Home ਪੰਜਾਬ ਧੂਰੀ ਨੇਤਰ ਬੈਂਕ ਸੰਮਤੀ ਅਤੇ ਨਿਸ਼ਕਾਮ ਸੇਵਾ ਸਭਾ ਨੇ ਅੱਖਾਂ ਦਾ 39ਵਾਂ...

ਧੂਰੀ ਨੇਤਰ ਬੈਂਕ ਸੰਮਤੀ ਅਤੇ ਨਿਸ਼ਕਾਮ ਸੇਵਾ ਸਭਾ ਨੇ ਅੱਖਾਂ ਦਾ 39ਵਾਂ ਵਿਸ਼ਾਲ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ

Dhuri Eye Bank Committee and Nishkam Seva Sabha Organise 39th Free Eye Check-up and Surgery Camp

0
ਓ.ਐਸ.ਡੀ. ਸੁਖਵੀਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਸੰਸਥਾਵਾਂ ਦੇ ਉਪਰਾਲੇ ਦੀ ਕੀਤੀ ਸ਼ਲਾਘਾ
ਧੂਰੀ, 28 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਧੂਰੀ ਨੇਤਰ ਬੈਂਕ ਸੰਮਤੀ (ਰਜਿ.) ਅਤੇ ਨਿਸ਼ਕਾਮ ਸੇਵਾ ਸਭਾ (ਰਜਿ.) ਧੂਰੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ, ਸ਼ਹਿਰ ਵਾਸੀਆਂ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਸਵਰਗੀ ਮਹਾਂਸ਼ਿਆ ਪ੍ਰਤਿਗਿਆ ਪਾਲ ਜੀ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ 39ਵਾਂ ਵਿਸ਼ਾਲ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਮੰਗਲਾ ਆਸ਼ਰਮ (ਗਊਸ਼ਾਲਾ), ਮਾਲੇਰਕੋਟਲਾ ਰੋਡ, ਨੇੜੇ ਸ਼ੂਗਰ ਮਿੱਲ ਧੂਰੀ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸੁਖਵੀਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਓ.ਐਸ.ਡੀ. ਸੁਖਵੀਰ ਸਿੰਘ ਨੇ ਸੰਸਥਾਵਾਂ ਵੱਲੋਂ ਮਨੁੱਖਤਾ ਦੀ ਸੇਵਾ ਦੇ ਉਦੇਸ਼ ਨਾਲ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਅੱਖਾਂ ਮਨੁੱਖੀ ਜੀਵਨ ਦਾ ਅਨਮੋਲ ਅੰਗ ਹਨ ਅਤੇ ਅਜਿਹੇ ਕੈਂਪ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਜਾਂਚ ਅਤੇ ਇਲਾਜ ਦੀ ਸਹੂਲਤ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਸੰਸਥਾਵਾਂ ਦੇ ਸਮੂਹ ਅਹੁਦੇਦਾਰਾਂ ਅਤੇ ਸਹਿਯੋਗੀਆਂ ਨੂੰ ਇਸ ਨੇਕ ਕਾਰਜ ਲਈ ਵਧਾਈ ਦਿੱਤੀ।
ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਵੀ ਕੀਤੇ ਗਏ। ਕੈਂਪ ਦਾ ਮੁੱਖ ਉਦੇਸ਼ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਲੋੜਵੰਦ ਲੋਕਾਂ ਨੂੰ ਅੱਖਾਂ ਦੀ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਉਣਾ ਸੀ। ਇਸ ਮੌਕੇ ਨਗਰ ਕੌਂਸਲ ਧੂਰੀ ਦੀ ਪ੍ਰਧਾਨ ਅਮਰਜੋਤ ਕੌਰ ਬਾਜਵਾ ਅਤੇ ਕੌਂਸਲਰ ਪੁਸ਼ਪਿੰਦਰ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਸੰਸਥਾ ਦੇ ਪ੍ਰਧਾਨ ਡਾ. ਰਮੇਸ਼ ਸ਼ਰਮਾ, ਸਕੱਤਰ ਹੰਸ ਰਾਜ ਗਰਗ, ਸਕੱਤਰ ਸੁਖਵਿੰਦਰਪਾਲ ਸ਼ਰਮਾ ਅਤੇ ਕੈਸ਼ੀਅਰ ਰਾਕੇਸ਼ ਕੁਮਾਰ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਕੈਂਪ ਦੀ ਸਫ਼ਲਤਾ ਲਈ ਸਹਿਯੋਗ ਦੇਣ ਵਾਲੀਆਂ ਸਮੂਹ ਸੰਸਥਾਵਾਂ, ਦਾਨੀ ਸੱਜਣਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ।

Exit mobile version