Home ਪੰਜਾਬ ਵੈਟਨਰੀ ਯੂਨੀਵਰਸਿਟੀ ਵੱਲੋਂ ਔਰਤਾਂ ਦੀ ਸਿਹਤ ਅਤੇ ਕੈਂਸਰ ਬਾਰੇ ਜਾਗਰੂਕਤਾ ਪ੍ਰੋਗਰਾਮ ਦਾ...

ਵੈਟਨਰੀ ਯੂਨੀਵਰਸਿਟੀ ਵੱਲੋਂ ਔਰਤਾਂ ਦੀ ਸਿਹਤ ਅਤੇ ਕੈਂਸਰ ਬਾਰੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

Awareness Programme Highlights Women’s Health, Cancer Prevention and the Importance of Early Detection

0

ਲੁਧਿਆਣਾ 09 ਅਕਤੂਬਰ 2026 (ਗੁਰਮੀਤ ਸਿੰਘ ਤੁੰਗ) : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਦਿਆਰਥੀ ਭਲਾਈ ਨਿਰਦੇਸ਼ਾਲੇ ਨੇ `ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ` (ਵੈਟਨਰੀ ਯੂਨੀਵਰਸਿਟੀ ਯੂਨਿਟ) ਅਤੇ `ਕੈਨ ਫਾਈਟ ਕੈਂਸਰ` (ਸੀ.ਐਫ.ਸੀ.) ਸੁਸਾਇਟੀ, ਲੁਧਿਆਣਾ ਦੇ ਸਹਿਯੋਗ ਨਾਲ ਔਰਤਾਂ ਦੀ ਸਿਹਤ ਅਤੇ ਕੈਂਸਰ ਬਾਰੇ ਜਾਗਰੂਕਤਾ ਲਈ ਇੱਕ ਰੋਜ਼ਾ ਪ੍ਰੋਗਰਾਮ ਅਤੇ ਵਿਚਾਰ-ਚਰਚਾ ਸੈਸ਼ਨ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਕੈਂਸਰ ਦੀ ਰੋਕਥਾਮ, ਸ਼ੁਰੂਆਤੀ ਪੜਾਅ `ਤੇ ਪਛਾਣ ਅਤੇ ਰਾਹਤ-ਕੇਂਦਰੀ ਦੇਖਭਾਲ ਬਾਰੇ ਜਾਗਰੂਕਤਾ ਦੇਣਾ ਸੀ। ਇਸ ਪ੍ਰੋਗਰਾਮ ਵਿੱਚ ਲਗਭਗ 150 ਵਿਦਿਆਰਥਣਾਂ, ਮਹਿਲਾ ਅਧਿਆਪਕਾਵਾਂ ਅਤੇ ਸਟਾਫ ਮੈਂਬਰਾਂ ਨੇ ਭਾਗ ਲਿਆ। ਡਾ. ਜਤਿੰਦਰ ਪਾਲ ਗਿੱਲ, ਉਪ-ਕੁਲਪਤੀ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਪਵਨਜੀਤ ਕੌਰ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿ਼ਰਕਤ ਕੀਤੀ। ਡਾ. ਗਿੱਲ ਨੇ ਬਿਮਾਰੀ ਤੋਂ ਬਚਾਅ ਲਈ ਸਿਹਤ ਸੰਭਾਲ, ਕੈਂਸਰ ਬਾਰੇ ਜਾਗਰੂਕਤਾ ਅਤੇ ਬਿਮਾਰੀ ਦੀ ਸ਼ੁਰੂਆਤੀ ਪਛਾਣ ਦੇ ਮਹੱਤਵ `ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਔਰਤਾਂ ਦੀ ਸਿਹਤ ਅਤੇ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਪ੍ਰਬੰਧਕਾਂ ਅਤੇ ਡਾਕਟਰੀ ਮਾਹਿਰਾਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ।

ਤਕਨੀਕੀ ਸੈਸ਼ਨਾਂ ਦੌਰਾਨ, ਕਲਾਉਡਨਾਈਨ ਹਸਪਤਾਲ, ਲੁਧਿਆਣਾ ਦੀ ਇਸਤਰੀ ਰੋਗ ਮਾਹਰ ਡਾ. ਕਨੂਪ੍ਰਿਆ ਜੈਨ ਨੇ “ਔਰਤਾਂ ਵਿੱਚ ਆਮ ਕੈਂਸਰ – ਰੋਕਥਾਮ ਅਤੇ ਸ਼ੁਰੂਆਤੀ ਪਛਾਣ” ਵਿਸ਼ੇ `ਤੇ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ ਅਤੇ ਜਾਗਰੂਕਤਾ ਦੇ ਨਾਲ-ਨਾਲ ਸਮੇਂ ਸਿਰ ਡਾਕਟਰੀ ਸਹਾਇਤਾ ਦੇ ਮਹੱਤਵ ਨੂੰ ਉਜਾਗਰ ਕੀਤਾ। ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਦੇ ਕੈਂਸਰ ਮਾਹਰ ਡਾ. ਕੁਨਾਲ ਜੈਨ ਨੇ ਰਾਹਤ-ਕੇਂਦਰੀ ਦੇਖਭਾਲ (ਪੈਲੀਏਟਿਵ ਕੇਅਰ) ਅਤੇ ਕੈਂਸਰ ਦੇ ਮਰੀਜ਼ਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿੱਚ ਇਸਦੀ ਮਹੱਤਤਾ ਬਾਰੇ ਚਰਚਾ ਕੀਤੀ। ਸੁਸਾਇਟੀ ਦੇ ਸਕੱਤਰ ਸ਼੍ਰੀ ਜਗਜੀਤ ਸੂਦ ਨੇ ਸੰਸਥਾ, ਇਸ ਦੀਆਂ ਗਤੀਵਿਧੀਆਂ ਅਤੇ ਕੈਂਸਰ ਦੇ ਔਖੇ ਪੜਾਵਾਂ ਦੌਰਾਨ ਮਰੀਜ਼ਾਂ ਦੀ ਸਹਾਇਤਾ ਲਈ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਸ਼੍ਰੀਮਤੀ ਪਵਨਜੀਤ ਕੌਰ ਗਿੱਲ ਨੇ ਕੈਂਸਰ ਨਾਲ ਜੁੜੇ ਆਪਣੇ ਨਿੱਜੀ ਤਜਰਬੇ ਅਤੇ ਇਸ ਦੇ ਪ੍ਰਭਾਵਾਂ ਤੋਂ ਉਭਰਨ ਵਿੱਚ ਪਰਿਵਾਰਕ ਸਹਿਯੋਗ ਦੀ ਅਹਿਮੀਅਤ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਔਰਤਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਅਤੇ ਸਮੂਹਿਕ ਯਤਨਾਂ ਦੀ ਮਹੱਤਤਾ `ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਔਰਤਾਂ ਨੂੰ ਆਪਣੀ ਸਿਹਤ ਨੂੰ ਪਹਿਲ ਦੇਣ, ਸਮੇਂ ਸਿਰ ਡਾਕਟਰੀ ਸਲਾਹ ਲੈਣ ਅਤੇ ਜਾਗਰੂਕਤਾ ਮੁਹਿੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।

ਡਾ. ਜਸਪਾਲ ਸਿੰਘ ਹੁੰਦਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਔਰਤਾਂ ਦੀ ਸਿਹਤ ਸਮਾਜ ਦਾ ਬਹੁਤ ਵਿਸ਼ੇਸ਼ ਪਹਿਲੂ ਹੈ ਕਿਉਂਕਿ ਔਰਤਾਂ ਦੀ ਤੰਦਰੁਸਤੀ ਨਾਲ ਹੀ ਪਰਿਵਾਰ ਅਤੇ ਸਮਾਜਿਕ ਜੀਵਨ ਸੁਚਾਰੂ ਢੰਗ ਨਾਲ ਚਲ ਸਕਦਾ ਹੈ। ਉਨ੍ਹਾਂ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਇਸ ਅਹਿਮੀਅਤ ਨੂੰ ਸਮਝਦੀ ਹੈ ਇਸ ਲਈ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ। ਇਸ ਪ੍ਰੋਗਰਾਮ ਦਾ ਆਯੋਜਨ ਡਾ. ਵਨੀਤ ਇੰਦਰ ਕੌਰ, ਡਾ. ਨਿਧੀ ਸ਼ਰਮਾ ਅਤੇ ਡਾ. ਸਰਬਜੀਤ ਕੌਰ ਦੇ ਸਾਂਝੇ ਯਤਨਾਂ ਸਦਕਾ ਕੀਤਾ ਗਿਆ। ਇਹ ਉਪਰਾਲਾ ਯੂਨੀਵਰਸਿਟੀ ਦੀ ਸਿਹਤ ਜਾਗਰੂਕਤਾ, ਸਮਾਜਿਕ ਜ਼ਿੰਮੇਵਾਰੀ ਅਤੇ ਆਪਣੇ ਵਿਦਿਆਰਥੀਆਂ ਤੇ ਸਟਾਫ ਦੀ ਸਮੁੱਚੀ ਭਲਾਈ ਨੂੰ ਸੁਦ੍ਰਿੜ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

Exit mobile version