ਇਨਸਾਨ ਦੀ ਅਸਲ ਔਕਾਤ ਉਸ ਥਾਂ ਤੋਂ ਨਹੀਂ ਤੈਅ ਹੁੰਦੀ, ਜਿੱਥੇ ਉਹ ਬੈਠਦਾ ਹੈ, ਸਗੋਂ ਉਸ ਸੋਚ ਤੋਂ ਹੁੰਦੀ ਹੈ, ਜਿਸ ਨਾਲ ਉਹ ਆਪਣੀ ਹੋਂਦ ਨੂੰ ਪਰਿਭਾਸ਼ਿਤ ਕਰਦਾ ਹੈ। ਮਹਿਲਾਂ ਵਿੱਚ ਵੱਸਣ ਨਾਲ ਹਰ ਕੋਈ ਬਾਦਸ਼ਾਹ ਨਹੀਂ ਬਣ ਜਾਂਦਾ ਅਤੇ ਨਾ ਹੀ ਕਿਸੇ ਸਾਧਾਰਨ ਘਰ ਵਿੱਚ ਰਹਿਣ ਨਾਲ ਕਿਸੇ ਦੀ ਸ਼ਖ਼ਸੀਅਤ ਛੋਟੀ ਹੋ ਜਾਂਦੀ ਹੈ। ਜੇ ਮਨੁੱਖ ਦੀ ਸੋਚ ਕੰਗਾਲ ਹੋਵੇ, ਤਾਂ ਮਹਿਲ ਵੀ ਉਸ ਦੀ ਤੰਗਦਿਲੀ ਦਾ ਪ੍ਰਤੀਕ ਬਣ ਜਾਂਦਾ ਹੈ। ਪਰ ਜੇ ਉਸ ਦੇ ਅੰਦਰ ਬਾਦਸ਼ਾਹੀ ਸੋਚ, ਉੱਚੇ ਆਦਰਸ਼ ਅਤੇ ਵਿਸ਼ਾਲ ਹਿਰਦਾ ਹੋਵੇ, ਤਾਂ ਉਹ ਸਾਧਾਰਨ ਥਾਂ ਨੂੰ ਵੀ ਆਪਣੀ ਸ਼ਖ਼ਸੀਅਤ ਦੇ ਭਾਂਬੜ ਨਾਲ ਰੌਸ਼ਨ ਕਰ ਸਕਦਾ ਹੈ।
ਅਸਲ ਬਾਦਸ਼ਾਹੀ ਥਾਂ ਦੀ ਨਹੀਂ, ਥਾਂ ਨੂੰ ਅਰਥ ਦੇਣ ਵਾਲੀ ਸ਼ਖ਼ਸੀਅਤ ਦੀ ਹੁੰਦੀ ਹੈ। ਇਹ ਵਿਚਾਰ ਮਨੁੱਖੀ ਜੀਵਨ ਦੇ ਇੱਕ ਡੂੰਘੇ ਸੱਚ ਨੂੰ ਉਜਾਗਰ ਕਰਦਾ ਹੈ ਕਿ ਬਾਹਰੀ ਸਾਧਨ ਮਨੁੱਖ ਦੀ ਪਛਾਣ ਨੂੰ ਸਜਾ-ਸਵਾਰ ਤਾਂ ਸਕਦੇ ਹਨ, ਪਰ ਉਸ ਦੀ ਅੰਦਰੂਨੀ ਬੁਲੰਦੀ ਨਹੀਂ ਘੜ ਸਕਦੇ। ਕੁਰਸੀ ਕਿਸੇ ਨੂੰ ਅਹੁਦਾ ਦੇ ਸਕਦੀ ਹੈ, ਤਾਜ ਉਸ ਨੂੰ ਰਾਜਸੀ ਦਿੱਖ ਦੇ ਸਕਦਾ ਹੈ ਅਤੇ ਦੌਲਤ ਉਸ ਲਈ ਸੁੱਖ-ਸਹੂਲਤਾਂ ਦੇ ਦਰ ਖੋਲ੍ਹ ਸਕਦੀ ਹੈ। ਪਰ ਸੂਝ, ਖ਼ੁਦਦਾਰੀ, ਸੰਜਮ, ਦਲੇਰੀ ਅਤੇ ਦੂਰ ਅੰਦੇਸ਼ੀ ਬਾਜ਼ਾਰੋਂ ਨਹੀਂ ਖ਼ਰੀਦੇ ਜਾ ਸਕਦੇ। ਇਹ ਗੁਣ ਮਨੁੱਖ ਆਪਣੇ ਵਿਚਾਰਾਂ, ਆਜ਼ਮਾਇਸ਼ਾਂ ਅਤੇ ਲਗਾਤਾਰ ਸ਼ਖ਼ਸੀਅਤ ਦੀ ਉਸਾਰੀ ਰਾਹੀਂ ਵਿਕਸਿਤ ਕਰਦਾ ਹੈ।
ਮਹਿਲ ਵਿੱਚ ਵੜਨ ਵਾਲਾ ਹਰ ਮਨੁੱਖ ਮਹਿਲ ਦਾ ਮਾਲਕ ਨਹੀਂ ਬਣਦਾ, ਪਰ ਜਿਹੜਾ ਮਨੁੱਖ ਆਪਣੇ ਅੰਦਰਲੇ ਹਕੂਮਤ ਨੂੰ ਪਛਾਣ ਲੈਂਦਾ ਹੈ, ਉਹ ਹਾਲਾਤਾਂ ਦਾ ਗ਼ੁਲਾਮ ਬਣ ਕੇ ਨਹੀਂ ਰਹਿੰਦਾ। ਉਸ ਲਈ ਮਹਿਲ ਅਤੇ ਝੌਂਪੜੀ ਦਾ ਫ਼ਰਕ ਸਹੂਲਤਾਂ ਦਾ ਹੋ ਸਕਦਾ ਹੈ, ਗੈਰਤ ਦਾ ਨਹੀਂ। ਉਹ ਆਪਣੀ ਕਦਰ ਦੂਜਿਆਂ ਦੀਆਂ ਤਾਰੀਫ਼ਾਂ, ਅਹੁਦਿਆਂ ਜਾਂ ਪ੍ਰਵਾਨਗੀਆਂ ਤੋਂ ਨਹੀਂ ਮੰਗਦਾ। ਉਸ ਨੂੰ ਪਤਾ ਹੁੰਦਾ ਹੈ ਕਿ ਉਸ ਦੀ ਅਸਲ ਪੂੰਜੀ ਉਸ ਦਾ ਗਿਆਨ, ਉਸ ਦੀ ਨੀਅਤ, ਉਸ ਦਾ ਕਿਰਦਾਰ ਅਤੇ ਔਖੇ ਵੇਲੇ ਸਹੀ ਫ਼ੈਸਲਾ ਲੈਣ ਦੀ ਸਮਰੱਥਾ ਹੈ।
ਪਰ ਅੰਦਰਲੀ ਬਾਦਸ਼ਾਹੀ ਦਾ ਇੱਕ ਹੋਰ ਪੱਖ ਵੀ ਹੈ, ਜਿਸ ਨੂੰ ਸਮਝਣਾ ਜ਼ਰੂਰੀ ਹੈ। ਜਦੋਂ ਮਨੁੱਖ ਨੂੰ ਆਪਣੀਆਂ ਗੁੰਜਾਇਸ਼ਾਂ ਦੀ ਸੂਝ ਪੈ ਜਾਂਦੀ ਹੈ, ਜਦੋਂ ਉਹ ਜਾਣ ਲੈਂਦਾ ਹੈ ਕਿ ਉਹ ਆਪਣੀ ਮੌਜੂਦਾ ਹਾਲਤ ਨਾਲੋਂ ਕਿਤੇ ਵਧੇਰੇ ਸਮਰੱਥ ਬਣ ਸਕਦਾ ਹੈ, ਤਾਂ ਉਸ ਲਈ ਆਪਣੀਆਂ ਹੱਦਾਂ ਨੂੰ ਹੀ ਆਪਣੀ ਕਿਸਮਤ ਮੰਨ ਕੇ ਬੈਠੇ ਰਹਿਣਾ ਔਖਾ ਹੋ ਜਾਂਦਾ ਹੈ। ਉਸ ਦੇ ਅੰਦਰ ਇੱਕ ਸਵਾਲ ਲਗਾਤਾਰ ਰੜਕਦਾ ਰਹਿੰਦਾ ਹੈ,’ ਕੀ ਮੈਂ ਆਪਣੀ ਪੂਰੀ ਸਮਰੱਥਾ ਨੂੰ ਵਰਤ ਰਿਹਾ ਹਾਂ?
ਇਹ ਸਵਾਲ ਹੀ ਉਸ ਦੀ ਬੇਚੈਨੀ ਦਾ ਕਾਰਨ ਵੀ ਬਣਦਾ ਹੈ ਅਤੇ ਤਰੱਕੀ ਦਾ ਮੁੱਢ ਵੀ। ਜਿਹੜਾ ਮਨੁੱਖ ਆਪਣੀ ਸਮਰੱਥਾ ਤੋਂ ਅਣਜਾਣ ਹੈ, ਉਹ ਅਕਸਰ ਪ੍ਰਾਪਤੀਆਂ ਦੀ ਘਾਟ ਨੂੰ ਕਿਸਮਤ ਦਾ ਲੇਖਾ ਸਮਝ ਲੈਂਦਾ ਹੈ, ਪਰ ਜਿਹੜਾ ਆਪਣੀ ਸਮਰੱਥਾ ਪਛਾਣ ਲੈਂਦਾ ਹੈ, ਉਹ ਹਰ ਕਸਰ ਵਿੱਚ ਸੁਧਾਰ ਦੀ ਗੁੰਜਾਇਸ਼ ਵੇਖਦਾ ਹੈ। ਉਸ ਨੂੰ ਸਿਰਫ਼ ਸਫ਼ਲ ਹੋਣ ਦੀ ਨਹੀਂ, ਸਗੋਂ ਆਪਣੇ ਅੰਦਰਲੇ ਬਿਹਤਰ ਮਨੁੱਖ ਨੂੰ ਸਾਕਾਰ ਕਰਨ ਦੀ ਤਾਂਘ ਮਹਿਸੂਸ ਹੁੰਦੀ ਹੈ।
ਫਿਰ ਵੀ, ਇਹ ਬੇਚੈਨੀ ਅੰਨ੍ਹੀ ਦੌੜ ਨਹੀਂ ਬਣਨੀ ਚਾਹੀਦੀ। ਅਸਲ ਬੁਲੰਦੀ ਹਰ ਵੇਲੇ ਹੋਰ ਵਧੇਰੇ ਹਾਸਲ ਕਰਨ ਵਿੱਚ ਨਹੀਂ, ਸਗੋਂ ਇਹ ਜਾਣਨ ਵਿੱਚ ਵੀ ਹੈ ਕਿ ਕਿਹੜੀ ਪ੍ਰਾਪਤੀ ਜੀਵਨ ਨੂੰ ਅਰਥ ਦਿੰਦੀ ਹੈ ਅਤੇ ਕਿਹੜੀ ਸਿਰਫ਼ ਹਉਮੈ ਨੂੰ ਖ਼ੁਰਾਕ ਪਾਉਂਦੀ ਹੈ। ਜਿਹੜਾ ਮਨੁੱਖ ਦੂਜਿਆਂ ਨੂੰ ਨੀਵਾਂ ਦਿਖਾ ਕੇ ਆਪਣੇ ਆਪ ਨੂੰ ਉੱਚਾ ਸਾਬਤ ਕਰਨਾ ਚਾਹੁੰਦਾ ਹੈ, ਉਹ ਬਾਦਸ਼ਾਹ ਨਹੀਂ, ਆਪਣੀ ਹਉਮੈ ਦਾ ਕੈਦੀ ਹੁੰਦਾ ਹੈ। ਅਸਲ ਬਾਦਸ਼ਾਹੀ ਉਹ ਹੈ, ਜਿਸ ਵਿੱਚ ਆਤਮ-ਵਿਸ਼ਵਾਸ ਹੋਵੇ, ਪਰ ਹੰਕਾਰ ਨਾ ਹੋਵੇ, ਸੁਪਨੇ ਹੋਣ, ਪਰ ਅਖ਼ਲਾਕ ਦੀਆਂ ਹੱਦਾਂ ਵੀ ਹੋਣ, ਉੱਚਾ ਉੱਠਣ ਦੀ ਤਾਂਘ ਹੋਵੇ, ਪਰ ਦੂਜਿਆਂ ਨੂੰ ਦੱਲ੍ਹ ਕੇ ਨਹੀਂ।
ਮਨੁੱਖ ਦੀ ਸਭ ਤੋਂ ਵੱਡੀ ਜਿੱਤ ਕਿਸੇ ਮਹਿਲ ਉੱਤੇ ਕਬਜ਼ਾ ਕਰਨਾ ਨਹੀਂ, ਸਗੋਂ ਆਪਣੇ ਅੰਦਰ ਵੱਸਦੀ ਸੰਭਾਵਨਾ ਨੂੰ ਪਛਾਣ ਕੇ ਉਸ ਨੂੰ ਅਮਲ ਵਿੱਚ ਲਿਆਉਣਾ ਹੈ। ਬਾਹਰੀ ਦੁਨੀਆ ਉਸ ਨੂੰ ਕਿੰਨਾ ਮਾਣ ਦਿੰਦੀ ਹੈ, ਇਹ ਹਮੇਸ਼ਾ ਉਸ ਦੇ ਵੱਸ ਵਿੱਚ ਨਹੀਂ, ਪਰ ਉਹ ਆਪਣੇ ਆਪ ਨੂੰ ਕਿੰਨਾ ਤਰਾਸ਼ਦਾ ਹੈ, ਇਹ ਵੱਡੀ ਹੱਦ ਤੱਕ ਉਸ ਦੇ ਆਪਣੇ ਹੱਥ ਵਿੱਚ ਹੈ। ਯਾਦ ਰੱਖੋ, ਮਹਿਲ ਮਨੁੱਖ ਨੂੰ ਬਾਦਸ਼ਾਹ ਨਹੀਂ ਬਣਾਉਂਦੇ, ਮਨੁੱਖ ਦੀ ਸੋਚ, ਕਿਰਦਾਰ ਅਤੇ ਕਰਮ ਮਹਿਲਾਂ ਦੀ ਪਛਾਣ ਬਦਲ ਸਕਦੇ ਹਨ। ਜਿਹੜਾ ਇੱਕ ਵਾਰ ਆਪਣੀ ਅਸਲ ਸਮਰੱਥਾ ਨੂੰ ਜਾਣ ਲੈਂਦਾ ਹੈ, ਉਸ ਦਾ ਸਫ਼ਰ ਫਿਰ ਸਿਰਫ਼ ਦੁਨੀਆ ਨੂੰ ਜਿੱਤਣ ਦਾ ਨਹੀਂ ਰਹਿੰਦਾ ਸਗੋਂ ਉਹ ਆਪਣੇ ਆਪ ਨੂੰ ਆਪਣੀਆਂ ਉੱਚਤਮ ਸੰਭਾਵਨਾਵਾਂ ਤੱਕ ਪਹੁੰਚਾਉਣ ਦਾ ਸਫ਼ਰ ਬਣ ਜਾਂਦਾ ਹੈ।







