ਨਵੀਂ ਦਿੱਲੀ, 19 ਸਤੰਬਰ 2026 (ਸ਼ਹੀਦੀ-ਏ-ਆਜ਼ਮ ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੀ ਯੁਵਾ ਸ਼ਕਤੀ ਦੇਸ਼ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਸਟਾਰਟਅਪ ਇਕੋਸਿਸਟਮ ਵਿੱਚ ਸਪਸ਼ਟ ਤੌਰ ’ਤੇ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਸਟਾਰਟਅਪ ਕਹਾਣੀ ਹੁਣ ਸਿਰਫ਼ ਵੱਡੇ ਸ਼ਹਿਰਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਛੋਟੇ ਸ਼ਹਿਰਾਂ ਅਤੇ ਕਸਬਿਆਂ ਦੇ ਨੌਜਵਾਨ ਵੀ ਨਵੀਂ ਅਰਥਵਿਵਸਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਪੀਐਮ ਮੋਦੀ ਨੇ ਇਹ ਗੱਲ 20ਵੇਂ ਰੋਜ਼ਗਾਰ ਮੇਲੇ ਦੌਰਾਨ ਕਹੀ, ਜਿੱਥੇ ਉਨ੍ਹਾਂ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਇਹ ਰੋਜ਼ਗਾਰ ਮੇਲਾ ਦੇਸ਼ ਭਰ ਦੇ 45 ਸਥਾਨਾਂ ’ਤੇ ਆਯੋਜਿਤ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅਪ ਇਕੋਸਿਸਟਮ ਹੈ ਅਤੇ ਲਗਭਗ ਅੱਧੇ ਮਾਨਤਾ ਪ੍ਰਾਪਤ ਸਟਾਰਟਅਪ ਹੁਣ ਟਾਇਰ -2 ਅਤੇ ਟਾਇਰ -3 ਸ਼ਹਿਰਾਂ ਵਿੱਚ ਸਥਿਤ ਹਨ। ਉਨ੍ਹਾਂ ਮੁਤਾਬਕ ਇਹ ਤਬਦੀਲੀ ਦਰਸਾਉਂਦੀ ਹੈ ਕਿ ਪਿੰਡਾਂ, ਕਸਬਿਆਂ ਅਤੇ ਛੋਟੇ ਸ਼ਹਿਰਾਂ ਦੇ ਨੌਜਵਾਨ ਵੀ ਨਵੀਨਤਾ ਅਤੇ ਉਦਯਮਿਤਾ ਵਿੱਚ ਅੱਗੇ ਆ ਰਹੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਸਟਾਰਟਅੱਪ ਇੰਡੀਆ ਦੀ ਸ਼ੁਰੂਆਤ ਤੋਂ ਬਾਅਦ ਡੀਪੀਆਈਆਈਟੀ ਵੱਲੋਂ ਮਾਨਤਾ ਪ੍ਰਾਪਤ ਸਟਾਰਟਅਪਾਂ ਦੀ ਗਿਣਤੀ 2 ਲੱਖ ਤੋਂ ਪਾਰ ਹੋ ਚੁੱਕੀ ਹੈ। ਜੂਨ 2026 ਵਿੱਚ ਵਿਗਿਆਨ ਤੇ ਤਕਨਾਲੋਜੀ ਮੰਤਰਾਲੇ ਨੇ ਕਿਹਾ ਸੀ ਕਿ ਭਾਰਤ ਵਿੱਚ 2.3 ਲੱਖ ਦੇ ਕਰੀਬ ਸਟਾਰਟਅਪ ਅਤੇ ਲਗਭਗ 24–25 ਲੱਖ ਰੋਜ਼ਗਾਰ ਪੈਦਾ ਹੋਏ ਹਨ।
ਇਸੇ ਦਿਸ਼ਾ ਵਿੱਚ ਕੇਂਦਰ ਸਰਕਾਰ ਨੇ ਫਰਵਰੀ 2026 ਵਿੱਚ ਸਟਾਰਟਅੱਪ ਇੰਡੀਆ ਫੰਡ ਆਫ ਫੰਡਸ 2.0 ਲਈ ₹10,000 ਕਰੋੜ ਦੇ ਕੋਰਪਸ ਨੂੰ ਮਨਜ਼ੂਰੀ ਦਿੱਤੀ ਸੀ। ਇਸ ਦਾ ਉਦੇਸ਼ ਡੀਪ-ਟੈਕ, ਤਕਨਾਲੋਜੀ ਆਧਾਰਿਤ ਮੈਨੂਫੈਕਚਰਿੰਗ ਅਤੇ ਸ਼ੁਰੂਆਤੀ ਵਿਕਾਸ ਪੜਾਅ ਵਾਲੇ ਸਟਾਰਟਅਪਾਂ ਲਈ ਵੈਂਚਰ ਕੈਪੀਟਲ ਉਪਲਬਧ ਕਰਵਾਉਣਾ ਹੈ। ਪੀਐਮ ਮੋਦੀ ਨੇ ਨੌਜਵਾਨਾਂ ਦੀ ਭੂਮਿਕਾ ਨੂੰ ਸਿਰਫ਼ ਸਟਾਰਟਅਪ ਤੱਕ ਸੀਮਿਤ ਨਾ ਦੱਸਦਿਆਂ ਵਿਗਿਆਨ, ਤਕਨਾਲੋਜੀ, ਸੈਮੀਕੰਡਕਟਰ, ਨਿਰਮਾਣ, ਡਰੋਨ ਅਤੇ ਹੋਰ ਉਭਰਦੇ ਖੇਤਰਾਂ ਵਿੱਚ ਵੀ ਉਨ੍ਹਾਂ ਦੀ ਵਧ ਰਹੀ ਭਾਗੀਦਾਰੀ ਨੂੰ ਰੇਖਾਂਕਿਤ ਕੀਤਾ।
