ਲੁਧਿਆਣਾ, 11 ਨਵੰਬਰ 2026 (ਸ਼ਹੀਦ-ਏ-ਆਜ਼ਮ-ਬਿਊਰੋ ) : ਹਰਕਿਰਤ ਕੌਰ ਚਾਹਲ ਵੱਲੋਂ ਲਿਖੇ ਨਾਵਲ ‘ਨਦੀ ਨਾਵ ਸੰਜੋਗੀ ਮੇਲੇ’ ਦਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਭਾਵਨਾਤਮਕ ਅਤੇ ਸਾਹਿਤਕ ਮਾਹੌਲ ਵਿੱਚ ਲੋਕ ਅਰਪਣ ਕੀਤਾ ਗਿਆ। ਇਹ ਸਮਾਗਮ ਸਿਰਫ਼ ਇੱਕ ਨਾਵਲ ਦੇ ਲੋਕ ਅਰਪਣ ਤੱਕ ਸੀਮਤ ਨਹੀਂ ਸੀ, ਸਗੋਂ ਸ਼ਬਦਾਂ, ਜਜ਼ਬਾਤਾਂ ਅਤੇ ਸਾਹਿਤਕ ਸਾਂਝ ਦਾ ਜਸ਼ਨ ਵੀ ਬਣਿਆ। ਇਸ ਮੌਕੇ ਅਜਿਹਾ ਮਹਿਸੂਸ ਹੋਇਆ ਜਿਵੇਂ ਦਰਿਆ ਦਾ ਵਹਾਅ ਆਪਣੇ ਨਾਲ ਇਤਿਹਾਸ, ਸੱਭਿਆਚਾਰ, ਮਨੁੱਖੀ ਰਿਸ਼ਤਿਆਂ ਅਤੇ ਵਿੱਛੜੀਆਂ ਧਰਤੀਆਂ ਦੀਆਂ ਅਣਕਹੀਆਂ ਕਹਾਣੀਆਂ ਨੂੰ ਵੀ ਵਹਾ ਕੇ ਲਿਆ ਰਿਹਾ ਹੋਵੇ। ਇਸ ਸਮਾਗਮ ਵਿੱਚ ਵੈਟਰਨਰੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜੇ.ਪੀ.ਐੱਸ. ਗਿੱਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਹਰਵਿੰਦਰ ਸਿੰਘ ਧਾਲੀਵਾਲ, ਕਾਲਜ ਆਫ਼ ਵੈਟਰਨਰੀ ਸਾਇੰਸ ਦੇ ਡੀਨ ਡਾ. ਸਵਰਨ ਸਿੰਘ ਰੰਧਾਵਾ, ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਜੇ.ਐੱਸ. ਹੁੰਦਲ, ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੇ ਡੀਨ ਡਾ. ਆਰ.ਐੱਸ. ਸੇਠੀ, ਵਧੀਕ ਨਿਰਦੇਸ਼ਕ ਖੋਜ ਡਾ. ਬਲਬੀਰ ਬਗੀਚਾ ਸਿੰਘ ਧਾਲੀਵਾਲ, ਡਾ. ਐੱਸ.ਕੇ. ਉੱਪਲ, ਕਾਲਜ ਆਫ਼ ਕਮਿਊਨਿਟੀ ਸਾਇੰਸ ਦੀ ਡੀਨ ਡਾ. ਕਿਰਨ ਬੈਂਸ, ਉੱਘੇ ਉਦਯੋਗਪਤੀ ਗੁਰਦੀਪ ਸਿੰਘ ਮੁੰਡੀ ਅਤੇ ਅਕਾਦਮਿਕ ਤੇ ਸਾਹਿਤਕ ਜਗਤ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

ਡਾ. ਜੇ.ਪੀ.ਐੱਸ. ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਵਿਖੇ ਇਸ ਤਰ੍ਹਾਂ ਦਾ ਇਹ ਪਹਿਲਾ ਸਾਹਿਤਕ ਸਮਾਗਮ ਹੈ ਅਤੇ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਅਜਿਹੇ ਉਪਰਾਲੇ ਬਹੁਤ ਲਾਹੇਵੰਦ ਸਾਬਤ ਹੋ ਸਕਦੇ ਹਨ। ਉਨ੍ਹਾਂ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਲੇਖਿਕਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਹਿਤ ਰਾਹੀਂ ਇਤਿਹਾਸਕ ਯਾਦਾਂ ਅਤੇ ਮਨੁੱਖੀ ਭਾਵਨਾਵਾਂ ਨੂੰ ਬਹੁਤ ਖੂਬਸੂਰਤੀ ਨਾਲ ਜੀਵੰਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਹਿਤਕ ਰਚਨਾਵਾਂ ਪੰਜਾਬ ਦੀ ਸਮਾਜਿਕ ਅਤੇ ਸੱਭਿਆਚਾਰਕ ਪਛਾਣ ਨੂੰ ਦਰਸਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਡਾ. ਪ੍ਰੇਮ ਮਾਨ ਨੇ ਲੇਖਿਕਾ ਦੀ ਲੇਖਣੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸ਼ਬਦਾਂ ਦੀ ਜਾਦੂਗਰਨੀ ਕਰਾਰ ਦਿੱਤਾ। ਨਾਵਲ ਸਬੰਧੀ ਆਪਣੇ ਵਿਚਾਰ ਅਤੇ ਖੋਜ ਪੱਤਰ ਪੇਸ਼ ਕਰਦਿਆਂ ਡਾ. ਪੁਸ਼ਪਵਿੰਦਰ ਖੋਖਰ, ਪ੍ਰੋ. ਸੁਰਿੰਦਰ ਜੈਪਾਲ, ਡਾ. ਬਲਵੀਰ ਪੰਧੇਰ ਅਤੇ ਜਗਤਾਰ ਸ਼ੇਰਗਿੱਲ ਨੇ ਇਸ ਦੇ ਵੱਖ-ਵੱਖ ਸਾਹਿਤਕ ਅਤੇ ਵਿਸ਼ਾਗਤ ਪਹਿਲੂਆਂ ਬਾਰੇ ਚਰਚਾ ਕੀਤੀ।
ਪੱਛਮੀ ਪੰਜਾਬ ਦੀ ਪਿੱਠਭੂਮੀ ਅਤੇ ਦਰਿਆ ਰਾਵੀ ਦੇ ਆਲੇ-ਦੁਆਲੇ ਬੁਣਿਆ ਗਿਆ ਇਹ ਨਾਵਲ ਸਰਹੱਦਾਂ ਤੋਂ ਪਾਰ ਸਾਂਝੀ ਵਿਰਾਸਤ, ਜਨਮ ਭੂਮੀ ਦੀ ਮਿੱਟੀ ਦੀ ਮਹਿਕ, ਮਨੁੱਖੀ ਮੋਹ-ਪਿਆਰ ਅਤੇ ਦੇਸ਼ ਦੀ ਵੰਡ ਨਾਲ ਜੁੜੇ ਡੂੰਘੇ ਦਰਦ ਵਰਗੇ ਅਹਿਮ ਵਿਸ਼ਿਆਂ ਨੂੰ ਛੂੰਹਦਾ ਹੈ। ਵਿਦਵਾਨਾਂ ਨੇ ਲੇਖਿਕਾ ਦੇ ਵਿਲੱਖਣ ਨਜ਼ਰੀਏ, ਕਥਾ-ਸ਼ੈਲੀ ਅਤੇ ਸੰਵੇਦਨਸ਼ੀਲ ਸਾਹਿਤਕ ਪ੍ਰਗਟਾਵੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਡਾ. ਆਰ.ਐੱਸ. ਔਲਖ, ਡਾ. ਕੁਲਦੀਪ ਚਾਹਲ, ਡਾ. ਰਵਦੀਪ ਸਿੰਘ, ਡਾ. ਨਿਰਮਲ ਜੌੜਾ, ਡਾ. ਪ੍ਰੇਮ ਮਾਨ, ਕਹਾਣੀਕਾਰ ਜਤਿੰਦਰ ਹੰਸ, ਰਾਜਵਿੰਦਰ ਜਟਾਣਾ, ਡਾ. ਦੇਵਿੰਦਰ ਦਿਲਰੂਪ, ਸਰਘੀ, ਬੇਅੰਤ ਬਾਜਵਾ, ਦੀਪ ਜਗਦੀਪ, ਪਰਮਜੀਤ ਮਾਨ, ਅਲਫ਼ਾਜ਼, ਦਰਸ਼ਨ ਬੁੱਟਰ, ਪ੍ਰੋ. ਪ੍ਰਭਜੋਤ ਕੌਰ ਧਾਲੀਵਾਲ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਲਖਵੀਰ ਧਾਲੀਵਾਲ ਅਤੇ ਗੁਲਜ਼ਾਰ ਪੰਧੇਰ ਸਮੇਤ ਹੋਰ ਪ੍ਰਸਿੱਧ ਸਾਹਿਤਕਾਰਾਂ, ਵਿਦਵਾਨਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਦੀ ਮੌਜੂਦਗੀ ਨੇ ਸਮਾਗਮ ਦੀ ਮਹੱਤਤਾ ਅਤੇ ਰੌਣਕ ਨੂੰ ਹੋਰ ਵਧਾ ਦਿੱਤਾ। ਸਮਾਗਮ ਦੀ ਕਾਰਵਾਈ ਡਾ. ਏ.ਪੀ.ਐੱਸ. ਬਰਾੜ ਨੇ ਬਹੁਤ ਹੀ ਸੂਝ-ਬੂਝ, ਸ਼ਾਲੀਨਤਾ ਅਤੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਨਿਭਾਈ।






