ਅਮਰੀਕਾ, 28 ਨਵੰਬਰ, 2026 (ਛਤਰਪਾਲ ਸਿੰਘ ) : ਅਮਰੀਕਾ ਦੇ ਸਾਬਕਾ ਉਪ ਵਿਦੇਸ਼ ਮੰਤਰੀ ਅਤੇ ਪ੍ਰਸਿੱਧ ਕੂਟਨੀਤਕ ਸਟ੍ਰੋਬ ਟੈਲਬੋਟ ਦੇ ਦੇਹਾਂਤ ’ਤੇ ਭਾਰਤ ਸਮੇਤ ਅੰਤਰਰਾਸ਼ਟਰੀ ਜਗਤ ਵਿੱਚ ਸੋਗ ਦੀ ਲਹਿਰ ਹੈ। ਕਾਂਗਰਸ ਦੇ ਸੀਨੀਅਰ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਉਨ੍ਹਾਂ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਰਤ ਨੂੰ ਟੈਲਬੋਟ ਦੀ ਸਿਆਣਪ, ਨਿੱਘ ਅਤੇ ਦੇਸ਼ ਪ੍ਰਤੀ ਸੱਚੇ ਸਤਿਕਾਰ ਲਈ ਹਮੇਸ਼ਾ ਉਨ੍ਹਾਂ ਦਾ ਧੰਨਵਾਦੀ ਰਹਿਣਾ ਚਾਹੀਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਆਪਣੀ ਸ਼ਰਧਾਂਜਲੀ ਵਿੱਚ ਥਰੂਰ ਨੇ ਟੈਲਬੋਟ ਨੂੰ ਅਮਰੀਕੀ ਕੂਟਨੀਤੀ, ਪੱਤਰਕਾਰੀ ਅਤੇ ਕੌਮਾਂਤਰੀ ਮਾਮਲਿਆਂ ਦੀ ਇੱਕ ਮਹਾਨ ਸ਼ਖ਼ਸੀਅਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਟੈਲਬੋਟ ਨੇ ਵਿਸ਼ਵ ਰਾਜਨੀਤੀ ਦੀਆਂ ਗੁੰਝਲਦਾਰ ਚੁਣੌਤੀਆਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲਈ ਆਪਣੀ ਬੌਧਿਕ ਸਮਰੱਥਾ, ਦੂਰਅੰਦੇਸ਼ੀ ਅਤੇ ਮਨੁੱਖੀ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸ਼ਸ਼ੀ ਥਰੂਰ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਸੰਯੁਕਤ ਰਾਸ਼ਟਰ ਵਿੱਚ ਆਪਣੀ ਸੇਵਾ ਦੌਰਾਨ ਅਤੇ ਬਾਅਦ ਵਿੱਚ ਭਾਰਤੀ ਸਿਆਸਤਦਾਨ ਵਜੋਂ ਉਨ੍ਹਾਂ ਨੂੰ ਟੈਲਬੋਟ ਨਾਲ ਮਿਲਣ ਅਤੇ ਕੰਮ ਕਰਨ ਦਾ ਮੌਕਾ ਮਿਲਿਆ। ਉਹ ਬਹੁਤ ਹੀ ਨਿਮਰ, ਜਿਗਿਆਸੂ ਅਤੇ ਖੁੱਲ੍ਹੇ ਦਿਲ ਵਾਲੇ ਇਨਸਾਨ ਸਨ। ਉਹ ਦੂਜਿਆਂ ਦੀ ਗੱਲ ਧਿਆਨ ਨਾਲ ਸੁਣਦੇ ਅਤੇ ਵੰਡੀਆਂ ਪਈਆਂ ਦੁਨੀਆ ਵਿੱਚ ਸਾਂਝੇ ਹਿੱਤਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਸਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਵੀ ਟੈਲਬੋਟ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਦੱਸਿਆ ਕਿ ਟੈਲਬੋਟ ਨਾਲ ਉਨ੍ਹਾਂ ਦੀ ਦੋਸਤੀ 55 ਸਾਲਾਂ ਤੋਂ ਵੀ ਵੱਧ ਪੁਰਾਣੀ ਸੀ। ਦੋਵੇਂ ਆਕਸਫੋਰਡ ਯੂਨੀਵਰਸਿਟੀ ਵਿੱਚ ਇਕੱਠੇ ਰਹੇ ਸਨ। ਕਲਿੰਟਨ ਨੇ ਉਨ੍ਹਾਂ ਨੂੰ ਆਪਣੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਭਰੋਸੇਮੰਦ ਸਲਾਹਕਾਰ ਅਤੇ ਜੀਵਨ ਦਾ ਕਰੀਬੀ ਦੋਸਤ ਦੱਸਿਆ। ਉਨ੍ਹਾਂ ਕਿਹਾ ਕਿ ਟੈਲਬੋਟ ਦੇ ਯੋਗਦਾਨ ਸਦਕਾ ਦੁਨੀਆ ਪਹਿਲਾਂ ਨਾਲੋਂ ਵਧੇਰੇ ਸ਼ਾਂਤੀਪੂਰਨ ਅਤੇ ਸੁਰੱਖਿਅਤ ਬਣੀ ਹੈ।
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਵੀ ਟੈਲਬੋਟ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਭਾਰਤ-ਅਮਰੀਕਾ ਸਬੰਧਾਂ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਯਾਦ ਕੀਤਾ। ਸੰਧੂ ਨੇ ਕਿਹਾ ਕਿ 1998 ਦੇ ਭਾਰਤ ਦੇ ਪਰਮਾਣੂ ਪ੍ਰੀਖਣਾਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਪੈਦਾ ਹੋਏ ਤਣਾਅ ਨੂੰ ਘਟਾਉਣ ਵਿੱਚ ਟੈਲਬੋਟ ਅਤੇ ਉਸ ਸਮੇਂ ਦੇ ਭਾਰਤੀ ਵਿਦੇਸ਼ ਮੰਤਰੀ ਜਸਵੰਤ ਸਿੰਘ ਵਿਚਕਾਰ ਹੋਈ ਲੰਬੀ ਗੱਲਬਾਤ ਨੇ ਇਤਿਹਾਸਕ ਭੂਮਿਕਾ ਨਿਭਾਈ ਸੀ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਦੇ ਡੀਨ ਅਤੇ ਰਣਨੀਤਕ ਮਾਮਲਿਆਂ ਦੇ ਮਾਹਿਰ ਪ੍ਰੋਫੈਸਰ ਅਮਿਤਾਭ ਮੱਟੂ ਨੇ ਵੀ ਉਨ੍ਹਾਂ ਨੂੰ ਅਸਾਧਾਰਨ ਬੁੱਧੀਜੀਵੀ ਅਤੇ ਕੂਟਨੀਤਕ ਦੱਸਿਆ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਨਾਲ ਟੈਲਬੋਟ ਦੀ ਲੰਬੀ ਕੂਟਨੀਤਕ ਗੱਲਬਾਤ ਇਸ ਗੱਲ ਦੀ ਮਿਸਾਲ ਹੈ ਕਿ ਡੂੰਘੇ ਮਤਭੇਦਾਂ ਨੂੰ ਵੀ ਸਮਝਦਾਰੀ ਅਤੇ ਸੰਵਾਦ ਰਾਹੀਂ ਰਣਨੀਤਕ ਭਾਈਵਾਲੀ ਵਿੱਚ ਬਦਲਿਆ ਜਾ ਸਕਦਾ ਹੈ।
ਮੱਟੂ ਨੇ ਇਹ ਵੀ ਯਾਦ ਕੀਤਾ ਕਿ 1998 ਦੇ ਪਰਮਾਣੂ ਪ੍ਰੀਖਣਾਂ ਤੋਂ ਬਾਅਦ ਟੈਲਬੋਟ ਨੇ ਭਾਰਤ ਦੀ ਰਣਨੀਤਕ ਸੋਚ ਵਿੱਚ ਡੂੰਘੀ ਦਿਲਚਸਪੀ ਦਿਖਾਈ ਸੀ। ਉਨ੍ਹਾਂ ਨੇ ਮੱਟੂ ਦੀ ਕਿਤਾਬ ‘India’s Nuclear Deterrent: Pokhran II and Beyond’ ਪੜ੍ਹੀ ਸੀ ਅਤੇ ਭਾਰਤ ਦੀ ਪਰਮਾਣੂ ਨੀਤੀ ਬਾਰੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਸਨ। 80 ਸਾਲਾ ਸਟ੍ਰੋਬ ਟੈਲਬੋਟ ਦਾ ਵੀਰਵਾਰ ਨੂੰ ਨਿਊਯਾਰਕ ਦੇ ਈਸਟ ਹੈਮਪਟਨ ਸਥਿਤ ਆਪਣੇ ਘਰ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪੁੱਤਰ ਡੇਵਿਨ ਟੈਲਬੋਟ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਾਂਤੀਪੂਰਵਕ ਆਖਰੀ ਸਾਹ ਲਿਆ।
ਓਹਾਇਓ ਵਿੱਚ ਜਨਮੇ ਟੈਲਬੋਟ ਨੇ ਯੇਲ ਅਤੇ ਆਕਸਫੋਰਡ ਵਿੱਚ ਪੜ੍ਹਾਈ ਦੌਰਾਨ ‘ਟਾਈਮ’ ਮੈਗਜ਼ੀਨ ਤੋਂ ਪੱਤਰਕਾਰੀ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਲਗਭਗ 21 ਸਾਲ ਇਸ ਮੈਗਜ਼ੀਨ ਵਿੱਚ ਕੰਮ ਕੀਤਾ ਅਤੇ ਅਮਰੀਕਾ-ਸੋਵੀਅਤ ਸਬੰਧਾਂ ਸਮੇਤ ਕਈ ਅਹਿਮ ਕੌਮਾਂਤਰੀ ਮਾਮਲਿਆਂ ਦੀ ਰਿਪੋਰਟਿੰਗ ਕੀਤੀ। 1994 ਵਿੱਚ ਉਹ ਬਿਲ ਕਲਿੰਟਨ ਪ੍ਰਸ਼ਾਸਨ ਵਿੱਚ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਨਿਯੁਕਤ ਹੋਏ। ਇਸ ਦੌਰਾਨ ਉਨ੍ਹਾਂ ਨੇ ਰੂਸ ਅਤੇ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਬਣੇ ਦੇਸ਼ਾਂ ਨਾਲ ਅਮਰੀਕਾ ਦੇ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ। ਬਾਅਦ ਵਿੱਚ ਉਨ੍ਹਾਂ ਨੇ ਬਰੂਕਿੰਗਜ਼ ਇੰਸਟੀਚਿਊਸ਼ਨ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਦਿੱਤੀਆਂ। ਸਟ੍ਰੋਬ ਟੈਲਬੋਟ ਦਾ ਦੇਹਾਂਤ ਨਾ ਸਿਰਫ਼ ਅਮਰੀਕੀ ਕੂਟਨੀਤੀ ਲਈ ਸਗੋਂ ਭਾਰਤ-ਅਮਰੀਕਾ ਸਬੰਧਾਂ ਦੇ ਇਤਿਹਾਸ ਲਈ ਵੀ ਇੱਕ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ।






