ਸੰਗਰੂਰ, 03 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ, ਲੁਧਿਆਣਾ ਅਤੇ ਆਈ.ਸੀ.ਏ.ਆਰ-ਅਟਾਰੀ, ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਆਪਣੇ ਕੈਂਪਸ ਵਿਖੇ “ਮਧੂ ਮੱਖੀ ਪਾਲਣ – ਇੱਕ ਲਾਹੇਵੰਦ ਸਹਾਇਕ ਕਿੱਤਾ” ਵਿਸ਼ੇ ‘ਤੇ ਪੰਜ ਰੋਜ਼ਾ ਕਿੱਤਾਮੁਖੀ ਸਿਖਲਾਈ ਕੋਰਸ ਸਫਲਤਾਪੂਰਵਕ ਕਰਵਾਇਆ ਗਿਆ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਕੁੱਲ 31 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਉਦਘਾਟਨੀ ਸੈਸ਼ਨ ਦੌਰਾਨ ਡਾ. ਮਨਦੀਪ ਸਿੰਘ, ਇੰਚਾਰਜ, ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਸਿਖਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਮਧੂ ਮੱਖੀ ਪਾਲਣ ਇੱਕ ਘੱਟ ਲਾਗਤ ਅਤੇ ਵੱਧ ਮੁਨਾਫਾ ਦੇਣ ਵਾਲਾ ਸਹਾਇਕ ਕਿੱਤਾ ਹੈ, ਜਿਸ ਨੂੰ ਛੋਟੇ ਤੇ ਸੀਮਾਂਤ ਕਿਸਾਨ, ਭੂਮੀਹੀਣ ਮਜ਼ਦੂਰ ਅਤੇ ਕਿਸਾਨ ਬੀਬੀਆਂ ਵੀ ਅਪਣਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ਹਿਦ ਤੋਂ ਇਲਾਵਾ ਮਧੂ ਮੱਖੀਆਂ ਪਰਾਗਣ ਰਾਹੀਂ ਫਸਲਾਂ ਦੀ ਪੈਦਾਵਾਰ ਵਧਾਉਂਦੀਆਂ ਹਨ ਅਤੇ ਉਪ-ਉਤਪਾਦਾਂ ਤੋਂ ਵਾਧੂ ਆਮਦਨ ਵੀ ਮਿਲਦੀ ਹੈ। ਉਨ੍ਹਾਂ ਕੇਂਦਰ ਵੱਲੋਂ ਕਰਵਾਈਆਂ ਜਾ ਰਹੀਆਂ ਹੋਰ ਕਿੱਤਾਮੁਖੀ ਸਿਖਲਾਈਆਂ ਅਤੇ ਪਸਾਰ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ।

ਡਾ. ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ (ਪੌਦਾ ਰੋਗ ਵਿਗਿਆਨ) ਅਤੇ ਕੋਰਸ ਕੋਆਰਡੀਨੇਟਰ ਨੇ ਮਧੂ-ਮੱਖੀ ਪਾਲਣ ਦੇ ਖੇਤਰ ਆਰਥਿਕਤਾ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਸਿਖਿਆਰਥੀਆਂ ਨੂੰ ਮਧੂ ਮੱਖੀਆਂ ਦੀਆਂ ਵੱਖ-ਵੱਖ ਕਿਸਮਾਂ, ਖਾਸ ਕਰਕੇ ਇਟਾਲੀਅਨ ਮੱਖੀ (ਏਪਿਸ ਮੈਲੀਫੇਰਾ), ਉਸ ਦੀ ਸਰੀਰਕ ਬਣਤਰ, ਪਰਿਵਾਰਕ ਜਥੇਬੰਦੀ ਅਤੇ ਮੌਸਮੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮਧੂ ਮੱਖੀ ਪਾਲਣ ਦੇ ਜ਼ਰੂਰੀ ਸੰਦਾਂ ਜਿਵੇਂ ਕਿ ਮੱਖੀ ਪੇਟੀ, ਸਮੋਕਰ, ਅਨਕੈਪਿੰਗ ਚਾਕੂ, ਸ਼ਹਿਦ ਕੱਢਣ ਵਾਲੀ ਮਸ਼ੀਨ, ਕੁਈਨ ਐਕਸਕਲੂਡਰ ਅਤੇ ਸੁਰੱਖਿਆ ਕੱਪੜਿਆਂ ਦੀ ਵਰਤੋਂ ਬਾਰੇ ਪ੍ਰਦਰਸ਼ਨੀ ਦਿੱਤੀ। ਉਨ੍ਹਾਂ ਸ਼ਹਿਦ ਦੇ ਪੋਸ਼ਟਿਕ ਅਤੇ ਦਵਾਈ ਦੇ ਤੌਰ ‘ਤੇ ਉਪਯੋਗ, ਪਤਝੜ, ਸਰਦੀ, ਗਰਮੀ ਅਤੇ ਬਸੰਤ ਰੁੱਤਾਂ ਦੌਰਾਨ ਮੱਖੀਆਂ ਦੀ ਸੰਭਾਲ, ਖੁਰਾਕ, ਪਰਿਵਾਰਾਂ ਦੀ ਵੰਡ, ਰਾਣੀ ਪਾਲਣ ਅਤੇ ਪਰਿਵਾਰਾਂ ਨੂੰ ਇਕੱਠਾ ਕਰਨ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਪ੍ਰੋਪੋਲਿਸ, ਮੋਮ, ਰਾਇਲ ਜੈਲੀ, ਮੱਖੀ ਦੇ ਜ਼ਹਿਰ ਅਤੇ ਪਰਾਗ ਵਰਗੇ ਉਪ-ਉਤਪਾਦਾਂ ਦੀ ਮਹੱਤਤਾ ਬਾਰੇ ਵੀ ਦੱਸਿਆ ਅਤੇ ਯੂਰਪੀਅਨ ਤੇ ਅਮਰੀਕਨ ਫਾਊਲ ਬਰੂਡ, ਥਾਈ ਸੈਕ ਬਰੂਡ ਵਰਗੀਆਂ ਬਿਮਾਰੀਆਂ ਅਤੇ ਮੋਮ ਸੁੰਡੀ, ਵਰੋਆ ਮਾਈਟ ਵਰਗੇ ਕੀੜਿਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ।
ਕੇ.ਵੀ.ਕੇ., ਖੇੜੀ ਵਿਖੇ ਸਥਾਪਿਤ ਮਧੂ-ਮੱਖੀ ਪਾਲਣ ਯੂਨਿਟ ਵਿਖੇ ਬਕਸਿਆਂ ਦੀ ਸੰਭਾਲ, ਬਰੂਡ ਦੀ ਜਾਂਚ ਅਤੇ ਸ਼ਹਿਦ ਕੱਢਣ ਦੀ ਵਿਹਾਰਕ ਸਿਖਲਾਈ ਵੀ ਦਿੱਤੀ ਗਈ। ਡਾ. ਹਰਦੀਪ ਸਿੰਘ, ਉਪ ਨਿਰਦੇਸ਼ਕ ਬਾਗਬਾਨੀ, ਸੰਗਰੂਰ ਨੇ ਨੈਸ਼ਨਲ ਬੀ ਬੋਰਡ ਅਤੇ ਨੈਸ਼ਨਲ ਹੌਰਟੀਕਲਚਰ ਮਿਸ਼ਨ ਵੱਲੋਂ ਨਵੀਆਂ ਇਕਾਈਆਂ ਸਥਾਪਤ ਕਰਨ, ਸ਼ਹਿਦ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਲਈ ਦਿੱਤੀਆਂ ਜਾਂਦੀਆਂ ਸਬਸਿਡੀਆਂ ਅਤੇ ਵਿੱਤੀ ਸਹਾਇਤਾ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਅਮਨਪ੍ਰੀਤ ਕੌਰ, ਐਚ.ਡੀ.ਓ., ਧੂਰੀ ਨੇ ਰਾਜ ਬਾਗਬਾਨੀ ਵਿਭਾਗ ਦੀਆਂ ਮਧੂ-ਮੱਖੀ ਪਾਲਣ ਨੂੰ ਉਤਸ਼ਾਹਿਤ ਕਰਨ ਅਤੇ ਐਫ.ਪੀ.ਓ./ਸਵੈ ਸਹਾਇਤਾ ਗਰੁੱਪ ਬਣਾਉਣ ਸਬੰਧੀ ਸਕੀਮਾਂ ਬਾਰੇ ਦੱਸਿਆ। ਸਿਖਿਆਰਥੀਆਂ ਨੂੰ ਅਗਾਂਹਵਧੂ ਮਧੂ-ਮੱਖੀ ਪਾਲਕ ਦੇ ਫਾਰਮ ਦਾ ਦੌਰਾ ਵੀ ਕਰਵਾਇਆ ਗਿਆ। ਅੰਤ ਵਿੱਚ ਭਾਗ ਲੈਣ ਵਾਲਿਆਂ ਨੂੰ ਆਪਣਾ ਉੱਦਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਮਧੂ-ਮੱਖੀ ਪਾਲਣ ਸਬੰਧੀ ਸਾਹਿਤ ਵੰਡਿਆ ਗਿਆ।







