ੇਵਰ ਸੇਵਾ ਦਾ ਰੂਪ ਦੇ ਦਿੱਤਾ ਹੈ। ਕੁਝ ਨਿੱਜੀ ਜਾਂਚ ਏਜੰਸੀਆਂ ਵਿਆਹ ਦੇ ਸੰਭਾਵੀ ਰਿਸ਼ਤੇ ਬਾਰੇ ਨੌਕਰੀ, ਆਮਦਨ, ਵਿਆਹ ਦੀ ਸਥਿਤੀ, ਪਿਛਲੇ ਰਿਸ਼ਤਿਆਂ, ਸਮਾਜਿਕ ਵਰਤਾਰੇ ਅਤੇ ਪਰਿਵਾਰਕ ਪਿਛੋਕੜ ਦੀ ਜਾਂਚ ਕਰਨ ਦਾ ਦਾਅਵਾ ਕਰਦੀਆਂ ਹਨ।

ਇਸ ਰੁਝਾਨ ਦਾ ਇੱਕ ਪੱਖ ਵਿਹਾਰਕ ਵੀ ਹੈ। ਵਿਆਹ ਜੀਵਨ ਦਾ ਮਹੱਤਵਪੂਰਨ ਫ਼ੈਸਲਾ ਹੈ ਅਤੇ ਕਿਸੇ ਵਿਅਕਤੀ ਵੱਲੋਂ ਆਪਣੀ ਨੌਕਰੀ, ਆਮਦਨ, ਵਿਆਹੀ ਸਥਿਤੀ ਜਾਂ ਕਿਸੇ ਹੋਰ ਮਹੱਤਵਪੂਰਨ ਤੱਥ ਬਾਰੇ ਝੂਠੀ ਜਾਣਕਾਰੀ ਦੇਣਾ ਭਵਿੱਖ ਵਿੱਚ ਗੰਭੀਰ ਸਮੱਸਿਆ ਪੈਦਾ ਕਰਦਾ ਹੈ। ਇਸ ਲਈ ਦਸਤਾਵੇਜ਼ਾਂ ਦੀ ਕਾਨੂੰਨੀ ਅਤੇ ਸਹਿਮਤੀ-ਆਧਾਰਿਤ ਜਾਂਚ ਇੱਕ ਵਾਜਬ ਸਾਵਧਾਨੀ ਹੋ ਸਕਦੀ ਹੈ। ਪਰ ਸਮੱਸਿਆ ਉਸ ਵੇਲੇ ਸ਼ੁਰੂ ਹੁੰਦੀ ਹੈ ਜਦੋਂ ਜਾਂਚ ਅਤੇ ਜਾਸੂਸੀ ਵਿਚਲੀ ਹੱਦ ਮਿਟਣ ਲੱਗਦੀ ਹੈ। ਕਿਸੇ ਦੀ ਇਜਾਜ਼ਤ ਤੋਂ ਬਿਨਾਂ ਉਸ ਦਾ ਪਿੱਛਾ ਕਰਨਾ, ਨਿੱਜੀ ਜੀਵਨ ’ਤੇ ਨਿਗਰਾਨੀ ਰੱਖਣਾ, ਨਿੱਜੀ ਸੰਬੰਧਾਂ ਬਾਰੇ ਗੁਪਤ ਜਾਣਕਾਰੀ ਇਕੱਠੀ ਕਰਨਾ ਜਾਂ ਸੋਸ਼ਲ ਮੀਡੀਆ ਤੋਂ ਨਿੱਜੀ ਤਸਵੀਰਾਂ ਅਤੇ ਜਾਣਕਾਰੀਆਂ ਇਕੱਠੀਆਂ ਕਰਕੇ ਦਬਾਅ ਬਣਾਉਣਾ ਗੰਭੀਰ ਭੇਦਾਂ -ਸਬੰਧੀ ਸਵਾਲ ਖੜ੍ਹੇ ਕਰਦਾ ਹੈ।

ਭਾਰਤੀ ਸੰਵਿਧਾਨਕ ਵਿਵਸਥਾ ਵਿੱਚ ਨਿੱਜਤਾ ਨੂੰ ਮੌਲਿਕ ਅਧਿਕਾਰ ਵਜੋਂ ਮਾਨਤਾ ਮਿਲ ਚੁੱਕੀ ਹੈ। ਇਸ ਲਈ ਵਿਆਹ ਤੋਂ ਪਹਿਲਾਂ ਸੱਚਾਈ ਜਾਣਨ ਦੀ ਇੱਛਾ ਆਪਣੇ ਆਪ ਵਿੱਚ ਕਿਸੇ ਵਿਅਕਤੀ ਦੇ ਨਿੱਜੀ ਜੀਵਨ ਵਿੱਚ ਬੇਹੱਦ ਦਖ਼ਲ ਦੀ ਇਜਾਜ਼ਤ ਨਹੀਂ ਬਣ ਸਕਦੀ । ਇਸ ਪੂਰੇ ਰੁਝਾਨ ਦੇ ਪਿੱਛੇ ਇੱਕ ਹੋਰ ਵੱਡਾ ਸਮਾਜਿਕ ਕਾਰਕ ‘ਆਦਰਸ਼ ਰਿਸ਼ਤੇ’ ਦੀ ਭਾਲ ਹੈ । ਪਰਿਵਾਰ ਅਕਸਰ ਨੌਕਰੀ, ਤਨਖ਼ਾਹ, ਜਾਇਦਾਦ, ਪਰਿਵਾਰਕ ਸ਼ੋਹਰਤ , ਰਹਿਣ- ਸਹਿਣ ਅਤੇ ਸਮਾਜਿਕ ਦਰਜੇ ਨੂੰ ਵਿਆਹ ਦੀ ਸਫ਼ਲਤਾ ਨਾਲ ਜੋੜ ਦਿੰਦੇ ਹਨ। ਨਤੀਜੇ ਵਜੋਂ ਇੱਕ ਮਨੁੱਖ ਨੂੰ ਉਸ ਦੀ ਸ਼ਖ਼ਸੀਅਤ ਨਾਲੋਂ ਉਸ ਦੀ ‘ਪਿਛੋਕੜ ਰਿਪੋਰਟ’ ਵਿੱਚ ਬਦਲਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।

ਇਸ ਵਿੱਚ ਲਿੰਗਕ ਅਸਮਾਨਤਾ ਦਾ ਪੱਖ ਵੀ ਮਹੱਤਵਪੂਰਨ ਹੈ। ਕਈ ਸਮਾਜਿਕ ਹਵਾਲੇ ਵਿੱਚ ਔਰਤਾਂ ਦੇ ਪਿਛਲੇ ਜੀਵਨ ਦੀ ਜਾਂਚ ਨੂੰ ਵਧੇਰੇ ਚਰਿੱਤਰ ਮਿਆਰ ਨਾਲ ਤੋਲਿਆ ਜਾਂਦਾ ਹੈ, ਜਦਕਿ ਮਰਦਾਂ ਲਈ ਉਹੀ ਵਿਹਾਰ ਵੱਖਰੇ ਢੰਗ ਨਾਲ ਦੇਖਿਆ ਜਾ ਸਕਦਾ ਹੈ। ਇਹ ਦੋਹਰੇ ਮਾਪਦੰਡ ਵਿਆਹ ਦੇ ਸਮਾਜਿਕ ਢਾਂਚੇ ਵਿੱਚ ਭਰੋਸੇ ਦੀ ਥਾਂ ਸ਼ੱਕ ਨੂੰ ਮਜ਼ਬੂਤ ਕਰਦੇ ਹਨ। ਡਿਜ਼ੀਟਲ ਯੁੱਗ ਨੇ ਇਸ ਸਮੱਸਿਆ ਨੂੰ ਹੋਰ ਮੁਸ਼ਕਲ ਕਰ ਦਿੱਤਾ ਹੈ। ਸੋਸ਼ਲ ਮੀਡੀਆ, ਪੇਸ਼ੇਵਰ ਵੈੱਬਸਾਈਟਾਂ ਅਤੇ ਹੋਰ ਆਨਲਾਈਨ ਸਰੋਤਾਂ ਨੇ ਕਿਸੇ ਵਿਅਕਤੀ ਬਾਰੇ ਜਾਣਕਾਰੀ ਇਕੱਠੀ ਕਰਨੀ ਆਸਾਨ ਕਰ ਦਿੱਤੀ ਹੈ। ਪਰ ਆਨਲਾਈਨ ਉਪਲਬਧ ਹਰ ਜਾਣਕਾਰੀ ਸਹੀ, ਪੂਰੀ ਜਾਂ ਮੌਜੂਦਾ ਨਹੀਂ ਹੁੰਦੀ। ਅਧੂਰੀ ਜਾਣਕਾਰੀ ਕਿਸੇ ਵੀ ਇਨਸਾਨ ਦੇ ਚਰਿੱਤਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਇਸ ਲਈ ਵਿਆਹ ਤੋਂ ਪਹਿਲਾਂ ਸਾਵਧਾਨੀ ਜ਼ਰੂਰੀ ਹੈ, ਪਰ ਸਾਵਧਾਨੀ ਨੂੰ ਨਿਗਰਾਨੀ ਵਿੱਚ ਅਤੇ ਜਾਂਚ ਨੂੰ ਜਾਸੂਸੀ ਵਿੱਚ ਬਦਲਣਾ ਸਮਾਜਿਕ ਤੌਰ ’ਤੇ ਖ਼ਤਰਨਾਕ ਹੈ। ਸਹੀ ਰਸਤਾ ਦਸਤਾਵੇਜ਼ੀ ਤੱਥਾਂ ਦੀ ਕਾਨੂੰਨੀ ਪੜਤਾਲ , ਸਿੱਧੀ ਗੱਲ-ਬਾਤ / ਚਰਚਾ , ਆਪਸੀ ਸਹਿਮਤੀ ਅਤੇ ਭੇਦਾਂ ਦੀ ਇੱਜ਼ਤ ਹੈ। ਵਿਆਹ ਭਰੋਸੇ ਦਾ ਇਕ ਢਾਂਚਾ ਹੈ। ਜੇ ਰਿਸ਼ਤੇ ਦੀ ਸ਼ੁਰੂਆਤ ਹੀ ਗੁਪਤ ਨਿਗਰਾਨੀ, ਸ਼ੱਕ ਅਤੇ ਛੁਪੀ ਹੋਈ ਜਾਂਚ ਨਾਲ ਹੋਵੇ, ਤਾਂ ਸਵਾਲ ਸਿਰਫ਼ ਇਹ ਨਹੀਂ ਰਹਿੰਦਾ ਕਿ ਸਾਹਮਣੇ ਵਾਲਾ ਕਿੰਨਾ ਸੱਚਾ ਹੈ, ਸਵਾਲ ਹਾਲਤ ਬਾਦਲ ਦਿੰਦਾ ਹੈ ਕਿ ਕੀ ਅਸੀਂ ਵਿਆਹ ਤੋਂ ਪਹਿਲਾਂ ਹੀ ਭਰੋਸੇ ਦੀ ਉਹ ਨੀਂਹ ਕਮਜ਼ੋਰ ਕਰ ਰਹੇ ਹਾਂ, ਜਿਸ ’ਤੇ ਵਿਆਹੀ ਜੀਵਨ ਖੜ੍ਹਾ ਹੋਣਾ ਹੈ?

ਛੱਤਰਪਾਲ ਸਿੰਘ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments