ਅੰਮ੍ਰਿਤਪਾਲ ਸਿੰਘ ਧੜੇ ਵੱਲੋਂ ਉਮੀਦਵਾਰਾਂ ਦੇ ਐਲਾਨ, ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਸੰਕਟ ਅਤੇ ਪੰਥਕ ਵੋਟ ਦੀ ਵੰਡ ਇਹ ਸਿਰਫ ਪੰਜਾਬ ਦੀ ਅਗਲੀ ਸਿਆਸੀ ਲੜਾਈ ਸਿਰਫ਼ ਸਰਕਾਰ ਬਦਲਣ ਤੱਕ ਨਹੀਂ ਸਗੋਂ ਸਿਆਸੀ ਨੁਮਾਇੰਦਗੀ ਦੀ ਦਿਸ਼ਾ ਵੀ ਤੈਅ ਕਰੇਗੀ।
ਪੰਜਾਬ ਦੀ 2027 ਵਿਧਾਨ ਸਭਾ ਚੋਣ ਹੁਣ ਭਾਵੇਂ ਅਜੇ ਕੁਝ ਮਹੀਨੇ ਹੀ ਦੂਰ ਹਨ, ਪਰ ਸੂਬੇ ਦੀ ਸਿਆਸਤੀ ਪੈਂਡੇ ਤੇਜ਼ੀ ਨਾਲ ਸਪਸ਼ਟ ਹੋ ਰਹੇ ਹਨ। ਆਮ ਆਦਮੀ ਪਾਰਟੀ, ਕਾਂਗਰਸ, ਬੀ ਜੇ ਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਵਾਇਤੀ ਮੁਕਾਬਲੇ ਵਿੱਚ ਹੁਣ ਅਕਾਲੀ ਦਲ (ਵਾਰਿਸ ਪੰਜਾਬ ਦੇ) ਵੀ ਇੱਕ ਵੱਖਰੇ ਪੰਥਕ ਸਿਆਸੀ ਉੱਭਰ ਦੇ ਧੁਰੇ ਵਜੋਂ ਆਪਣਾ ਪ੍ਰਭਾਵ ਖੜ੍ਹਾ ਕਰਨ ਵਿੱਚ ਜੁਟਿਆ ਹੈ।
ਇਸ ਉਭਾਰ ਨੂੰ ਸਿਰਫ਼ ਇੱਕ ਨਵੀਂ ਪਾਰਟੀ ਦੇ ਚੋਣ ਮੈਦਾਨ ਵਿੱਚ ਆਉਣ ਵਜੋਂ ਦੇਖਣਾ ਸ਼ਾਇਦ ਪੰਜਾਬ ਦੀ ਮੌਜੂਦਾ ਸਿਆਸੀ ਹਕੀਕਤ ਨੂੰ ਸਮਝਣਾ ਅਜੇ ਦੂਰ ਦੀ ਕੌੜੀ ਹੈ ਪਰ ਇਸ ਦੇ ਪਿੱਛੇ ਕਈ ਪਰਤਾਂ ਮੌਜੂਦ ਹਨ। ਸਿੱਖ ਪਛਾਣ ਅਤੇ ਪੰਥਕ ਸੰਸਥਾਵਾਂ ਨਾਲ ਜੁੜੇ ਮੁੱਦੇ, ਪੰਜਾਬ ਦੇ ਅਧਿਕਾਰਾਂ ਦੀ ਰਾਜਨੀਤੀ, ਨਸ਼ਿਆਂ ਅਤੇ ਬੇਰੁਜ਼ਗਾਰੀ ਵਰਗੇ ਸਮਾਜਿਕ ਮੁੱਦੇ, 1984 ਅਤੇ ਬੇਅਦਬੀ ਵਰਗੀਆਂ ਇਤਿਹਾਸਕ ਯਾਦਾਂ, ਨੌਜਵਾਨਾਂ ਵਿੱਚ ਰਵਾਇਤੀ ਪਾਰਟੀਆਂ ਪ੍ਰਤੀ ਨਿਰਾਸ਼ਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ ਚੋਣੀ ਕਮਜ਼ੋਰੀਆਂ।
2024 ਨੇ ਦਿੱਤਾ ਪਹਿਲਾ ਵੱਡਾ ਸੰਕੇਤ: ਅੰਮ੍ਰਿਤਪਾਲ ਸਿੰਘ ਦਾ ਸਿਆਸੀ ਉਭਾਰ 2024 ਦੀ ਲੋਕ ਸਭਾ ਚੋਣ ਵਿੱਚ ਇੱਕ ਵੱਡੇ ਚੋਣੀ ਨਤੀਜੇ ਵਜੋਂ ਸਾਹਮਣੇ ਆਇਆ।
ਜੇਲ੍ਹ ਵਿੱਚ ਰਹਿੰਦਿਆਂ ਆਜ਼ਾਦ ਉਮੀਦਵਾਰ ਵਜੋਂ ਖਡੂਰ ਸਾਹਿਬ ਤੋਂ ਚੋਣ ਲੜਨ ਵਾਲੇ ਅੰਮ੍ਰਿਤਪਾਲ ਸਿੰਘ ਨੇ 4,04,430 ਵੋਟਾਂ ਹਾਸਲ ਕਰਕੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੂੰ ਲਗਭਗ 1.97 ਲੱਖ ਵੋਟਾਂ ਦੇ ਫ਼ਰਕ ਨਾਲ ਹਰਾਇਆ।
ਇਹ ਨਤੀਜਾ ਆਪਣੇ ਆਪ ਵਿੱਚ ਕਿਸੇ ਵਿਆਪਕ ਵਿਚਾਰਧਾਰਕ ਲਹਿਰ ਦਾ ਪੂਰਾ ਸਬੂਤ ਨਹੀਂ ਸੀ। ਪਰ ਇਸ ਨੇ ਇਹ ਜ਼ਰੂਰ ਦਿਖਾਇਆ ਕਿ ਪੰਜਾਬ ਵਿੱਚ ਇੱਕ ਅਜਿਹਾ ਵੋਟਰ ਵਰਗ ਮੌਜੂਦ ਹੈ ਜੋ ਰਵਾਇਤੀ ਸਿਆਸੀ ਪਾਰਟੀਆਂ ਤੋਂ ਬਾਹਰਲੇ ਉਮੀਦਵਾਰ ਨੂੰ ਵੱਡੇ ਪੱਧਰ ’ਤੇ ਸਮਰਥਨ ਦੇ ਸਕਦਾ ਹੈ।
ਇਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਇਹ ਮੰਡੇਟ ਉਸ ਵੇਲੇ ਮਿਲਿਆ ਜਦੋਂ ਅੰਮ੍ਰਿਤਪਾਲ ਖੁਦ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੀ।
ਇਸ ਨਤੀਜੇ ਨੇ 2027 ਦੀ ਸਿਆਸਤ ਲਈ ਇੱਕ ਨਵਾਂ ਸਵਾਲ ਖੜ੍ਹਾ ਕੀਤਾ ਹੈ ਕੀ ਇਹ ਵੋਟ ਸਿਰਫ਼ ਇੱਕ ਵਿਅਕਤੀ ਲਈ ਸੀ ਜਾਂ ਇਸ ਦੇ ਪਿੱਛੇ ਇੱਕ ਵੱਖਰੀ ਪੰਥਕ ਸਿਆਸੀ ਦਿਸ਼ਾ ਦੀ ਮੰਗ ਵੀ ਹੈ?
ਪਰ ਇਸ ਦਾ ਜਵਾਬ ਅਜੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ।
Waris Punjab De: ਹੁਣ ਸਿਰਫ਼ ਅੰਦੋਲਨ ਨਹੀਂ, ਚੋਣੀ ਸੰਗਠਨ: ਅੰਮ੍ਰਿਤਪਾਲ ਸਿੰਘ ਨਾਲ ਜੁੜੀ ਸਿਆਸੀ ਧਾਰਾ ਨੇ 2025 ਵਿੱਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਰੂਪ ਵਿੱਚ ਸੰਗਠਿਤ ਸਿਆਸੀ ਮੰਚ ਬਣਾਇਆ। ਜਨਵਰੀ 2025 ਵਿੱਚ ਪਾਰਟੀ ਦੇ ਗਠਨ ਤੋਂ ਬਾਅਦ ਇਸ ਨੇ ਪੰਜਾਬ ਦੀਆਂ ਚੋਣਾਂ ਵਿੱਚ ਬਿਨਾ ਕਿਸੇ ਗੱਠ ਜੋੜ ਤੋਂ ਸਿੱਧੀ ਹਿੱਸੇਦਾਰੀ ਦਾ ਰਾਹ ਚੁਣਿਆ।
ਇਸ ਦਾ ਪਹਿਲਾ ਵੱਡਾ ਚੋਣੀ ਇਮਤਿਹਾਨ 2025 ਦੀ ਤਰਨ ਤਾਰਨ ਉਪਚੋਣ ਵਿੱਚ ਸਾਹਮਣੇ ਆਇਆ। ਪੰਥਕ ਧੜਿਆਂ ਦੇ ਸਾਂਝੇ ਉਮੀਦਵਾਰ ਵਜੋਂ ਮੈਦਾਨ ਵਿੱਚ ਆਏ ਮੰਦੀਪ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। AAP ਦੇ ਹਰਮੀਤ ਸਿੰਘ ਸੰਧੂ ਨੂੰ 42,649 ਵੋਟਾਂ ਮਿਲੀਆਂ, ਜਦਕਿ ਮੰਡੀਪ ਸਿੰਘ ਨੂੰ 19,620 ਵੋਟਾਂ ਮਿਲੀਆਂ। ਨਤੀਜੇ ਤੋਂ ਬਾਅਦ ਹੀ ਪੰਥਕ ਧੜਿਆਂ ਵਿਚਕਾਰ ਰਣਨੀਤੀ ਅਤੇ ਸਹਿਯੋਗ ਨੂੰ ਲੈ ਕੇ ਮਤਭੇਦ ਸਾਹਮਣੇ ਆਏ।
ਇਹ ਹਾਰ ਇੱਕ ਮਹੱਤਵਪੂਰਨ ਸਬਕ ਸੀ:
ਪੰਥਕ ਭਾਵਨਾ ਮੌਜੂਦ ਹੋਣਾ ਅਤੇ ਉਸ ਨੂੰ ਸੰਗਠਿਤ ਚੋਣੀ ਵੋਟ ਵਿੱਚ ਬਦਲ ਸਕਣਾ—ਦੋ ਵੱਖਰੀਆਂ ਗੱਲਾਂ ਹਨ।
2026 ਵਿੱਚ ਤਸਵੀਰ ਹੋਰ ਸਪਸ਼ਟ ਹੋ ਰਹੀ ਹੈ
2026 ਵਿੱਚ Waris Punjab De ਨੇ 2027 ਵਿਧਾਨ ਸਭਾ ਚੋਣ ਲਈ ਉਮੀਦਵਾਰ ਐਲਾਨਣੇ ਸ਼ੁਰੂ ਕਰ ਦਿੱਤੇ ਹਨ: ਸਤੰਬਰ 2026 ਵਿੱਚ ਪਾਰਟੀ ਨੇ ਲੱਖਬੀਰ ਸਿੰਘ ਸਿਧਾਨਾ ਉਰਫ਼ ਲੱਖਾ ਸਿਧਾਨਾ ਨੂੰ ਮੌੜ ਅਤੇ ਮਨਦੀਪ ਸਿੰਘ ਸਿੱਧੂ ਨੂੰ ਤਲਵੰਡੀ ਸਾਬੋ ਤੋਂ ਉਮੀਦਵਾਰ ਐਲਾਨਿਆ। ਮਨਦੀਪ ਸਿੰਘ, ਮਰਹੂਮ ਅਦਾਕਾਰ ਅਤੇ ਕਾਰਕੁਨ ਦੀਪ ਸਿੱਧੂ ਦੇ ਭਰਾ ਹਨ। ਇਹ ਐਲਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਪਾਰਟੀ ਮੁਖੀ ਤਰਸੇਮ ਸਿੰਘ ਵੱਲੋਂ ਕੀਤੇ ਗਏ। ਇਸ ਤੋਂ ਪਹਿਲਾਂ ਪਾਰਟੀ ਨੇ ਬੱਸੀ ਪਠਾਣਾ ਤੋਂ ਸਤਵੰਤ ਸਿੰਘ, ਅਤੇ ਮਜੀਠਾ ਤੋਂ ਪਪਲਪ੍ਰੀਤ ਸਿੰਘ ਸਮੇਤ ਹੋਰ ਨਾਵਾਂ ਦਾ ਐਲਾਨ ਕੀਤਾ ਸੀ।ਇਨ੍ਹਾਂ ਨਾਵਾਂ ਦੀ ਚੋਣ ਵੀ ਆਪਣੇ ਆਪ ਵਿੱਚ ਸਿਆਸੀ ਸੰਕੇਤ ਦਿੰਦੀ ਹੈ। ਪਾਰਟੀ ਸਿਰਫ਼ ਇੱਕ ਵਿਅਕਤੀ ਦੀ ਲੋਕਪ੍ਰਿਯਤਾ ’ਤੇ ਨਿਰਭਰ ਰਹਿਣ ਦੀ ਥਾਂ ਵੱਖ-ਵੱਖ ਖੇਤਰਾਂ ਅਤੇ ਸਮਾਜਿਕ ਪਿਛੋਕੜਾਂ ਵਾਲੇ ਚਿਹਰੇ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਲੱਖਾ ਸਿਧਾਨਾ ਦੀ ਉਮੀਦਵਾਰੀ: ਮੌਕਾ ਜਾਂ ਵਿਵਾਦ?: ਮੌੜ ਤੋਂ ਲੱਖਾ ਸਿਧਾਨਾ ਨੂੰ ਉਮੀਦਵਾਰ ਬਣਾਉਣਾ ਪਾਰਟੀ ਲਈ ਇੱਕ ਚਰਚਿਤ ਫ਼ੈਸਲਾ ਹੈ। ਉਹ 2022 ਵਿੱਚ ਇਸੇ ਹਲਕੇ ਤੋਂ ਚੋਣ ਲੜ ਚੁੱਕੇ ਹਨ ਅਤੇ ਇਸ ਖੇਤਰ ਵਿੱਚ ਲੰਮੇ ਸਮੇਂ ਤੋਂ ਸਰਗਰਮ ਹੋਣ ਦਾ ਦਾਅਵਾ ਕਰਦੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ; ਉਹ ਇਨ੍ਹਾਂ ਵਿੱਚ ਗਲਤ ਕੰਮ ਕਰਨ ਤੋਂ ਇਨਕਾਰ ਕਰਦੇ ਹਨ ਅਤੇ ਆਪਣੇ ਆਪ ਨੂੰ ਸਮਾਜਿਕ ਕਾਰਕੁਨ ਵਜੋਂ ਪੇਸ਼ ਕਰਦੇ ਹਨ।
ਇੱਥੇ ਇੱਕ ਵੱਡਾ ਸਿਆਸੀ ਸਵਾਲ ਖੜ੍ਹਾ ਹੁੰਦਾ ਹੈ. ਕੀ ਪੰਜਾਬ ਦੀ ਨਵੀਂ ਪੰਥਕ ਸਿਆਸਤ ਲਈ ਚੋਣ ਜਿੱਤਣ ਦੀ ਯੋਗਤਾ ਸਭ ਤੋਂ ਵੱਡਾ ਮਾਪਦੰਡ ਬਣੇਗੀ ਜਾਂ ਉਮੀਦਵਾਰ ਦੀ ਜਨਤਕ ਛਵੀ ਅਤੇ ਕਾਨੂੰਨੀ ਪਿਛੋਕੜ ਵੀ ਉਤਨੀ ਹੀ ਮਹੱਤਵਪੂਰਨ ਹੋਵੇਗੀ?
ਮਨਦੀਪ ਸਿੱਧੂ ਦੀ ਐਂਟਰੀ: ਦੀਪ ਸਿੱਧੂ ਦੀ ਵਿਰਾਸਤ ਦਾ ਸਿਆਸੀ ਪੱਖ: ਤਲਵੰਡੀ ਸਾਬੋ ਤੋਂ ਮਨਦੀਪ ਸਿੰਘ ਸਿੱਧੂ ਦੀ ਉਮੀਦਵਾਰੀ ਵੀ ਪ੍ਰਤੀਕਾਤਮਕ ਮਹੱਤਤਾ ਰੱਖਦੀ ਹੈ। ਉਹ ਦੀਪ ਸਿੱਧੂ ਦੇ ਭਰਾ ਹਨ ਅਤੇ ਖੁਦ ਵਕੀਲ ਹਨ। ਰਿਪੋਰਟਾਂ ਮੁਤਾਬਕ ਮਨਦੀਪ ਸਿੱਧੂ ਨੇ ਪਹਿਲਾਂ ਅੰਮ੍ਰਿਤਪਾਲ ਦੀ ਪਹੁੰਚ ਅਤੇ ਵਿਚਾਰਧਾਰਾ ਤੋਂ ਦੂਰੀ ਜਤਾਈ ਸੀ ਅਤੇ 2024 ਦੀ ਗਿੱਦੜਬਾਹਾ ਉਪਚੋਣ ਵਿੱਚ ਵੀ ਪੰਥਕ ਵੋਟ ਦੀ ਵੰਡ ਤੋਂ ਬਚਣ ਲਈ ਆਪਣੀ ਉਮੀਦਵਾਰੀ ਵਾਪਸ ਲੈ ਲਈ ਸੀ। ਇਸ ਲਈ ਉਨ੍ਹਾਂ ਦਾ Waris Punjab De ਦੇ ਟਿਕਟ ’ਤੇ ਮੈਦਾਨ ਵਿੱਚ ਆਉਣਾ ਇਹ ਵੀ ਦਰਸਾਉਂਦਾ ਹੈ ਕਿ ਪੰਜਾਬ ਦੀ ਪੰਥਕ ਸਿਆਸਤ ਵਿੱਚ ਵੱਖਰੇ ਵਿਚਾਰ ਰੱਖਣ ਵਾਲੇ ਚਿਹਰਿਆਂ ਨੂੰ ਇੱਕ ਚੋਣੀ ਪਲੇਟਫਾਰਮ ’ਤੇ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ।
ਪਰ ਸਭ ਤੋਂ ਵੱਡੀ ਚੁਣੌਤੀ: ਪੰਥਕ ਏਕਤਾ ਕਿੱਥੇ ਹੈ?: ਪੰਜਾਬ ਵਿੱਚ ਪੰਥਕ ਵੋਟ ਇੱਕੋ ਸਿਆਸੀ ਇਕਾਈ ਨਹੀਂ ਹੈ। ਇਸ ਵਿੱਚ ਐਸ.ਏ.ਡ , (Amritsar), ਐਸ.ਏ.ਡ (Punar Surjit), ਵਾਰਿਸ ਪੰਜਾਬ ਦੇ ਅਤੇ ਹੋਰ ਛੋਟੇ-ਵੱਡੇ ਧੜਿਆਂ ਦੇ ਸਮਰਥਕ ਸ਼ਾਮਲ ਹਨ।
2026 ਵਿੱਚ ਵਾਰਿਸ ਪੰਜਾਬ ਦੇ ਅਤੇ ਐਸ.ਏ.ਡ ਦੇ ਇੱਕ ਟੁੱਟੇ ਹੋਏ ਧੜੇ ਵਿਚਕਾਰ ਸਹਿਯੋਗ ਦੀ ਕੋਸ਼ਿਸ਼ ਹੋਈ, ਪਰ ਬਾਅਦ ਵਿੱਚ ਵਿਚਾਰਧਾਰਕ ਮੁੱਦਿਆਂ ’ਤੇ ਮਤਭੇਦ ਸਾਹਮਣੇ ਆਏ ਅਤੇ ਵਾਰਿਸ ਪੰਜਾਬ ਦੇ ਨੇ ਸਾਂਝੀ ਕੋਆਰਡੀਨੇਸ਼ਨ ਕਮੇਟੀ ਤੋਂ ਪਿੱਛੇ ਹਟਣ ਦਾ ਫ਼ੈਸਲਾ ਕੀਤਾ। ਇਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਇਆਲੀ ਵਰਗੇ ਐਸ.ਏ.ਡ ਦੇ ਬਾਗੀ ਚਿਹਰੇ ਦਾ ਵਾਰਿਸ ਪੰਜਾਬ ਦੇ ਨਾਲ ਜੁੜਨਾ ਵੀ ਪੰਥਕ ਰਾਜਨੀਤੀ ਦੇ ਅੰਦਰ ਵੱਡੇ ਪੁਨਰ-ਸੰਯੋਜਨ ਦਾ ਸੰਕੇਤ ਬਣਿਆ। ਇੱਥੇ ਮੁੱਦਾ ਇਹ ਨਹੀਂ ਕਿ ਪੰਥਕ ਸਿਆਸਤ ਮੁੜ ਆ ਰਹੀ ਹੈ ਜਾਂ ਨਹੀਂ, ਸਵਾਲ ਇਹ ਹੈ ਕਿ ਕੀ ਇਹ ਸਿਆਸਤ ਇੱਕ ਮਜ਼ਬੂਤ, ਸਾਂਝੇ ਅਤੇ ਸੰਗਠਿਤ ਚੋਣੀ ਮੋਰਚੇ ਵਿੱਚ ਕੀ ਬਦਲ ਸਕੇਗੀ?
ਐਸ.ਏ.ਡ ਲਈ ਇਹ ਸਭ ਤੋਂ ਵੱਡਾ ਇਮਤਿਹਾਨ: ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪੰਥਕ ਸਿਆਸਤ ਦਾ ਹੁਣ ਇਤਿਹਾਸਕ ਕੇਂਦਰ ਹੈ, ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਕੁਝ ਸਾਲਾਂ ਵਿੱਚ ਇਸ ਦੀ ਚੋਣੀ ਤਾਕਤ ਵਿੱਚ ਭਾਰੀ ਕਮੀ ਆਈ ਹੈ।
2022 ਦੀ ਵਿਧਾਨ ਸਭਾ ਚੋਣ ਵਿੱਚ ਐਸ.ਏ.ਡ ਸਿਰਫ਼ ਕੁਝ ਸੀਟਾਂ ਤੱਕ ਸੀਮਤ ਰਹਿ ਗਿਆ ਅਤੇ 2024 ਦੀ ਲੋਕ ਸਭਾ ਚੋਣ ਵਿੱਚ ਵੀ ਪਾਰਟੀ ਦਾ ਪ੍ਰਦਰਸ਼ਨ ਕਮਜ਼ੋਰ ਰਿਹਾ। ਇਸ ਦੇ ਨਾਲ ਹੀ ਪਾਰਟੀ ਅੰਦਰ ਲੀਡਰਸ਼ਿਪ, ਸੰਗਠਨ ਅਤੇ ਵਿਚਾਰਧਾਰਕ ਦਿਸ਼ਾ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਰਹੇ ਹਨ। ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਧਾਰਮਿਕ ਮਾਮਲੇ ਵਿੱਚ ਤਨਖ਼ਾਹੀਆ ਕਰਾਰ ਦਿੱਤੇ ਜਾਣ ਅਤੇ ਬਾਅਦ ਦੀਆਂ ਕਾਰਵਾਈਆਂ ਨੇ ਵੀ ਪਾਰਟੀ ਦੀ ਅੰਦਰੂਨੀ ਸਥਿਤੀ ਨੂੰ ਹੋਰ ਜਟਿਲ ਕੀਤਾ। ਪਾਰਟੀ ਅੰਦਰ ਸੁਧਾਰਾਂ ਦੀ ਮੰਗ, ਬਾਗੀ ਧੜੇ ਅਤੇ ਨਵੀਂ ਲੀਡਰਸ਼ਿਪ ਦੀ ਚਰਚਾ ਨੇ ਇਹ ਸਵਾਲ ਹੋਰ ਤੇਜ਼ ਕੀਤਾ ਕਿ ਐਸ.ਏ.ਡ ਆਪਣੀ ਪੁਰਾਣੀ ਪੰਥਕ ਪਛਾਣ ਨੂੰ ਆਧੁਨਿਕ ਪੰਜਾਬੀ ਰਾਜਨੀਤੀ ਨਾਲ ਕਿਵੇਂ ਜੋੜੇਗਾ।
ਸੁਖਬੀਰ ਬਾਦਲ ’ਤੇ ਹਮਲੇ: ਸਿਆਸੀ ਸੰਕਟ ਦਾ ਵੱਖਰਾ ਪੱਖ: ਸੁਖਬੀਰ ਸਿੰਘ ਬਾਦਲ ਖੁਦ ਵੀ ਹਿੰਸਕ ਹਮਲਿਆਂ ਦਾ ਨਿਸ਼ਾਨਾ ਬਣਦੇ ਰਹੇ ਹਨ। 2024 ਵਿੱਚ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਉਨ੍ਹਾਂ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਦੀ ਘਟਨਾ ,ਨਾਂਦੇੜ ਦੇ ਗੁਰਦੁਆਰਾ ਮਾਤਾ ਸਾਹਿਬ ਦੇਵ ਜੀ ਵਿਖੇ ਵੀ ਉਨ੍ਹਾਂ ’ਤੇ ਹਮਲਾ ਹੋਇਆ, ਜਿਸ ਵਿੱਚ ਉਨ੍ਹਾਂ ਨੂੰ ਸੱਟਾਂ ਲੱਗੀਆਂ। ਦੋਵੇਂ ਘਟਨਾਵਾਂ ਨੇ ਧਾਰਮਿਕ ਸਥਾਨਾਂ ’ਤੇ ਸਿਆਸੀ ਹਿੰਸਾ ਅਤੇ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ। ਇੱਥੇ ਇਨ੍ਹਾਂ ਘਟਨਾਵਾਂ ਨੂੰ ਕਿਸੇ ਇੱਕ ਸਿਆਸੀ ਧੜੇ ਨਾਲ ਜੋੜ ਕੇ ਨਤੀਜਾ ਕੱਢਣਾ ਜਾਂ ਬਿਨਾਂ ਜਾਂਚ ਦੇ ਸਾਜ਼ਿਸ਼ ਮੰਨ ਲੈਣਾ ਠੀਕ ਨਹੀਂ। ਪਰ ਇਹ ਜ਼ਰੂਰ ਹੈ ਕਿ ਪੰਜਾਬ ਦੀ ਪੰਥਕ ਸਿਆਸਤ ਦਾ ਮਾਹੌਲ ਕਿੰਨਾ ਸੰਵੇਦਨਸ਼ੀਲ ਹੋ ਗਿਆ ਹੈ, ਇਸ ਦਾ ਇਹ ਇੱਕ ਗੰਭੀਰ ਸੰਕੇਤ ਹੈ।
ਕੀ ਅੰਮ੍ਰਿਤਪਾਲ ਫੈਕਟਰ ਸਿਰਫ਼ ਮਾਝਾ ਤੱਕ ਸੀਮਤ ਹੈ ?: 2024 ਵਿੱਚ ਅੰਮ੍ਰਿਤਪਾਲ ਸਿੰਘ ਦੀ ਵੱਡੀ ਜਿੱਤ ਖਡੂਰ ਸਾਹਿਬ ਵਿੱਚ ਹੋਈ। ਪਰ 2027 ਵਿੱਚ ਵਿਧਾਨ ਸਭਾ ਚੋਣ ਲਈ ਉਸ ਦਾ ਪ੍ਰਭਾਵ ਸਿਰਫ਼ ਮਾਝੇ ਤੱਕ ਸੀਮਤ ਰਹੇਗਾ ਜਾਂ ਮਾਲਵਾ ਅਤੇ ਦੋਆਬਾ ਤੱਕ ਪਹੁੰਚੇਗਾ. ਇਹੀ ਸਭ ਤੋਂ ਵੱਡਾ ਸਵਾਲ ਹੈ। ਮੌੜ, ਤਲਵੰਡੀ ਸਾਬੋ ਅਤੇ ਬੱਸੀ ਪਠਾਣਾ ਵਰਗੀਆਂ ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰਨਾ ਇਹ ਦਰਸਾਉਂਦਾ ਹੈ ਕਿ ਪਾਰਟੀ ਭੂਗੋਲਿਕ ਐਕਸਪੈਂਸ਼ਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਪਾਰਟੀ ਨੇ ਸੂਬਾ-ਪੱਧਰੀ ਪੰਥਕ ਵੋਟ ਆਪਣੇ ਹੱਕ ਵਿੱਚ ਪੱਕੀ ਕਰ ਲਈ ਹੈ।
“ਪੰਥਕ” ਅਤੇ “ਹਾਰਡਲਾਈਨ” ਨੂੰ ਇੱਕੋ ਨਹੀਂ ਮੰਨਿਆ ਜਾ ਸਕਦਾ: ਪੰਥਿਕ ਰਾਜਨੀਤੀ ਦਾ ਅਰਥ ਲਾਜ਼ਮੀ ਤੌਰ ’ਤੇ ਹਿੰਸਕ, ਕੱਟੜ ਜਾਂ ਵੱਖਵਾਦੀ ਸਿਆਸਤ ਨਹੀਂ ਸਗੋਂ ਸਿੱਖ ਧਾਰਮਿਕ ਸੰਸਥਾਵਾਂ ਦੀ ਖੁਦਮੁਖਤਿਆਰੀ, ਪੰਜਾਬੀ ਭਾਸ਼ਾ, ਸੂਬੇ ਦੇ ਅਧਿਕਾਰ, ਕਿਸਾਨੀ, ਨਸ਼ਾ ਮੁਕਤੀ, ਬੇਰੁਜ਼ਗਾਰੀ, ਸਿੱਖ ਕੈਦੀਆਂ, ਦਰਿਆਈ ਪਾਣੀਆਂ ਅਤੇ ਕੇਂਦਰ-ਰਾਜ ਸੰਬੰਧ ਵਰਗੇ ਮੁੱਦੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਦੀ ਸਿਆਸੀ ਧਾਰਾ ਨਾਲ ਜੁੜੇ ਵੱਖਵਾਦੀ ਵਿਚਾਰਾਂ ਅਤੇ ਖਾਲਿਸਤਾਨ ਬਾਰੇ ਉਨ੍ਹਾਂ ਦੇ ਪਿਛਲੇ ਰੁਖ ਨੇ ਇਸ ਰਾਜਨੀਤੀ ਨੂੰ ਰਾਸ਼ਟਰੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਦੀ ਬਹਿਸ ਨਾਲ ਵੀ ਜੋੜਿਆ ਹੈ। 2024 ਦੀ ਉਨ੍ਹਾਂ ਦੀ ਜਿੱਤ ਬਾਰੇ “ਰਾਇਟਰਜ਼” ਨੇ ਵੀ ਦਰਸਾਇਆ ਸੀ ਕਿ ਉਨ੍ਹਾਂ ਦੇ ਸਮਰਥਕ ਇਸ ਨੂੰ ਧਾਰਮਿਕ ਮੁੱਦਿਆਂ ਅਤੇ ਨਸ਼ਿਆਂ ਵਰਗੇ ਪੰਜਾਬੀ ਮਸਲਿਆਂ ਨਾਲ ਜੋੜਦੇ ਹਨ, ਜਦਕਿ ਵਿਸ਼ਲੇਸ਼ਕਾਂ ਨੇ ਚੇਤਾਵਨੀ ਦਿੱਤੀ ਸੀ ਕਿ ਇੱਕ ਚੋਣੀ ਜਿੱਤ ਨੂੰ ਪੰਜਾਬ ਵਿੱਚ ਵਿਆਪਕ ਵੱਖਵਾਦੀ ਰਿਵਾਈਵਲ ਦਾ ਸਬੂਤ ਨਹੀਂ ਮੰਨਿਆ ਜਾ ਸਕਦਾ।
ਇਸ ਲਈ 2027 ਦੀ ਸਿਆਸਤ ਨੂੰ ਸਮਝਣ ਲਈ ਧਾਰਮਿਕ ਪਛਾਣ, ਖੇਤਰੀ ਹੱਕ, ਪੰਥਕ ਰਾਜਨੀਤੀ ਅਤੇ ਵੱਖਵਾਦ. ਇਨ੍ਹਾਂ ਚਾਰਾਂ ਨੂੰ ਵੱਖ-ਵੱਖ ਸਮਝਣਾ ਅਤੇ ਅਧਿਐਨ ਜ਼ਰੂਰੀ ਹੋਵੇਗਾ।
ਪੰਥਕ ਵੋਟ ਵਿੱਚ ਵੰਡ ਦਾ ਸਿੱਧਾ ਪ੍ਰਭਾਵ ਬਾਕੀ ਪਾਰਟੀਆਂ ’ਤੇ ਪੈ ਸਕਦਾ ਹੈ।
AAP, Congress ਅਤੇ BJP ਲਈ ਵੀ ਵੱਡੀ ਚੁਣੌਤੀ: ਜੇ ਸ਼੍ਰੋਮਣੀ ਅਕਾਲੀ ਦਲ ਅਤੇ ਵਾਰਿਸ ਪੰਜਾਬ ਦੇ ਇੱਕੋ ਹਲਕੇ ਵਿੱਚ ਪੰਥਕ ਵੋਟ ਲਈ ਮੁਕਾਬਲਾ ਕਰਦੇ ਹਨ ਤਾਂ ਇਸ ਦਾ ਲਾਭ ਕਿਸੇ ਤੀਜੇ ਉਮੀਦਵਾਰ ਨੂੰ ਮਿਲ ਸਕਦਾ ਹੈ। ਇਹੀ ਕਾਰਨ ਹੈ ਕਿ 2027 ਵਿੱਚ ਕਈ ਸੀਟਾਂ ’ਤੇ ਵੋਟਾਂ – ਟੁਟਣੀਆਂ ਸਭ ਤੋਂ ਮਹੱਤਵਪੂਰਨ ਸਮੀਕਰਨ ਬਣ ਸਕਦੀ ਹੈ। ਐੱਨਡੀਟੀਵੀ ਦੇ ਜੁਲਾਈ 2026 ਦੇ ਵਿਸ਼ਲੇਸ਼ਣ ਨੇ ਵੀ ਪੰਜਾਬ ਵਿੱਚ ਆਪ , ਕਾਂਗਰਸ , ਐਸ.ਏ.ਡ , ਬੀਜੇਪੀ ਅਤੇ ਅੰਮ੍ਰਿਤਪਾਲ ਸਿੰਘ ‘ਵਾਰਿਸ ਪੰਜਾਬ ਦੇ’ ਦੇ ਮੁਖੀ ਵਿਚਕਾਰ ਬਹੁ-ਧਿਰੀ ਚੋਣੀ ਟੱਕਰਾਂ ਦੀ ਸੰਭਾਵਨਾ ਨੂੰ ਮਹੱਤਵਪੂਰਨ ਕਾਰਕ ਮੰਨਿਆ ਸੀ।
ਇਸ ਦਾ ਮਤਲਬ ਹੈ ਕਿ ਕੋਈ ਵੀ ਪਾਰਟੀ ਸਿਰਫ਼ ਆਪਣੇ ਅਸਲੀ ਵੋਟ ’ਤੇ ਨਿਰਭਰ ਰਹਿ ਕੇ ਹੀ ਸਪਸ਼ਟ ਬਹੁਮਤ ਹਾਸਲ ਕਰੇਗੀ, ਇੱਥੇ ਇਹ ਮੰਨਣਾ ਘਾਤਕ ਹੋ ਸਕਦਾ ਹੈ।
ਅਗਲੀ ਵਿਧਾਨ ਸਭਾ ਚੋਣ ਵਿੱਚ ਪੰਜਾਬੀ ਵੋਟਰ ਸਾਹਮਣੇ ਕਈ ਸਵਾਲ ਹੋਣਗੇ .ਅਸਲ ਮੁਕਾਬਲਾ ਕਿਸ ਗੱਲ ਦਾ ਹੋਵੇਗਾ?:
ਕੀ ਸਰਕਾਰ ਦੀ ਕਾਰਗੁਜ਼ਾਰੀ ਵੋਟ ਦਾ ਮੁੱਖ ਆਧਾਰ ਬਣੇਗੀ?
ਕੀ ਨਸ਼ੇ, ਬੇਰੁਜ਼ਗਾਰੀ ਅਤੇ ਉਦਯੋਗਿਕ ਮੰਦਗਤੀ ਵੱਡਾ ਮੁੱਦਾ ਬਣੇਗੀ?
ਕੀ ਕਿਸਾਨੀ ਅਤੇ ਪਾਣੀ ਦੇ ਮੁੱਦੇ ਦੁਬਾਰਾ ਕੇਂਦਰ ਵਿੱਚ ਆਉਣਗੇ?
ਕੀ ਪੰਥਕ ਸੰਸਥਾਵਾਂ ਅਤੇ ਸਿੱਖ ਪਛਾਣ ਨਾਲ ਜੁੜੇ ਮੁੱਦੇ ਚੋਣੀ ਏਜੰਡੇ ਨੂੰ ਪ੍ਰਭਾਵਿਤ ਕਰਨਗੇ?
ਕੀ ਐਸ.ਏ.ਡ ਆਪਣੀ ਇਤਿਹਾਸਕ ਪੰਥਕ ਭੂਮਿਕਾ ਮੁੜ ਹਾਸਲ ਕਰ ਸਕੇਗਾ?
ਅਤੇ ਸਭ ਤੋਂ ਮਹੱਤਵਪੂਰਨ:
ਕੀ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਜਿੱਤ ਨੂੰ ਵਿਧਾਨ ਸਭਾ ਪੱਧਰ ’ਤੇ ਸੰਗਠਿਤ ਸਿਆਸੀ ਤਾਕਤ ਵਿੱਚ ਬਦਲਿਆ ਜਾ ਸਕੇਗਾ?
ਇਸ ਦਾ ਜਵਾਬ ਅਜੇ ਕਿਸੇ ਸਰਵੇਖਣ ਜਾਂ ਰਾਜਨੀਤਿਕ ਦਾਅਵੇ ਵਿੱਚ ਨਹੀਂ ਹੈ। ਇਸ ਦਾ ਜਵਾਬ ਬੂਥ ਪੱਧਰ ਦੀ ਸੰਗਠਨਾਤਮਕ ਤਾਕਤ, ਉਮੀਦਵਾਰਾਂ ਦੀ ਸਵੀਕਾਰਤਾ, ਪੰਥਕ ਵੋਟ ਦੀ ਵੰਡ, ਗਠਜੋੜਾਂ ਅਤੇ ਆਮ ਪੰਜਾਬੀ ਵੋਟਰ ਦੇ ਰੋਜ਼ਮਰ੍ਹਾ ਦੇ ਮੁੱਦਿਆਂ ਵਿੱਚ ਲੁਕਿਆ ਹੋਇਆ ਹੈ।
ਪੰਥਕ ਸਿਆਸਤ ਵਾਪਸ ਆਈ ਹੈ. ਪਰ ਕੀ ਇਹ ਪਹਿਲਾਂ ਵਾਂਗ ਸੱਤਾ ਦੀ ਦੌੜ ਲਈ ਹੈ ?
ਪੰਜਾਬ ਦੀ ਸਿਆਸਤ ਵਿੱਚ ਪੰਥਕ ਧਾਰਾ ਨੂੰ ਨਜ਼ਰਅੰਦਾਜ਼ ਕਰਨਾ ਹੁਣ ਮੁਸ਼ਕਲ ਹੈ। ਅੰਮ੍ਰਿਤਪਾਲ ਸਿੰਘ ਦੀ 2024 ਦੀ ਲੋਕ ਸਭਾ ਜਿੱਤ, ਵਾਰਿਸ ਪੰਜਾਬ ਦੇ ਦਾ ਸੰਗਠਿਤ ਹੋਣਾ, 2025 ਦੀ ਤਰਨ ਤਾਰਨ ਉਪਚੋਣ ਦਾ ਤਜਰਬਾ, 2026 ਵਿੱਚ ਨਵੇਂ ਉਮੀਦਵਾਰਾਂ ਦੀ ਚੋਣ ਅਤੇ ਐਸ.ਏ.ਡ ਦੇ ਅੰਦਰ ਚੱਲ ਰਹੇ ਸੰਕਟ. ਕੀ ਸੱਚ ਮੱਚ ਇਹ ਸਾਰੇ ਤੱਤ ਮਿਲ ਕੇ 2027 ਦੀ ਚੋਣ ਨੂੰ ਹੋਰ ਬਹੁ-ਪੱਖੀ ਬਣਾ ਰਹੇ ਹਨ।ਪੰਥਕ ਭਾਵਨਾ ਨੂੰ ਚੋਣੀ ਬਹੁਮਤ ਵਿੱਚ ਬਦਲਣਾ ਇੱਕ ਵੱਖਰਾ ਇਮਤਿਹਾਨ ਹੈ।
ਐਸ.ਏ.ਡ ਕੋਲ ਦਹਾਕਿਆਂ ਦਾ ਸੰਗਠਨਾਤਮਕ ਢਾਂਚਾ ਅਤੇ ਇਤਿਹਾਸਕ ਵਿਰਾਸਤ ਹੈ। ਵਾਰਿਸ ਪੰਜਾਬ ਦੇ ਕੋਲ ਨਵੀਂ ਸਿਆਸੀ ਊਰਜਾ, ਨੌਜਵਾਨਾਂ ਵਿੱਚ ਪ੍ਰਭਾਵ ਅਤੇ ਅੰਮ੍ਰਿਤਪਾਲ ਸਿੰਘ ਦਾ 2024 ਵਾਲਾ ਵੱਡਾ ਮੰਡੇਟ ਹੈ। ਦੋਵੇਂ ਧੜਿਆਂ ਦੀ ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਪੰਥਕ ਪਛਾਣ ਨੂੰ ਸਿਰਫ਼ ਭਾਵਨਾਤਮਕ ਮੁੱਦੇ ਤੋਂ ਅੱਗੇ ਲੈ ਜਾ ਕੇ ਰੋਜ਼ਗਾਰ, ਉਦਯੋਗ, ਨਸ਼ਾ ਮੁਕਤੀ, ਕਿਸਾਨੀ, ਪਾਣੀ, ਸਿੱਖਿਆ ਅਤੇ ਪੰਜਾਬ ਦੇ ਆਰਥਿਕ ਭਵਿੱਖ ਲਈ ਇੱਕ ਭਰੋਸੇਯੋਗ “ਸਰਕਾਰ ਦੀਆਂ ਤਰਜੀ” ਵਿੱਚ ਕਿਵੇਂ ਬਦਲਿਆ ਜਾਵੇ। 2027 ਦਾ ਪੰਜਾਬ ਇਹ ਤੈਅ ਕਰੇਗਾ ਕਿ ਪੰਥਕ ਰਾਜਨੀਤੀ ਸਿਰਫ਼ ਵਿਰੋਧ ਦੀ ਆਵਾਜ਼ ਬਣਦੀ ਹੈ ਜਾਂ ਸੱਤਾ ਅਤੇ ਸ਼ਾਸਨ ਦਾ ਵਿਕਲਪ ਵੀ ਬਣ ਸਕਦੀ ਹੈ ਅਤੇ ਸ਼ਾਇਦ ਆਉਣ ਵਾਲਿਆਂ ਚੋਣਾਂ ਵਿੱਚ ਇਕ ਸਵਾਲ ਸਾਰਿਆਂ ਦੇ ਮੰਨਾ ਵਿਚ ਹੋਵੇਗਾ ਕਿ :
ਕੀ ਪੰਜਾਬ ਪੰਥਕ ਰਾਜਨੀਤੀ ਦੀ ਵਾਪਸੀ ਦੇਖੇ ਗਾ, ਕੀ ਪੁਰਾਣੀ ਪੰਥਕ ਸਿਆਸਤ ਦੀ ਥਾਂ ਇੱਕ ਨਵੀਂ ਸਿਆਸੀ ਪੀੜ੍ਹੀ ਜਨਮ ਲਵੇਗੀ ?
ਗੁਰਮੀਤ ਸਿੰਘ ਤੁੰਗ
ਬਿਊਰੋ ਚੀਫ਼
9855221193
