Homeਪੰਜਾਬਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਹੁ-ਅਨੁਸ਼ਾਸਨੀ ਅਧਿਐਨ ਨੂੰ ਸਮਰਪਿਤ ਚੌਥੀ ਅੰਤਰਰਾਸ਼ਟਰੀ ਕਾਨਫਰੰਸ...

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਹੁ-ਅਨੁਸ਼ਾਸਨੀ ਅਧਿਐਨ ਨੂੰ ਸਮਰਪਿਤ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਗਾਜ਼

Sri Guru Granth Sahib World University, Fatehgarh Sahib, inaugurates three-day 4th International Conference on the multidisciplinary perspectives of Sri Guru Granth Sahib, with 85 registrations and participation from scholars worldwide.

ਫ਼ਤਿਹਗੜ੍ਹ ਸਾਹਿਬ, 18 ਨਵੰਬਰ, 2026 (ਗੁਰਮੀਤ ਸਿੰਘ ਤੁੰਗ ) : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਅਤੇ ਇਸ ਵਿੱਚ ਸਮੋਈ ਬਹੁ-ਅਨੁਸ਼ਾਸਨੀ ਗਿਆਨ ਪਰੰਪਰਾ ਨੂੰ ਵਿਸ਼ਵ ਪੱਧਰ ‘ਤੇ ਵਿਚਾਰਨ ਦੇ ਉਦੇਸ਼ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਵੱਲੋਂ ਸਿੱਖ ਐਜੂਕੇਸ਼ਨ ਕੌਂਸਲ, ਯੂ.ਕੇ. ਦੇ ਸਹਿਯੋਗ ਨਾਲ ਤਿੰਨ ਰੋਜ਼ਾ ਚੌਥੀ ਅੰਤਰਰਾਸ਼ਟਰੀ ਕਾਨਫਰੰਸ ‘ਸ੍ਰੀ ਗੁਰੂ ਗ੍ਰੰਥ ਸਾਹਿਬ: ਬਹੁ-ਅਨੁਸ਼ਾਸਨੀ ਪਰਿਪੇਖ’ ਦਾ ਆਗਾਜ਼ ਹੋਇਆ। 18 ਤੋਂ 20 ਨਵੰਬਰ ਤੱਕ ਚੱਲਣ ਵਾਲੀ ਇਸ ਕਾਨਫਰੰਸ ਲਈ ਕੁੱਲ 85 ਰਜਿਸਟ੍ਰੇਸ਼ਨਾਂ ਹੋਈਆਂ ਹਨ। ਕਾਨਫਰੰਸ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਨੂੰ ਸਮਾਨਤਾ, ਸਹਿਣਸ਼ੀਲਤਾ ਅਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਨੇ ਖੁਸ਼ੀ ਪ੍ਰਗਟਾਈ ਕਿ ਦੁਨੀਆ ਭਰ ਤੋਂ ਵਿਦਵਾਨਾਂ ਅਤੇ ਖੋਜਾਰਥੀਆਂ ਨੇ ਧਰਮ, ਦਰਸ਼ਨ, ਸੰਗੀਤ, ਭਾਸ਼ਾ, ਲਿਪੀ, ਸਮਾਜ, ਰਾਜਨੀਤੀ, ਸਿੱਖਿਆ, ਅਰਥਚਾਰੇ, ਤਕਨੀਕ ਅਤੇ ਕਾਨੂੰਨ ਆਦਿ ਵਿਸ਼ਿਆਂ ਨਾਲ ਸਬੰਧਤ ਖੋਜ ਪਰਚੇ ਭੇਜੇ ਹਨ।

ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਸਿੱਖ ਐਜੂਕੇਸ਼ਨ ਕੌਂਸਲ, ਯੂ.ਕੇ. ਦੇ ਚੇਅਰਪਰਸਨ ਡਾ. ਪਰਗਟ ਸਿੰਘ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਗੁਰਬਾਣੀ ਦੀ ਸੇਧ ਅਤੇ ਸਿੱਖਿਆ ਨੂੰ ਸਥਾਪਿਤ ਕਰਨ ਦੀ ਲੋੜ ਹੈ। ਉਦਘਾਟਨੀ ਵਕਤਾ ਪ੍ਰੋ. ਡੀ.ਪੀ. ਸਿੰਘ, ਅਰਿਹੰਤਾ ਇੰਸਟੀਚਿਊਟ, ਕੈਲੀਫੋਰਨੀਆ, ਅਮਰੀਕਾ ਨੇ ਵਿਸ਼ਵ ਨੂੰ ਦਰਪੇਸ਼ ਸਮਕਾਲੀ ਚੁਣੌਤੀਆਂ ਦੇ ਹੱਲ ਲਈ ਗੁਰਬਾਣੀ ਤੋਂ ਸੇਧ ਲੈਣ ‘ਤੇ ਜ਼ੋਰ ਦਿੱਤਾ। ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਾਨਫਰੰਸ ਦੀ ਪ੍ਰਬੰਧਕੀ ਟੀਮ ਅਤੇ ਸਿੱਖ ਐਜੂਕੇਸ਼ਨ ਕੌਂਸਲ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਗੁਰਬਾਣੀ ਦੇ ਵੱਖ-ਵੱਖ ਪੱਖਾਂ ਨੂੰ ਆਧਾਰ ਬਣਾ ਕੇ ਖੋਜ ਪਰਚੇ ਪੇਸ਼ ਕਰਨ ਵਾਲੇ ਡੈਲੀਗੇਟਸ ਦੀ ਸ਼ਲਾਘਾ ਕੀਤੀ। ਕਾਨਫਰੰਸ ਦੇ ਕਨਵੀਨਰ ਡਾ. ਹਰਦੇਵ ਸਿੰਘ ਨੇ ਕਾਨਫਰੰਸ ਦੇ ਉਦੇਸ਼ਾਂ ਅਤੇ ਅਕਾਦਮਿਕ ਮਹੱਤਤਾ ਬਾਰੇ ਚਾਨਣਾ ਪਾਇਆ, ਜਦਕਿ ਡਾ. ਸਿਕੰਦਰ ਸਿੰਘ ਨੇ ਧੰਨਵਾਦੀ ਮਤਾ ਪੇਸ਼ ਕੀਤਾ।

ਕਾਨਫਰੰਸ ਦਾ ਪਹਿਲਾ ਅਕਾਦਮਿਕ ਸੈਸ਼ਨ ਆਨਲਾਈਨ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਤੋਂ ਬਾਹਰਲੇ ਭਾਰਤੀ ਸੂਬਿਆਂ ਅਤੇ ਵਿਦੇਸ਼ਾਂ ਤੋਂ ਵਿਦਵਾਨਾਂ ਤੇ ਖੋਜਾਰਥੀਆਂ ਨੇ ਭਾਗ ਲੈਂਦਿਆਂ ਆਪਣੇ ਖੋਜ ਪਰਚੇ ਪੇਸ਼ ਕੀਤੇ। ਇਨ੍ਹਾਂ ਵਿੱਚ ਡਾ. ਰਵੇਲ ਸਿੰਘ, ਦਿੱਲੀ ਯੂਨੀਵਰਸਿਟੀ; ਡਾ. ਪ੍ਰਦਧੁਮਨ ਸ਼ਾਹ ਸਿੰਘ, ਬਨਾਰਸ ਹਿੰਦੂ ਯੂਨੀਵਰਸਿਟੀ; ਡਾ. ਅਬਦੁਲ ਰਜ਼ਾਕ, ਵਰਲਡ ਪੰਜਾਬੀ ਸੈਂਟਰ, ਲਾਹੌਰ, ਪਾਕਿਸਤਾਨ; ਪ੍ਰੋ. ਸੁਜਿੰਦਰ ਸਿੰਘ ਸੰਘਾ, ਸਟਾਰਟਨ ਰਿਵਰਸਾਈਡ ਕਾਲਜ, ਯੂ.ਕੇ. ਅਤੇ ਡਾ. ਜਸਬੀਰ ਸਿੰਘ ਸਰਨਾ, ਸੇਵਾਮੁਕਤ ਖੇਤੀਬਾੜੀ ਅਫ਼ਸਰ, ਜੰਮੂ-ਕਸ਼ਮੀਰ ਸ਼ਾਮਲ ਸਨ। ਇਨ੍ਹਾਂ ਵਿਦਵਾਨਾਂ ਨੇ ਗੁਰਬਾਣੀ ਵਿੱਚ ਵਾਤਾਵਰਨ ਚੇਤਨਾ, ਸਰਬੱਤ ਦੇ ਭਲੇ ਅਤੇ ਅੰਤਰ-ਧਰਮ ਸੰਵਾਦ ਵਰਗੇ ਮਹੱਤਵਪੂਰਨ ਵਿਸ਼ਿਆਂ ‘ਤੇ ਆਪਣੇ ਵਿਚਾਰ ਪੇਸ਼ ਕੀਤੇ।

ਇਸ ਮੌਕੇ ਡਾ. ਅੰਕਦੀਪ ਕੌਰ ਅਟਵਾਲ, ਡਾਇਰੈਕਟਰ, ਅੰਦਰੂਨੀ ਗੁਣਵੱਤਾ ਭਰੋਸਾ ਸੈੱਲ (ਆਈ.ਕਿਊ.ਏ.ਸੀ.), ਨੇ ਸਵਾਗਤੀ ਸ਼ਬਦ ਸਾਂਝੇ ਕੀਤੇ। ਸੈਸ਼ਨ ਦਾ ਸੰਚਾਲਨ ਡਾ. ਬਲਜੀਤ ਕੌਰ ਨੇ ਕੀਤਾ ਅਤੇ ਅੰਤ ਵਿੱਚ ਡਾ. ਹਰਨੀਤ ਕੌਰ ਬਿਲਿੰਗ, ਡੀਨ, ਸਿੱਖਿਆ ਅਤੇ ਸੂਚਨਾ ਵਿਗਿਆਨ ਫੈਕਲਟੀ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਇਸ ਮੌਕੇ ਕਾਨਫਰੰਸ ਦੇ ਵੱਖ-ਵੱਖ ਸੈਕਸ਼ਨਾਂ ਦੇ ਕੋਆਰਡੀਨੇਟਰ ਡਾ. ਨਵ ਸ਼ਗਨ ਦੀਪ ਕੌਰ, ਮੁਖੀ, ਸਮਾਜ ਵਿਗਿਆਨ ਵਿਭਾਗ; ਡਾ. ਕਿਰਨਦੀਪ ਕੌਰ, ਧਰਮ ਅਧਿਐਨ ਵਿਭਾਗ; ਜਸਪ੍ਰੀਤ ਕੌਰ, ਲੋਕ ਸੰਪਰਕ ਅਧਿਕਾਰੀ; ਡਾ. ਗੁਰਪ੍ਰੀਤ ਸਿੰਘ, ਮੁਖੀ, ਅਰਥਸ਼ਾਸਤਰ ਵਿਭਾਗ ਅਤੇ ਡਾ. ਚਰਨ ਕਮਲ ਸੇਖੋਂ, ਜੀਵ ਵਿਗਿਆਨ ਵਿਭਾਗ ਸਮੇਤ ਹੋਰ ਅਧਿਆਪਕ ਵੀ ਹਾਜ਼ਰ ਸਨ। ਕਾਨਫਰੰਸ ਦੇ ਅਗਲੇ ਸੈਸ਼ਨਾਂ ਦੌਰਾਨ ਗੁਰਬਾਣੀ, ਸੰਗੀਤ, ਦਰਸ਼ਨ, ਸਮਾਜ, ਇਤਿਹਾਸ, ਸੱਭਿਆਚਾਰ, ਭਾਸ਼ਾ, ਸਾਹਿਤ ਅਤੇ ਅਨੁਵਾਦ ਸਮੇਤ ਵੱਖ-ਵੱਖ ਵਿਸ਼ਿਆਂ ‘ਤੇ ਵਿਦਵਾਨਾਂ ਵੱਲੋਂ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments