ਵਾਸ਼ਿੰਗਟਨ, 9 ਸਤੰਬਰ, 2026 (ਰਾਜੇਸ਼ ਕੁਮਾਰ) : ਅਮਰੀਕੀ ਫੌਜ ਨੇ ਆਪਣੇ ਇੱਕ ਜੰਗੀ ਜਹਾਜ਼ ’ਤੇ ਮਿਸਾਈਲ ਹਮਲੇ ਦੀ ਕੋਸ਼ਿਸ਼ ਦੇ ਜਵਾਬ ਵਿੱਚ ਈਰਾਨ ਦੇ ਕਈ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਹੈ। ਇੱਕ ਅਮਰੀਕੀ ਅਧਿਕਾਰੀ ਵੱਲੋਂ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਸੈਨਿਕ ਟਕਰਾਅ ਦੌਰਾਨ ਇਹ ਤਾਜ਼ਾ ਜਵਾਬੀ ਕਾਰਵਾਈ ਦੱਸੀ ਜਾ ਰਹੀ ਹੈ। ਇਸ ਘਟਨਾਕ੍ਰਮ ਤੋਂ ਬਾਅਦ ਈਰਾਨ ਦੇ ਰਿਵੋਲਿਊਸ਼ਨਰੀ ਗਾਰਡ ਦੀ ਨੌਸੈਨਾ ਨੇ ਕੂਵੈਤ ਅਤੇ ਬਹਿਰੀਨ ਦੇ ਬੰਦਰਗਾਹਾਂ ਦੇ ਨੇੜੇ ਮੌਜੂਦ ਤੇਲ ਟੈਂਕਰਾਂ ਦੇ ਚਾਲਕ ਦਲ ਨੂੰ ਤੁਰੰਤ ਜਹਾਜ਼ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਹੈ। ਈਰਾਨੀ ਪੱਖ ਨੇ ਕਿਹਾ ਹੈ ਕਿ ਅਮਰੀਕੀ ਹਮਲਿਆਂ ਦੇ ਜਵਾਬ ਵਿੱਚ ਇਨ੍ਹਾਂ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਈਰਾਨ ਦੇ ਸਰਕਾਰੀ ਟੈਲੀਵਿਜ਼ਨ ’ਤੇ ਜਾਰੀ ਕੀਤੀ ਗਈ ਚੇਤਾਵਨੀ ਵਿੱਚ ਦਾਅਵਾ ਕੀਤਾ ਗਿਆ ਕਿ ਅਮਰੀਕੀ ਫੌਜ ਨੇ ਈਰਾਨ ਦੇ ਕਈ ਤੇਲ ਟੈਂਕਰਾਂ ’ਤੇ ਹਮਲਾ ਕੀਤਾ ਹੈ। ਰਿਵੋਲਿਊਸ਼ਨਰੀ ਗਾਰਡ ਨੇ ਕੂਵੈਤ ਅਤੇ ਬਹਿਰੀਨ ’ਤੇ ਅਮਰੀਕੀ ਫੌਜ ਨੂੰ ਆਪਣੇ ਇਲਾਕਿਆਂ ਵਿੱਚ ਠਹਿਰਨ ਦੀ ਇਜਾਜ਼ਤ ਦੇਣ ਅਤੇ ਹਮਲਿਆਂ ਵਿੱਚ ਸਹਿਯੋਗ ਕਰਨ ਦੇ ਦੋਸ਼ ਵੀ ਲਗਾਏ ਹਨ। ਈਰਾਨੀ ਫੌਜ ਨੇ ਟੈਂਕਰਾਂ ਦੇ ਚਾਲਕ ਦਲ ਨੂੰ ਤੁਰੰਤ ਜਹਾਜ਼ ਛੱਡਣ ਲਈ ਕਿਹਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਕਾਰਵਾਈ ਦੇ ਜਵਾਬ ਵਿੱਚ ਇਨ੍ਹਾਂ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਨਾਲ ਖੇਤਰ ਵਿੱਚ ਪਹਿਲਾਂ ਤੋਂ ਬਣਿਆ ਤਣਾਅ ਹੋਰ ਵਧਣ ਦੇ ਆਸਾਰ ਬਣ ਗਏ ਹਨ।







