ਵਾਸ਼ਿੰਗਟਨ, 15 ਅਕਤੂਬਰ (ਛਤਰਪਾਲ ਸਿੰਘ): ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ 17 ਤੋਂ 22 ਅਕਤੂਬਰ ਤੱਕ ਭਾਰਤ ਅਤੇ ਉਜ਼ਬੇਕਿਸਤਾਨ ਦੇ ਦੌਰੇ ’ਤੇ ਰਹਿਣਗੇ। ਇਸ ਦੌਰਾਨ ਉਹ ਭਾਰਤ ਦੇ ਮੁੰਬਈ ਅਤੇ ਜਾਮਨਗਰ ਸ਼ਹਿਰਾਂ ਦਾ ਦੌਰਾ ਕਰਨਗੇ ਅਤੇ ਸੀਨੀਅਰ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਦੋਵਾਂ ਦੇਸ਼ਾਂ ਦੀ ਰਣਨੀਤਕ ਸਾਂਝੇਦਾਰੀ, ਊਰਜਾ ਸਹਿਯੋਗ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਰੂਬੀਓ ਪਹਿਲਾਂ ਉਜ਼ਬੇਕਿਸਤਾਨ ਦੇ ਸਮਰਕੰਦ ਜਾਣਗੇ, ਜਿਸ ਤੋਂ ਬਾਅਦ ਉਹ ਭਾਰਤ ਪਹੁੰਚਣਗੇ। ਭਾਰਤ ਦੌਰੇ ਦੌਰਾਨ ਉਹ ਕਾਰੋਬਾਰੀ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ, ਤਾਂ ਜੋ ਨਿਵੇਸ਼ ਅਤੇ ਵਪਾਰਕ ਸਹਿਯੋਗ ਦੇ ਨਵੇਂ ਮੌਕਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਸਾਲ ਇਹ ਉਨ੍ਹਾਂ ਦਾ ਭਾਰਤ ਦਾ ਦੂਜਾ ਅਧਿਕਾਰਤ ਦੌਰਾ ਹੋਵੇਗਾ।
ਉਜ਼ਬੇਕਿਸਤਾਨ ਵਿੱਚ ਰੂਬੀਓ ਮੱਧ ਏਸ਼ੀਆ ਦੇ ਪੰਜ ਦੇਸ਼ਾਂ—ਉਜ਼ਬੇਕਿਸਤਾਨ, ਕਜ਼ਾਖਸਤਾਨ, ਤਾਜਿਕਿਸਤਾਨ, ਤੁਰਕਮੇਨਿਸਤਾਨ ਅਤੇ ਕਿਰਗਿਜ਼ ਗਣਰਾਜ—ਦੇ ਨੁਮਾਇੰਦਿਆਂ ਨਾਲ C5+1 ਮੰਤਰੀ ਪੱਧਰੀ ਬੈਠਕ ਵਿੱਚ ਹਿੱਸਾ ਲੈਣਗੇ। ਇਸ ਦੌਰੇ ਵਿੱਚ 200 ਤੋਂ ਵੱਧ ਕਾਰੋਬਾਰੀ ਆਗੂਆਂ ਦਾ ਅਮਰੀਕੀ ਵਫ਼ਦ ਵੀ ਸ਼ਾਮਲ ਹੋਵੇਗਾ। ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਭਾਰਤ ਅਤੇ ਅਮਰੀਕਾ ਵਿਚਕਾਰ ਰੱਖਿਆ, ਸੂਚਨਾ ਤਕਨਾਲੋਜੀ, ਸਿਹਤ ਅਤੇ ਵਪਾਰ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਵੀ ਹਾਲ ਹੀ ਵਿੱਚ ਦੋਵਾਂ ਦੇਸ਼ਾਂ ਦੇ ਵਧਦੇ ਸਹਿਯੋਗ ਨੂੰ ਉਜਾਗਰ ਕੀਤਾ ਸੀ। ਰੂਬੀਓ ਦੀ ਯਾਤਰਾ ਦੌਰਾਨ ਊਰਜਾ ਸਹਿਯੋਗ ਅਤੇ ਨਿਵੇਸ਼ ਸਬੰਧੀ ਗੱਲਬਾਤ ’ਤੇ ਵਿਸ਼ੇਸ਼ ਧਿਆਨ ਰਹਿਣ ਦੀ ਉਮੀਦ ਹੈ।






