ਚੰਡੀਗੜ੍ਹ, 16 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਪੰਜਾਬ ਦੀ ਧੀ ਅਤੇ ਆਸਟਰੇਲੀਆ ਦੀ ਸੰਸਦ ਵਿੱਚ ਪਹਿਲੀ ਸਿੱਖ ਮਹਿਲਾ ਵਜੋਂ ਚੁਣੀ ਗਈ ਡਾ. ਪਰਵਿੰਦਰ ਕੌਰ ਨੇ ਵਿਦੇਸ਼ੀ ਧਰਤੀ ’ਤੇ ਸਿੱਖ ਧਰਮ ਦੀਆਂ ਮਹਾਨ ਪਰੰਪਰਾਵਾਂ ਅਤੇ ਗੁਰੂ ਸਾਹਿਬਾਨ ਦੇ ਸਰਬਸਾਂਝੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਪੱਛਮੀ ਆਸਟਰੇਲੀਆ ਦੀ ਲੈਜਿਸਲੇਟਿਵ ਕੌਂਸਲ ਦੀ ਮੈਂਬਰ ਡਾ. ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਸੰਸਦ ਵਿੱਚ ਸੰਬੋਧਨ ਕਰਦਿਆਂ ਲੰਗਰ ਦੀ ਮਹਾਨ ਪਰੰਪਰਾ, ਬਰਾਬਰੀ, ਸੇਵਾ ਅਤੇ ਵੰਡ ਛਕਣ ਦੇ ਸਿਧਾਂਤਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।
ਪਰਥ ਵਿਖੇ ਪੱਛਮੀ ਆਸਟਰੇਲੀਆ ਦੀ ਸੰਸਦ ਵਿੱਚ 12 ਨਵੰਬਰ ਨੂੰ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਡਾ. ਪਰਵਿੰਦਰ ਕੌਰ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀ ਸੱਚਾ ਸੌਦਾ ਦੀ ਸਾਖੀ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਬਾਲ ਅਵਸਥਾ ਵਿੱਚ ਗੁਰੂ ਸਾਹਿਬ ਨੂੰ ਵਪਾਰ ਕਰਨ ਲਈ ਦਿੱਤੀ ਗਈ ਰਕਮ ਉਨ੍ਹਾਂ ਨੇ ਮੁਨਾਫਾ ਕਮਾਉਣ ਦੀ ਥਾਂ ਭੁੱਖੇ ਅਤੇ ਲੋੜਵੰਦ ਲੋਕਾਂ ਨੂੰ ਭੋਜਨ ਛਕਾਉਣ ਲਈ ਵਰਤੀ ਸੀ। ਇਸ ਰਾਹੀਂ ਗੁਰੂ ਸਾਹਿਬ ਨੇ ਮਨੁੱਖਤਾ ਦੀ ਸੇਵਾ ਨੂੰ ਸਭ ਤੋਂ ਉੱਤਮ ਕਾਰਜ ਹੋਣ ਦਾ ਸੰਦੇਸ਼ ਦਿੱਤਾ। ਡਾ. ਕੌਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਦੀ ਪਰੰਪਰਾ ਅੱਜ ਵੀ ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਪੂਰੀ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਨਿਭਾਈ ਜਾ ਰਹੀ ਹੈ। ਲੰਗਰ ਸਿਰਫ਼ ਭੁੱਖ ਮਿਟਾਉਣ ਦਾ ਸਾਧਨ ਨਹੀਂ, ਬਲਕਿ ਇਹ ਸਮਾਜਿਕ ਬਰਾਬਰੀ ਅਤੇ ਮਨੁੱਖੀ ਏਕਤਾ ਦਾ ਪ੍ਰਤੀਕ ਹੈ। ਇਸ ਪ੍ਰਥਾ ਰਾਹੀਂ ਜਾਤ-ਪਾਤ, ਧਰਮ, ਅਮੀਰੀ-ਗਰੀਬੀ ਅਤੇ ਉੱਚੇ-ਨੀਵੇਂ ਦੇ ਸਾਰੇ ਭੇਦਭਾਵ ਖਤਮ ਕਰਕੇ ਹਰ ਵਿਅਕਤੀ ਨੂੰ ਇੱਕੋ ਪੰਗਤ ਵਿੱਚ ਬੈਠਣ ਦਾ ਮੌਕਾ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਜਦੋਂ ਦੁਨੀਆ ਦੇ ਕਈ ਹਿੱਸਿਆਂ ਵਿੱਚ ਧਰਮ, ਜਾਤ ਅਤੇ ਹੋਰ ਸਮਾਜਿਕ ਵਖਰੇਵਿਆਂ ਕਾਰਨ ਦੂਰੀਆਂ ਵਧ ਰਹੀਆਂ ਹਨ, ਅਜਿਹੇ ਦੌਰ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਨੂੰ ਇਕਜੁੱਟ ਕਰਨ ਲਈ ਬੇਹੱਦ ਮਹੱਤਵਪੂਰਨ ਹਨ। ਉਨ੍ਹਾਂ ਨੇ ਸਿੱਖ ਧਰਮ ਦੇ ਤਿੰਨ ਬੁਨਿਆਦੀ ਸਿਧਾਂਤਾਂ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਨੂੰ ਜੀਵਨ ਵਿੱਚ ਅਪਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਡਾ. ਪਰਵਿੰਦਰ ਕੌਰ ਨੇ ਆਸਟਰੇਲੀਆ ਵਿੱਚ ਸਿੱਖ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਥ ਦੇ ਕੈਨਿੰਗ ਵੇਲ ਅਤੇ ਬੈਨੇਟ ਸਪ੍ਰਿੰਗਜ਼ ਸਥਿਤ ਗੁਰਦੁਆਰਿਆਂ ਵਿੱਚ ਹਰ ਰੋਜ਼ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਪਰੰਪਰਾ ਸਿੱਖ ਭਾਈਚਾਰੇ ਦੀ ਮਨੁੱਖਤਾ ਪ੍ਰਤੀ ਨਿਰਸਵਾਰਥ ਸੇਵਾ ਅਤੇ ਸਮਰਪਣ ਦੀ ਭਾਵਨਾ ਨੂੰ ਦਰਸਾਉਂਦੀ ਹੈ।
ਇਸ ਮੌਕੇ ਪੱਛਮੀ ਆਸਟਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ, ਡਿਪਟੀ ਪ੍ਰੀਮੀਅਰ ਰੀਟਾ ਸਾਫੀਓਤੀ, ਮੰਤਰੀ ਜੈਸਿਕਾ ਸਟੋਜਕੋਵਸਕੀ, ਬੇਸਿਲ ਜ਼ੈਂਪਿਲਾਸ, ਪਰਥ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਬਪ੍ਰੀਤ ਸਿੰਘ ਅਤੇ ਆਸਟਰੇਲੀਆਈ ਸਿੱਖ ਐਸੋਸੀਏਸ਼ਨ ਕੈਨਿੰਗ ਵੇਲ ਦੇ ਪ੍ਰਧਾਨ ਅਮਰਜੀਤ ਸਿੰਘ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ। ਭਾਰਤੀ ਨੌਸੈਨਾ ਦੇ ਸੇਵਾਮੁਕਤ ਅਧਿਕਾਰੀ ਅਤੇ ਲੇਖਕ ਤੇ ਫਿਲਮ ਨਿਰਮਾਤਾ ਹਰਿੰਦਰ ਐੱਸ. ਸਿੱਕਾ ਨੇ ਵੀ ਡਾ. ਪਰਵਿੰਦਰ ਕੌਰ ਦੇ ਸੰਬੋਧਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਡਾ. ਕੌਰ ਨੇ ਪੱਛਮੀ ਦੇਸ਼ਾਂ ਵਿੱਚ ਸਿੱਖ ਧਰਮ ਦੀਆਂ ਬਰਾਬਰੀ, ਸੇਵਾ ਅਤੇ ਸਾਂਝੀਵਾਲਤਾ ਦੀਆਂ ਕਦਰਾਂ-ਕੀਮਤਾਂ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਹੈ। ਡਾ. ਕੌਰ ਦੇ ਇਸ ਸੰਬੋਧਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
