13 ਤੋਂ 16 ਸਾਲ ਦੇ ਪ੍ਰਤਿਭਾਸ਼ਾਲੀ ਨੌਜਵਾਨ ਖਿਡਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ-ਸ੍ਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ, 10 ਜੁਲਾਈ: (ਸੰਜੀਵ ਸ਼ਰਮਾ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜ ਸਰਕਾਰ ਨੇ ਮਿਸ਼ਨ ਓਲੰਪਿਕ-2036 ਦੇ ਟੀਚੇ ਨੂੰ ਧਿਆਨ ਵਿੱਚ ਰੱਖਦਿਆਂ ਖਿਡਾਰੀਆਂ ਨੂੰ ਵਿਸ਼ਵ ਪੱਧਰ ‘ਤੇ ਤਿਆਰ ਕਰਨ ਲਈ ਵੱਡੀ ਯੋਜਨਾ ਬਣਾਈ ਹੈ। ਇਸ ਤਹਿਤ ਪਹਿਲੇ ਪੜਾਅ ਵਿੱਚ 11 ਉੱਚ ਪੱਧਰੀ ਖੇਡ ਕੇਂਦਰ ਵਿਕਸਿਤ ਕੀਤੇ ਜਾਣਗੇ, ਜਿਨ੍ਹਾਂ ਲਈ ਲਗਭਗ 800 ਕਰੋੜ ਰੁਪਏ ਦੇ ਬਜਟ ਦਾ ਪ੍ਰਾਵਧਾਨ ਕੀਤਾ ਗਿਆ ਹੈ।
ਮੁੱਖ ਮੰਤਰੀ ਮਿਸ਼ਨ ਓਲੰਪਿਕ-2036 ਸਬੰਧੀ ਆਯੋਜਿਤ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ ਖੇਡ ਰਾਜ ਮੰਤਰੀ ਗੌਰਵ ਗੌਤਮ ਵੀ ਹਾਜ਼ਰ ਸਨ।
ਮੁੱਖ ਮੰਤਰੀ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਸਪੋਰਟਸ ਯੂਨੀਵਰਸਿਟੀ ਰਾਏ, ਸਟੇਟ ਸਪੋਰਟਸ ਕੰਪਲੈਕਸ ਪਲਵਲ, ਟੀ.ਡੀ.ਐਲ. ਸਪੋਰਟਸ ਕੰਪਲੈਕਸ ਪੰਚਕੂਲਾ, ਅੰਬਾਲਾ, ਕੁਰੂਕਸ਼ੇਤਰ ਅਤੇ ਕਰਨਾਲ, ਜੀਂਦ, ਗੋਹਾਨਾ ਅਤੇ ਯਮੁਨਾਨਗਰ ਦੀਆਂ ਨਿੱਜੀ ਖੇਡ ਅਕੈਡਮੀਆਂ ਨੂੰ ਵੀ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ 13 ਤੋਂ 16 ਸਾਲ ਦੇ ਪ੍ਰਤਿਭਾਸ਼ਾਲੀ ਨੌਜਵਾਨ ਖਿਡਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਓਲੰਪਿਕ-2036 ਟੈਲੇਂਟ ਮਿਸ਼ਨ ਤਹਿਤ ਸਪੋਰਟਸ ਯੂਨੀਵਰਸਿਟੀ ਰਾਏ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ, ਜਿਸ ਦੀ ਨਿਗਰਾਨੀ ਖੇਡ ਰਾਜ ਮੰਤਰੀ ਗੌਰਵ ਗੌਤਮ ਕਰਨਗੇ।
ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਕੇਂਦਰਾਂ ਵਿੱਚ 1,200 ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ਲਈ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਏਸ਼ੀਆਈ ਖੇਡਾਂ-2028 ਨੂੰ ਧਿਆਨ ਵਿੱਚ ਰੱਖਦਿਆਂ ਵੀ ਖਿਡਾਰੀਆਂ ਨੂੰ ਉੱਚ ਪੱਧਰੀ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਹਰਿਆਣਾ ਦੇ ਵੱਧ ਤੋਂ ਵੱਧ ਖਿਡਾਰੀ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।
ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦੀ ਸਿਖਲਾਈ ਲਈ ਓਲੰਪਿਕ ਤਗ਼ਮਾ ਜੇਤੂ ਕੋਚਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਤੋਂ ਇਲਾਵਾ ਰਾਜ ਵਿੱਚ 23 ਹੋਰ ਖੇਡ ਕੇਂਦਰ ਵੀ ਵਿਕਸਿਤ ਕੀਤੇ ਜਾਣਗੇ, ਜਿੱਥੇ ਖਿਡਾਰੀਆਂ ਲਈ ਰਹਿਣ, ਖਾਣ-ਪੀਣ ਅਤੇ ਆਧੁਨਿਕ ਸਿਖਲਾਈ ਦੀਆਂ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਪ੍ਰਧਾਨ ਸਕੱਤਰ ਅਰੁਣ ਗੁਪਤਾ, ਕਮਿਸ਼ਨਰ ਅਤੇ ਸਕੱਤਰ ਸੀ.ਜੀ. ਰਜਨੀਕਾਂਥਨ, ਉਪ-ਪ੍ਰਧਾਨ ਸਕੱਤਰ ਡਾ. ਯਸ਼ਪਾਲ, ਅਜੇ ਕੁਮਾਰ, ਕੈਪਟਨ ਮਨੋਜ ਕੁਮਾਰ, ਨਿਰਦੇਸ਼ਕ ਪਾਰਥ ਗੁਪਤਾ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।








