ਪਟਿਆਲਾ ਦੀ ਪੱਤਰਕਾਰੀ ਵਿਰਾਸਤ ਨੂੰ ਮਿਲਿਆ ਇਤਿਹਾਸਕ ਦਸਤਾਵੇਜ਼:ਪ੍ਰਿੰਸੀਪਲ ਬਾਬੂ ਸਿੰਘ ਗੁਰਮ
ਉਜਾਗਰ ਸਿੰਘ ਵੱਲੋਂ ਲਿਖਿਤ ਪੁਸਤਕ ‘ਪਟਿਆਲਵੀ ਪੱਤਰਕਾਰ’ ਦਾ ਵਿਮੋਚਨ
ਪਟਿਆਲਾ 9 ਅਕਤੂਬਰ,2026 (ਚੌਧਰੀ ਪ੍ਰਭਜੀਤ ਸਿੰਘ) : ਪਟਿਆਲਾ ਦੇ ਪ੍ਰਸਿੱਧ ਸਿਖਿਆ ਸ਼ਾਸ਼ਤਰੀ ਅਤੇ ਸਮਾਜ ਸੇਵਕ ਪ੍ਰਿੰਸੀਪਲ ਬਾਬੂ ਸਿੰਘ ਗੁਰਮ ਵੱਲੋਂ ਅੱਜ ਇਥੇ ਪੰਜਾਬ ਦੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਸਰਦਾਰ ਉਜਾਗਰ ਸਿੰਘ ਵੱਲੋਂ ਪੰਜਾਬੀ ਭਾਸ਼ਾ ਵਿਚ ਲਿਖੀ ਕਿਤਾਬ ‘ਪਟਿਆਲਵੀ ਪੱਤਰਕਾਰ’ ਦਾ ਵਿਮੋਚਨ ਕੀਤਾ। ਇਸ ਮੌਕੇ ਉਨ੍ਹਾਂ ਕਿਤਾਬ ਦੇ ਲੇਖਕ ਸਰਦਾਰ ਉਜਾਗਰ ਸਿੰਘ ਨੂੰ ਇਸ ਮਹੱਤਵਪੂਰਨ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਪੱਤਰਕਾਰਤਾ ਦੇ ਖੇਤਰ ਵਿੱਚ ਵਡਮੁੱਲੇ ਯੋਗਦਾਨ ਪਾਉਣ ਵਾਲੇ ਪੱਤਰਕਾਰਾਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਮਾਜ ਪ੍ਰਤੀ ਸੇਵਾਵਾਂ ਨੂੰ ਕਲਮਬੱਧ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਕੀਮਤੀ ਦਸਤਾਵੇਜ਼ ਸਾਬਤ ਹੋਵੇਗਾ। ਸਰਦਾਰ ਉਜਾਗਰ ਸਿੰਘ ਨੇ ਦੱਸਿਆ ਕਿ ਪਟਿਆਲਵੀ ਪੱਤਰਕਾਰ ਕਿਤਾਬ ਦੀ ਪ੍ਰਕਾਸ਼ਨਾ ਲਈ ਸਪਾਂਸਰ ਸ਼ਿਪ ਪ੍ਰਿੰਸੀਪਲ ਬਾਬੂ ਸਿੰਘ ਗੁਰਮ ਵੱਲੋਂ ਕੀਤੀ ਗਈ ਹੈ ਜਿਸ ਲਈ ਉਹ ਧੰਨਵਾਦ ਦੇ ਪਾਤਰ ਹਨ।
ਸਰਦਾਰ ਉਜਾਗਰ ਸਿੰਘ ਨੇ ਇਸ ਕਿਤਾਬ ਵਿੱਚ ਪਟਿਆਲਾ ਨਾਲ ਸਬੰਧਤ ਵੱਖ-ਵੱਖ ਸਮਿਆਂ ਦੇ ਲਗਭਗ 158 ਪੱਤਰਕਾਰਾਂ ਦੇ ਜੀਵਨ, ਪੱਤਰਕਾਰੀ ਸਫ਼ਰ ਅਤੇ ਸਮਾਜ ਪ੍ਰਤੀ ਉਨ੍ਹਾਂ ਦੇ ਵਡਮੁੱਲੇ ਯੋਗਦਾਨ ’ਤੇ ਵਿਸਥਾਰ ਨਾਲ ਰੌਸ਼ਨੀ ਪਾਈ ਹੈ। ਕਿਤਾਬ ਰਾਹੀਂ ਪਟਿਆਲਾ ਦੀ ਪੱਤਰਕਾਰੀ ਵਿਰਾਸਤ ਨੂੰ ਸੰਭਾਲਣ ਅਤੇ ਪਾਠਕਾਂ ਤੱਕ ਪਹੁੰਚਾਉਣ ਦਾ ਸਾਰਥਕ ਉਪਰਾਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਰਦਾਰ ਉਜਾਗਰ ਸਿੰਘ ਇਸ ਤੋਂ ਪਹਿਲਾਂ ਵੀ ਵੱਖ-ਵੱਖ ਸਮਾਜਿਕ, ਇਤਿਹਾਸਕ, ਰਾਜਨੀਤਕ ਅਤੇ ਸਾਹਿਤਕ ਵਿਸ਼ਿਆਂ ’ਤੇ ਲਗਭਗ 17 ਪੁਸਤਕਾਂ ਲਿਖ ਚੁੱਕੇ ਹਨ। ਇਨ੍ਹਾਂ ਵਿੱਚ ‘ਪਟਿਆਲਾ ਦੀ ਵਿਰਾਸਤ’, ‘ਸਮਕਾਲੀ ਸਮਾਜ’, ‘ਸਿਆਸਤ ਅਤੇ ਲੋਕ ਸੰਪਰਕ’, ‘ਪੰਜਾਬ ਦੇ 52 ਰਤਨ ਹੀਰੇ’, ‘ਸਰਦਾਰ ਬੇਅੰਤ ਸਿੰਘ ਕਤਲ ਦਾ ਅਸਲ ਸੱਚ’, ‘ਪੰਜਾਬ ਦੀਆਂ ਅਨਮੋਲ ਰਤਨ ਸ਼ਖ਼ਸੀਅਤਾਂ’ ਅਤੇ ‘ਆਪਣੇ ਸਿੱਖ ਸਮਾਜ ਦੇ ਮਸਲੇ’ ਸਮੇਤ ਹੋਰ ਪੁਸਤਕਾਂ ਸ਼ਾਮਲ ਹਨ।
ਪ੍ਰਿੰਸੀਪਲ ਬਾਬੂ ਸਿੰਘ ਗੁਰਮ ਨੇ ਸਰਦਾਰ ਉਜਾਗਰ ਸਿੰਘ ਦੀ ਲੇਖਣੀ ਅਤੇ ਖੋਜ-ਅਧਾਰਿਤ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਲਿਖਤਾਂ ਸਮਾਜ ਦੀਆਂ ਮਹੱਤਵਪੂਰਨ ਸ਼ਖ਼ਸੀਅਤਾਂ ਅਤੇ ਘਟਨਾਵਾਂ ਨੂੰ ਇਤਿਹਾਸ ਦੇ ਪੰਨਿਆਂ ’ਤੇ ਸੁਰੱਖਿਅਤ ਰੱਖਣ ਵਿੱਚ ਵਡਮੁੱਲਾ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹੋਰ ਲੇਖਕ ਵੀ ਅਜਿਹੇ ਵਿਸ਼ਿਆਂ ’ਤੇ ਲਿਖਣ ਲਈ ਪਹਿਲ ਕਦਮੀ ਕਰਨਗੇ ਅਤੇ ਆਪਣੀ ਕਲਮ ਰਾਹੀਂ ਸਮਾਜ ਨੂੰ ਸਾਰਥਕ ਸੇਧ ਦੇਣਗੇ। ਉਨ੍ਹਾਂ ਕਿਹਾ ਕਿ ‘ਪਟਿਆਲਵੀ ਪੱਤਰਕਾਰ’ ਪਟਿਆਲਾ ਦੀ ਪੱਤਰਕਾਰੀ ਵਿਰਾਸਤ ਨੂੰ ਸਮਝਣ ਵਾਲੇ ਪਾਠਕਾਂ, ਖੋਜਾਰਥੀਆਂ ਅਤੇ ਨਵੀਂ ਪੀੜ੍ਹੀ ਲਈ ਇੱਕ ਲਾਹੇਵੰਦ ਪੁਸਤਕ ਸਾਬਤ ਹੋਵੇਗੀ।
*ਇਸ ਮੌਕੇ ਤੇ ਸਰਦਾਰ ਉਜਾਗਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਿੱਤਰ ਤੇ ਪਟਿਆਲਾ ਦੇ ਪ੍ਰਸਿੱਧ ਪੱਤਰਕਾਰ ਸਵਰਗੀ ਸਰਦਾਰ ਸੋਹਣ ਸਿੰਘ ਜੋ ਕਿ ਤੀਰ ਕਮਾਨ ਸਿਰਲੇਖ ਅਧੀਨ ਰੋਜ਼ਾਨਾ ਅਖਬਾਰ ਚਲਾਉਂਦੇ ਸਨ, ਦੇ ਸਪੁੱਤਰ ਸਰਦਾਰ ਮਨਮੋਹਨ ਸਿੰਘ ਸਾਬਕਾ ਉਪ ਸਕੱਤਰ ਲੋਕ ਸੰਪਰਕ ਵਿਭਾਗ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਟਿਆਲਵੀ ਪੱਤਰਕਾਰ ਕਿਤਾਬ ਦਾ ਦੂਸਰਾ ਐਡੀਸ਼ਨ ਆਉਂਦੇ 6 ਮਹੀਨਿਆਂ ਵਿੱਚ ਪ੍ਰਕਾਸ਼ਿਤ ਕਰਨ ਦੀ ਜ਼ਿੰਮੇਵਾਰੀ ਲਈ ਹੈ ਅਤੇ ਪਟਿਆਲਵੀ ਪੱਤਰਕਾਰ ਕਿਤਾਬ ਨੂੰ ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ ਜਿਥੇ ਪੱਤਰਕਾਰੀ ਵਿਭਾਗ ਹਨ ਵਿੱਚ ਕਿਤਾਬ ਭੇਜਣ ਦੀ ਵੀ ਜ਼ਿਮੇਂਵਾਰੀ ਲਈ ਹੈ।
ਇਸ ਮੌਕੇ ਤੇ ਪਟਿਆਲਾ ਦੇ ਕਈ ਨਾਮਵਰ ਮੀਡੀਆ ਮਾਹਰ ਅਤੇ ਸੀਨੀਅਰ ਪੱਤਰਕਾਰ ਜਿਨ੍ਹਾਂ ਵਿੱਚ ਸਰਵ ਸ੍ਰੀ ਡਾਕਟਰ ਹਰਜਿੰਦਰ ਸਿੰਘ ਵਾਲੀਆ ਟਾਈਮ ਟੀ.ਵੀ.,ਸ੍ਰੀ ਨਰਪਾਲ ਸਿੰਘ ਸ਼ੇਰਗਿੱਲ ਅੰਤਰਰਾਸ਼ਟਰੀ ਪੱਤਰਕਾਰ, ਰਵੇਲ ਭਿੰਡਰ ਸਾਬਕਾ ਪ੍ਰਧਾਨ ਮੀਡੀਆ ਕਲੱਬ ਪਟਿਆਲਾ ਅਤੇ ਸੀਨੀਅਰ ਪੱਤਰਕਾਰ ਪੰਜਾਬੀ ਟ੍ਰਿਬਿਊਨ, ਜਸਵਿੰਦਰ ਸਿੰਘ ਦਾਖਾ,ਸ੍ਰੀ ਮਤੀ ਸੁਕੰਨਿਆਂ ਭਾਰਦਵਾਜ਼, ਗੁਰ ਕ੍ਰਿਪਾਲ ਸਿੰਘ ਅਸ਼ਕ, ਹਰਬੰਸ ਸੋਢੀ, ਸ੍ਰੀ ਗਗਨਦੀਪ ਸਿੰਘ ਆਹੂਜਾ, ਭੂਸ਼ਨ ਸੂਦ, ਜਸਪਾਲ ਸਿੰਘ ਢਿੱਲੋਂ, ਚੌਧਰੀ ਪ੍ਰਭਜੀਤ ਸਿੰਘ ਅਤੇ ਸਤਿੰਦਰ ਸਿੰਘ ਨਰੂਲਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਰਦਾਰ ਉਜਾਗਰ ਸਿੰਘ ਵੱਲੋਂ ਲਿਖਿਤ ਪਟਿਆਲਵੀ ਪੱਤਰਕਾਰ ਕਿਤਾਬ ਦੀ ਪਹਿਲ ਕਦਮੀ ਲਈ ਭਰਪੂਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ, ਅਤੇ ਸਰਦਾਰ ਉਜਾਗਰ ਸਿੰਘ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਬੁਲਾਰਿਆਂ ਨੇ ਕਿਹਾ ਕਿ ਇਹ ਕਿਤਾਬ ਨੌਜਵਾਨ ਪੀੜ੍ਹੀ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ ਅਤੇ ਇਹ ਕਿਤਾਬ ਪਟਿਆਲਾ ਪੱਤਰਕਾਰੀ ਦਾ ਇਕ ਵਿਰਾਸਤ ਦਸਤਾਵੇਜ਼ ਸਾਬਤ ਹੋਵੇਗੀ। ਸਮਾਗਮ ਵਿੱਚ ਪਟਿਆਲਾ ਦੇ ਜ਼ਿਲਾ ਲੋਕ ਸੰਪਰਕ ਅਫਸਰ ਸ੍ਰੀ ਭੂਪੇਸ਼ ਚੱਠਾ ਅਤੇ ਲੋਕ ਸੰਪਰਕ ਵਿਭਾਗ ਦੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਸਰਦਾਰ ਕੁਲਜੀਤ ਸਿੰਘ ਵੀ ਸ਼ਾਮਲ ਹੋਏ। ਸਮਾਗਮ ਦੇ ਅੰਤ ਵਿੱਚ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਸਰਦਾਰ ਪ੍ਰਮੀਤ ਸਿੰਘ ਵੱਲੋਂ ਸਮਾਗਮ ਵਿੱਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
