ਕੈਨੇਡਾ, 16 ਨਵੰਬਰ, 2026 (ਸ਼ਹੀਦ-ਏ-ਆਜ਼ਮ-ਬਿਊਰੋ) : ਕੈਨੇਡਾ ਵਿੱਚ ਉੱਚ ਸਿੱਖਿਆ ਹਾਸਲ ਕਰਨ ਜਾਂ ਰੁਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਅਜੇ ਵੀ ਲੰਮੀ ਬਣੀ ਹੋਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਵਿਭਾਗ (IRCC) ਵੱਲੋਂ ਜਾਰੀ ਤਾਜ਼ਾ ਅੰਦਾਜ਼ਿਆਂ ਮੁਤਾਬਕ ਭਾਰਤੀ ਬਿਨੈਕਾਰਾਂ ਨੂੰ ਸਟੱਡੀ ਅਤੇ ਵਰਕ ਪਰਮਿਟ ਹਾਸਲ ਕਰਨ ਲਈ ਕਈ ਹਫ਼ਤਿਆਂ ਤੱਕ ਉਡੀਕ ਕਰਨੀ ਪੈ ਰਹੀ ਹੈ। ਇਸ ਦੇ ਉਲਟ ਪਾਕਿਸਤਾਨੀ ਬਿਨੈਕਾਰਾਂ ਦੀਆਂ ਕੁਝ ਸ਼੍ਰੇਣੀਆਂ ਦੀਆਂ ਅਰਜ਼ੀਆਂ ਦਾ ਨਿਪਟਾਰਾ ਘੱਟ ਸਮੇਂ ਵਿੱਚ ਹੋ ਰਿਹਾ ਹੈ। ਜਾਰੀ ਅੰਕੜਿਆਂ ਅਨੁਸਾਰ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦਾ ਸਟੱਡੀ ਪਰਮਿਟ ਪ੍ਰਾਪਤ ਕਰਨ ਲਈ ਔਸਤਨ 8 ਹਫ਼ਤੇ ਉਡੀਕ ਕਰਨੀ ਪੈ ਰਹੀ ਹੈ। ਇਹ ਸਮਾਂ 4 ਨਵੰਬਰ ਨੂੰ ਜਾਰੀ ਕੀਤੇ ਗਏ ਪਿਛਲੇ ਅੰਦਾਜ਼ੇ ਦੇ ਬਰਾਬਰ ਹੈ। ਇਸੇ ਤਰ੍ਹਾਂ ਭਾਰਤੀ ਪੇਸ਼ੇਵਰਾਂ ਲਈ ਨਵੇਂ ਵਰਕ ਪਰਮਿਟ ਦੀ ਪ੍ਰਕਿਰਿਆ ਵਿੱਚ ਲਗਪਗ 10 ਹਫ਼ਤੇ ਲੱਗ ਰਹੇ ਹਨ। ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਭਾਰਤੀ ਵਿਦਿਆਰਥੀਆਂ ਅਤੇ ਕਾਮਿਆਂ ਲਈ ਵਰਕ ਪਰਮਿਟ ਦਾ ਨਵੀਨੀਕਰਨ ਜਾਂ ਨਵਾਂ ਪਰਮਿਟ ਹਾਸਲ ਕਰਨਾ ਹੋਰ ਵੀ ਸਮਾਂ ਲੈ ਰਿਹਾ ਹੈ। ਇਸ ਸ਼੍ਰੇਣੀ ਵਿੱਚ ਬਿਨੈਕਾਰਾਂ ਨੂੰ ਲਗਪਗ 16 ਹਫ਼ਤਿਆਂ ਦੀ ਉਡੀਕ ਕਰਨੀ ਪੈ ਰਹੀ ਹੈ।
ਦੂਜੇ ਪਾਸੇ ਪਾਕਿਸਤਾਨੀ ਬਿਨੈਕਾਰਾਂ ਲਈ ਕੁਝ ਇਮੀਗ੍ਰੇਸ਼ਨ ਸੇਵਾਵਾਂ ਦੇ ਨਿਪਟਾਰੇ ਦਾ ਸਮਾਂ ਘਟਿਆ ਹੈ। ਉਪਲਬਧ ਅੰਕੜਿਆਂ ਮੁਤਾਬਕ ਪਾਕਿਸਤਾਨੀ ਵਿਦਿਆਰਥੀਆਂ ਦੀਆਂ ਵਰਕ ਪਰਮਿਟ ਨਾਲ ਸਬੰਧਤ ਅਰਜ਼ੀਆਂ ਦਾ ਸਮਾਂ 5 ਹਫ਼ਤਿਆਂ ਤੋਂ ਘਟ ਕੇ 4 ਹਫ਼ਤੇ ਰਹਿ ਗਿਆ ਹੈ। ਇਸ ਤਰ੍ਹਾਂ ਇਸ ਸ਼੍ਰੇਣੀ ਵਿੱਚ ਉਨ੍ਹਾਂ ਨੂੰ ਭਾਰਤੀ ਬਿਨੈਕਾਰਾਂ ਨਾਲੋਂ ਘੱਟ ਉਡੀਕ ਕਰਨੀ ਪੈ ਰਹੀ ਹੈ। ਇਸ ਤੋਂ ਇਲਾਵਾ ਪਾਕਿਸਤਾਨੀ ਬਿਨੈਕਾਰਾਂ ਦੇ ਸੁਪਰ ਵੀਜ਼ਾ ਦੀ ਪ੍ਰਕਿਰਿਆ ਵਿੱਚ ਵੀ 10 ਦਿਨਾਂ ਦੀ ਕਮੀ ਦਰਜ ਕੀਤੀ ਗਈ ਹੈ। ਇਸ ਦੇ ਉਲਟ ਭਾਰਤੀਆਂ ਲਈ ਵਿਜ਼ਟਰ ਵੀਜ਼ਾ ਅਤੇ ਸੁਪਰ ਵੀਜ਼ਾ ਦੀ ਉਡੀਕ ਵਿੱਚ ਕੁਝ ਵਾਧਾ ਹੋਇਆ ਹੈ। ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਫਿਲਹਾਲ ਪਰਮਿਟ ਪ੍ਰਕਿਰਿਆ ਵਿੱਚ ਕਿਸੇ ਵੱਡੀ ਤੇਜ਼ੀ ਦੀ ਉਮੀਦ ਨਹੀਂ ਹੈ। ਹਾਲਾਂਕਿ ਇਮੀਗ੍ਰੇਸ਼ਨ ਅਰਜ਼ੀਆਂ ਦਾ ਅਸਲ ਨਿਪਟਾਰਾ ਸਮਾਂ ਬਿਨੈਕਾਰ ਦੀ ਸ਼੍ਰੇਣੀ ਅਤੇ ਅਰਜ਼ੀ ਦੀ ਸਥਿਤੀ ਅਨੁਸਾਰ ਵੱਖਰਾ ਹੋ ਸਕਦਾ ਹੈ।
