ਲਾਸ ਏਂਜਲਸ (ਅਮਰੀਕਾ), 15 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ ): ਲਾਸ ਏਂਜਲਸ ਦੀ ਨਵੀਂ ਚੁਣੀ ਗਈ ਮੇਅਰ ਨਿਥਿਆ ਰਮਨ ਨੇ ਸਿਟੀ ਕੌਂਸਲ ਚੈਂਬਰ ਵਿੱਚ ਦੀਵਾਲੀ ਦਾ ਤਿਉਹਾਰ ਰਵਾਇਤੀ ਭਾਰਤੀ ਪਹਿਰਾਵੇ ਸਾੜ੍ਹੀ ਵਿੱਚ ਸ਼ਿਰਕਤ ਕਰਕੇ ਮਨਾਇਆ। ਇਸ ਮੌਕੇ ਸਰਕਾਰੀ ਇਮਾਰਤ ਭਾਰਤੀ ਸੱਭਿਆਚਾਰ ਦੇ ਰੰਗਾਂ ਨਾਲ ਰੰਗੀ ਨਜ਼ਰ ਆਈ ਅਤੇ ਸੰਗੀਤ, ਨਾਚ ਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ ਗਈ।
ਨਿਥਿਆ ਰਮਨ ਨੇ ਆਪਣੇ ਅਧਿਕਾਰਤ ਐਕਸ ਹੈਂਡਲ ’ਤੇ ਸਮਾਗਮ ਦੀਆਂ ਤਸਵੀਰਾਂ ਅਤੇ ਝਲਕੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਸਾਲਾਨਾ ਦੀਵਾਲੀ ਸਮਾਗਮ ਵਿੱਚ ਬੱਚਿਆਂ ਦੀ ਸਾ ਡਾਂਸ ਅਕੈਡਮੀ ਵੱਲੋਂ ਪੇਸ਼ਕਾਰੀਆਂ, ਲਾਈਵ ਗਾਇਨ, ਮਠਿਆਈਆਂ ਅਤੇ ਸ਼ਹਿਰ ਦੇ ਵੱਖ-ਵੱਖ ਭਾਈਚਾਰਿਆਂ ਦੇ ਆਗੂਆਂ ਦੀ ਸ਼ਮੂਲੀਅਤ ਰਹੀ। ਸਮਾਗਮ ਦੌਰਾਨ ਪਰਿਵਾਰਾਂ ਅਤੇ ਭਾਈਚਾਰੇ ਦੇ ਲੋਕਾਂ ਨੇ ਮਿਲ ਕੇ ਤਿਉਹਾਰ ਦੀਆਂ ਖੁਸ਼ੀਆਂ ਮਨਾਈਆਂ। ਭਾਰਤ ਦੇ ਲਾਸ ਏਂਜਲਸ ਸਥਿਤ ਕੌਂਸਲੇਟ ਜਨਰਲ ਨੇ ਵੀ ਲਾਸ ਏਂਜਲਸ ਸਿਟੀ ਹਾਲ ਵਿੱਚ ਹੋਏ ਇਸ ਸਮਾਗਮ ਬਾਰੇ ਜਾਣਕਾਰੀ ਸਾਂਝੀ ਕੀਤੀ। ਕੌਂਸਲੇਟ ਮੁਤਾਬਕ ਕੌਂਸਲ ਜਨਰਲ ਡਾ. ਕੇ.ਜੇ. ਸ੍ਰੀਨਿਵਾਸ ਅਤੇ ਮੇਅਰ-ਇਲੈਕਟ ਨਿਥਿਆ ਰਮਨ ਨੇ ਸਮਾਗਮ ਵਿੱਚ ਹਿੱਸਾ ਲਿਆ। ਇਸ ਦੌਰਾਨ ਭਾਰਤੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਰਵਾਇਤੀ ਨਾਚ, ਕਰਨਾਟਕ ਸੰਗੀਤ, ਭੰਗੜਾ ਅਤੇ ਤਬਲੇ ਦੀ ਪੇਸ਼ਕਾਰੀ ਸ਼ਾਮਲ ਸੀ।
ਇਸ ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਲਾਸ ਏਂਜਲਸ ਸਿਟੀ ਕੌਂਸਲ ਨੇ ਦੀਵਾਲੀ ਅਤੇ ਇਸ ਨਾਲ ਜੁੜੇ ਉਮੀਦ, ਏਕਤਾ ਤੇ ਚਾਨਣ ਦੇ ਸੰਦੇਸ਼ ਨੂੰ ਮਾਨਤਾ ਦੇਣ ਵਾਲਾ ਮਤਾ ਵੀ ਪਾਸ ਕੀਤਾ। ਇਸ ਮੌਕੇ ਡਾ. ਸ੍ਰੀਨਿਵਾਸ ਨੂੰ ਭਾਰਤ ਅਤੇ ਲਾਸ ਏਂਜਲਸ ਵਿਚਾਲੇ ਸਬੰਧ ਮਜ਼ਬੂਤ ਕਰਨ ਲਈ ਕੀਤੇ ਯਤਨਾਂ ਵਾਸਤੇ ਪ੍ਰਸ਼ੰਸਾ ਸਰਟੀਫਿਕੇਟ ਵੀ ਭੇਟ ਕੀਤਾ ਗਿਆ। ਡਾ. ਸ੍ਰੀਨਿਵਾਸ ਨੇ ਸਥਾਨਕ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਨਵੇਂ ਪ੍ਰਸ਼ਾਸਨ ਦੇ ਕਾਰਜਕਾਲ ਦੌਰਾਨ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਸਾਲ 2028 ਵਿੱਚ ਲਾਸ ਏਂਜਲਸ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਸਹਿਯੋਗ ਅਤੇ ਸਾਂਝ ਵਧਾਉਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਦੀਵਾਲੀ ਨੂੰ ਰੌਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਸਾਲ ਭਾਰਤ ਵਿੱਚ ਦੀਵਾਲੀ ਦਾ ਮੁੱਖ ਤਿਉਹਾਰ 8 ਨਵੰਬਰ ਨੂੰ ਮਨਾਇਆ ਗਿਆ ਸੀ। ਇਹ ਤਿਉਹਾਰ ਬੁਰਾਈ ਉੱਤੇ ਚੰਗਿਆਈ ਅਤੇ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਦਾ ਪ੍ਰਤੀਕ ਹੈ। ਇਸ ਮੌਕੇ ਲੋਕ ਘਰਾਂ ਨੂੰ ਦੀਵਿਆਂ, ਮੋਮਬੱਤੀਆਂ ਅਤੇ ਰੰਗੋਲੀਆਂ ਨਾਲ ਸਜਾਉਂਦੇ ਹਨ, ਮਾਤਾ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਦੇ ਹਨ ਅਤੇ ਪਰਿਵਾਰ ਤੇ ਦੋਸਤਾਂ ਨਾਲ ਮਠਿਆਈਆਂ ਅਤੇ ਤੋਹਫ਼ੇ ਸਾਂਝੇ ਕਰਦੇ ਹਨ।
